ਅਦਾਕਾਰ ਵਿਜੇ ਦੇਵਰਕੋਂਡਾ ਅਤੇ ਰਸ਼ਮਿਕਾ ਮੰਦਾਨਾ ਆਪਣੇ ਰਿਸ਼ਤੇ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਚਰਚਾ ਵਿੱਚ ਹਨ। ‘ਕੌਫੀ ਵਿਦ ਕਰਨ’ ਦੇ ਸੀਜ਼ਨ 9 ਵਿੱਚ ਹੋਈ ਗੱਲਬਾਤ ਤੋਂ ਬਾਅਦ ਵਿਜੇ ਦੇ ਵਿਹਾਰ ਨੂੰ ਲੈ ਕੇ ਕਈ ਯੂਜ਼ਰਾਂ ਨੇ ਸਵਾਲ ਉਠਾਏ ਅਤੇ ਉਨ੍ਹਾਂ ਨੂੰ ‘ਰੇਡ ਫਲੈਗ’ ਤੱਕ ਕਿਹਾ। ਹੁਣ ਦੋਵਾਂ ਨੇ ਇਸ ਵਿਵਾਦ ’ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ ਅਤੇ ਆਪਣੇ ਰਿਸ਼ਤੇ ਬਾਰੇ ਗੱਲ ਕੀਤੀ ਹੈ।

ਵਿਜੇ ਦੇਵਰਕੋਂਡਾ ਨੇ ਆਪਣੇ ਬਿਆਨ ਵਿੱਚ ਰਸ਼ਮਿਕਾ ਨੂੰ ਆਪਣੀ ਸਭ ਤੋਂ ਚੰਗੀ ਦੋਸਤ, ਜੀਵਨ ਸਾਥਣ ਅਤੇ ਜ਼ਿੰਦਗੀ ਦਾ ਖ਼ੂਬਸੂਰਤ ਹਿੱਸਾ ਦੱਸਿਆ। ਉਨ੍ਹਾਂ ਕਿਹਾ ਕਿ ਉਹ ਦੋਵੇਂ ਆਪਣੇ ਰਿਸ਼ਤੇ ਵਿੱਚ ਬਹੁਤ ਖੁਸ਼ ਹਨ ਅਤੇ ਉਨ੍ਹਾਂ ਨੂੰ ਆਪਣੇ ਫ਼ੈਸਲੇ ’ਤੇ ਪੂਰਾ ਭਰੋਸਾ ਹੈ। ਵਿਜੇ ਨੇ ਇਹ ਵੀ ਕਿਹਾ ਕਿ ਦੂਜਿਆਂ ਦੀਆਂ ਆਲੋਚਨਾਵਾਂ ਉਨ੍ਹਾਂ ਦੇ ਰਿਸ਼ਤੇ ਨੂੰ ਪ੍ਰਭਾਵਿਤ ਨਹੀਂ ਕਰਦੀਆਂ। ਉਨ੍ਹਾਂ ਨੇ ਪਿਆਰ ਅਤੇ ਖੁਸ਼ੀ ਨਾਲ ਜ਼ਿੰਦਗੀ ਜਿਊਣ ਵਾਲੇ ਲੋਕਾਂ ਦਾ ਧੰਨਵਾਦ ਵੀ ਕੀਤਾ।

ਦੂਜੇ ਪਾਸੇ, ਰਸ਼ਮਿਕਾ ਮੰਦਾਨਾ ਨੇ ਸੋਸ਼ਲ ਮੀਡੀਆ ’ਤੇ ਇੱਕ ਲੰਮੀ ਪੋਸਟ ਸਾਂਝੀ ਕਰਦਿਆਂ ਕਿਹਾ ਕਿ ਉਹ ਆਮ ਤੌਰ ’ਤੇ ਅਜਿਹੇ ਵਿਵਾਦਾਂ ’ਤੇ ਪ੍ਰਤੀਕਿਰਿਆ ਨਹੀਂ ਦਿੰਦੀ, ਕਿਉਂਕਿ ਹਰ ਵਿਅਕਤੀ ਨੂੰ ਆਪਣੀ ਰਾਏ ਰੱਖਣ ਦਾ ਅਧਿਕਾਰ ਹੈ। ਹਾਲਾਂਕਿ, ਉਨ੍ਹਾਂ ਮੁਤਾਬਕ ਇਸ ਵਾਰ ਇੰਟਰਵਿਊ ਨੂੰ ਲੈ ਕੇ ਬਣਿਆ ਮਾਹੌਲ ਵੱਖ-ਵੱਖ ਵਿਚਾਰਾਂ ਦੀ ਬਜਾਏ ਕਿਸੇ ਨੂੰ ਨਿਸ਼ਾਨਾ ਬਣਾਉਣ ਅਤੇ ਗੁੱਸਾ ਕੱਢਣ ਵਰਗਾ ਲੱਗ ਰਿਹਾ ਹੈ।

ਰਸ਼ਮਿਕਾ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਅਤੇ ਵਿਜੇ ਵਿਚਕਾਰ ਰਿਸ਼ਤੇ ਨੂੰ ਲੈ ਕੇ ਹੋਈ ਗੱਲਬਾਤ ਕਿਸੇ ਵੱਡੇ ਪ੍ਰਪੋਜ਼ਲ ਜਾਂ ਇੱਕ ਸਾਲ ਦੀ ਸਮਾਂ-ਸੀਮਾ ਬਾਰੇ ਨਹੀਂ ਸੀ। ਉਨ੍ਹਾਂ ਦੱਸਿਆ ਕਿ ਦੋਵੇਂ ਇਹ ਯਕੀਨੀ ਬਣਾਉਣਾ ਚਾਹੁੰਦੇ ਸਨ ਕਿ ਜ਼ਿੰਦਗੀ ਦੀਆਂ ਖੁਸ਼ੀਆਂ ਅਤੇ ਮੁਸ਼ਕਲਾਂ ਵਿੱਚ ਇੱਕ-ਦੂਜੇ ਦਾ ਸਾਥ ਦੇਣਾ ਚਾਹੁੰਦੇ ਹਨ ਜਾਂ ਨਹੀਂ। ਇਸ ਤੋਂ ਬਾਅਦ ਦੋਵਾਂ ਨੇ ਇੱਕ-ਦੂਜੇ ਨੂੰ ਚੁਣਿਆ।

ਵਿਜੇ ਨੂੰ ਵਿਆਹ ਲਈ 100 ਵਾਰ ਪੁੱਛਣ ਸਬੰਧੀ ਆਪਣੇ ਬਿਆਨ ਬਾਰੇ ਰਸ਼ਮਿਕਾ ਨੇ ਕਿਹਾ ਕਿ ਜੇਕਰ ਉਹ ਪਿਆਰ ਵਿੱਚ ਡੁੱਬੀ ਹੋਈ ਹੈ ਤਾਂ ਇਸ ਵਿੱਚ ਗਲਤ ਕੀ ਹੈ। ਉਨ੍ਹਾਂ ਕਿਹਾ ਕਿ ਉਹ ਆਪਣੇ ਪਿਆਰ ਲਈ 100 ਹੀ ਨਹੀਂ, ਸਗੋਂ 1,000 ਵਾਰ ਵੀ ਅਜਿਹਾ ਕਰ ਸਕਦੀ ਹੈ।

ਜ਼ਿਕਰਯੋਗ ਹੈ ਕਿ ‘ਕੌਫੀ ਵਿਦ ਕਰਨ’ ਵਿੱਚ ਹੋਈ ਗੱਲਬਾਤ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਵਿਜੇ ਦੇ ਰਵੱਈਏ ਅਤੇ ਰਿਸ਼ਤੇ ਬਾਰੇ ਉਨ੍ਹਾਂ ਦੇ ਵਿਚਾਰਾਂ ਦੀ ਆਲੋਚਨਾ ਹੋਈ ਸੀ। ਕੁਝ ਯੂਜ਼ਰਾਂ ਨੇ ਉਨ੍ਹਾਂ ਨੂੰ ‘ਰੇਡ ਫਲੈਗ’ ਕਿਹਾ, ਜਦਕਿ ਕੁਝ ਨੇ ਰਸ਼ਮਿਕਾ ਨੂੰ ਰਿਸ਼ਤੇ ਬਾਰੇ ਮੁੜ ਵਿਚਾਰ ਕਰਨ ਦੀ ਸਲਾਹ ਦਿੱਤੀ। ਇਸ ਮਾਮਲੇ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਕਈ ਵੀਡੀਓਜ਼ ਅਤੇ ਮੀਮਜ਼ ਵੀ ਵਾਇਰਲ ਹੋਏ। ਹੁਣ ਦੋਵਾਂ ਦੇ ਬਿਆਨਾਂ ਨੇ ਇਸ ਵਿਵਾਦ ਨੂੰ ਮੁੜ ਚਰਚਾ ਵਿੱਚ ਲਿਆ ਦਿੱਤਾ ਹੈ।