‘ਬਿੱਗ ਬੌਸ 20’ ਵਿੱਚ ਆਸਿਫ਼ ਖ਼ਾਨ ਅਤੇ ਲਵ ਗਿੱਲ ਦੀ ਇੱਕ ਵਾਇਰਲ ਹੋਈ ਵੀਡੀਓ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਚੱਲ ਰਹੀ ਚਰਚਾ ਦਰਮਿਆਨ ਅਦਾਕਾਰ ਦੀ ਪਤਨੀ ਜ਼ੇਬਾ ਨੇ ਪ੍ਰਤੀਕਿਰਿਆ ਦਿੱਤੀ ਹੈ। ਵਾਇਰਲ ਕਲਿੱਪ ਦੇ ਆਧਾਰ ’ਤੇ ਆਸਿਫ਼ ਦੇ ਵਿਆਹ ਅਤੇ ਉਨ੍ਹਾਂ ਦੀਆਂ ਨਿੱਜੀ ਹੱਦਾਂ ’ਤੇ ਸਵਾਲ ਉਠਾਉਣ ਵਾਲਿਆਂ ਨੂੰ ਜ਼ੇਬਾ ਨੇ ਕਿਹਾ ਹੈ ਕਿ ਸੋਸ਼ਲ ਮੀਡੀਆ ਦੀ ਛੋਟੀ ਕਲਿੱਪ ਦੇ ਆਧਾਰ ’ਤੇ ਕਿਸੇ ਦੀ ਜ਼ਿੰਦਗੀ ਜਾਂ ਰਿਸ਼ਤੇ ਬਾਰੇ ਰਾਇ ਨਹੀਂ ਬਣਾਉਣੀ ਚਾਹੀਦੀ।

ਜ਼ੇਬਾ ਨੇ ਸੋਸ਼ਲ ਮੀਡੀਆ ’ਤੇ ਜਾਰੀ ਬਿਆਨ ਵਿੱਚ ਕਿਹਾ ਕਿ ਲੋਕ ‘ਬਿੱਗ ਬੌਸ’ ਦੀ 24 ਘੰਟੇ ਦੀ ਲਾਈਵ ਫੀਡ ਦੇਖਣ ਅਤੇ ਕਿਸੇ ਵਾਇਰਲ ਕਲਿੱਪ ਦੇ ਆਧਾਰ ’ਤੇ ਕਹਾਣੀਆਂ ਨਾ ਬਣਾਉਣ। ਉਨ੍ਹਾਂ ਮੁਤਾਬਕ ਆਸਿਫ਼ ਘਰ ਦੇ ਅੰਦਰ ਉਨ੍ਹਾਂ ਅਤੇ ਆਪਣੇ ਰਿਸ਼ਤੇ ਬਾਰੇ ਕਈ ਵਾਰ ਗੱਲ ਕਰਦੇ ਹਨ, ਜਦਕਿ ਕੁਝ ਸਕਿੰਟਾਂ ਦੀ ਕਲਿੱਪ ਤੋਂ ਉਨ੍ਹਾਂ ਦੀ ਪੂਰੀ ਸ਼ਖ਼ਸੀਅਤ ਨੂੰ ਸਮਝਣਾ ਸੰਭਵ ਨਹੀਂ।

‘ਸਾਡਾ ਰਿਸ਼ਤਾ ਸੁਰੱਖਿਅਤ ਹੈ’ ਜ਼ੇਬਾ ਨੇ ਕਿਹਾ ਕਿ ਉਹ ਅਤੇ ਆਸਿਫ਼ ਇੱਕ-ਦੂਜੇ ਨੂੰ ਚੰਗੀ ਤਰ੍ਹਾਂ ਸਮਝਦੇ ਹਨ ਅਤੇ ਉਨ੍ਹਾਂ ਦਾ ਰਿਸ਼ਤਾ ਪੂਰੀ ਤਰ੍ਹਾਂ ਸੁਰੱਖਿਅਤ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ‘ਬਿੱਗ ਬੌਸ’ ਦੇ ਘਰ ਵਿੱਚ ਹਰ ਪ੍ਰਤੀਯੋਗੀ ਆਪਣੀ ਗੇਮ ਖੇਡ ਰਿਹਾ ਹੈ ਅਤੇ ਕਿਸੇ ਦੀ ਗੇਮ ਦੇ ਆਧਾਰ ’ਤੇ ਉਸ ਦੇ ਕਿਰਦਾਰ ਜਾਂ ਵਿਆਹ ਨੂੰ ਜੱਜ ਨਹੀਂ ਕਰਨਾ ਚਾਹੀਦਾ।

ਉਨ੍ਹਾਂ ਅੱਗੇ ਕਿਹਾ ਕਿ ਦਰਸ਼ਕਾਂ ਨੂੰ ਆਸਿਫ਼ ਦੀ ‘ਬਿੱਗ ਬੌਸ’ ਯਾਤਰਾ ਅਤੇ ਉਨ੍ਹਾਂ ਦੀ ਅਸਲ ਸ਼ਖ਼ਸੀਅਤ ’ਤੇ ਧਿਆਨ ਦੇਣਾ ਚਾਹੀਦਾ ਹੈ। ਜ਼ੇਬਾ ਮੁਤਾਬਕ ਸੋਸ਼ਲ ਮੀਡੀਆ ਦੀਆਂ ਕੁਝ ਕਲਿੱਪਾਂ ਕਹਾਣੀ ਜ਼ਰੂਰ ਬਣਾ ਸਕਦੀਆਂ ਹਨ, ਪਰ ਉਹ ਕਿਸੇ ਦੀ ਅਸਲ ਜ਼ਿੰਦਗੀ ਦੀ ਹਕੀਕਤ ਨਹੀਂ ਬਦਲ ਸਕਦੀਆਂ।

ਸਲਮਾਨ ਖ਼ਾਨ ਨੇ ਵੀ ਆਸਿਫ਼ ਨੂੰ ਦਿੱਤੀ ਸੀ ਨਸੀਹਤ ਇਸ ਤੋਂ ਪਹਿਲਾਂ ‘ਵੀਕੈਂਡ ਕਾ ਵਾਰ’ ਦੌਰਾਨ ਸਲਮਾਨ ਖ਼ਾਨ ਨੇ ਘਰ ਵਿੱਚ ਆਸਿਫ਼ ਦੇ ਵਿਵਹਾਰ ਨੂੰ ਲੈ ਕੇ ਉਨ੍ਹਾਂ ਨੂੰ ਟੋਕਿਆ ਸੀ। ਗਾਲੀ-ਗਲੋਚ ਅਤੇ ਘਰ ਵਿੱਚ ਹੋਈਆਂ ਕੁਝ ਤਕਰਾਰਾਂ ਦਾ ਹਵਾਲਾ ਦਿੰਦਿਆਂ ਸਲਮਾਨ ਨੇ ਉਨ੍ਹਾਂ ਨੂੰ ‘ਬਿੱਗ ਬੌਸ’ ਦੇ ਘਰ ਦਾ ਸਭ ਤੋਂ ਬਦਤਮੀਜ਼ ਪ੍ਰਤੀਯੋਗੀ ਵੀ ਕਿਹਾ ਸੀ। ਇਸ ਤੋਂ ਬਾਅਦ ਆਸਿਫ਼ ਭਾਵੁਕ ਨਜ਼ਰ ਆਏ ਸਨ।