ਆਮ ਆਦਮੀ ਪਾਰਟੀ (AAP) ਦੇ ਰਾਸ਼ਟਰੀ ਕਨਵੀਨਰ ਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਯਮੁਨਾ ਦੇ ਜ਼ਹਿਰੀਲੇ ਪਾਣੀ ਦੇ ਮੁੱਦੇ 'ਤੇ ਚੋਣ ਕਮਿਸ਼ਨ ਕੋਲ ਗਏ। ਕੇਜਰੀਵਾਲ ਨੇ ਯਮੁਨਾ ਵਿਚ ਜ਼ਹਿਰੀਲਾ ਪਾਣੀ ਆਉਣ ਦੇ ਮੁੱਦੇ 'ਤੇ ਚੋਣ ਕਮਿਸ਼ਨ ਨੂੰ ਜਵਾਬ ਦਿੱਤਾ। ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਵੀ ਕੇਜਰੀਵਾਲ ਨਾਲ ਮੌਜੂਦ ਸਨ।ਯਮੁਨਾ ਦੇ ਪਾਣੀ ਵਿਵਾਦ 'ਤੇ 'ਆਪ' ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ, ‘ਆਤਿਸ਼ੀ ਅਤੇ ਭਗਵੰਤ ਮਾਨ ਨੇ ਚੋਣ ਕਮਿਸ਼ਨ ਨੂੰ ਪੱਤਰ ਲਿਖ ਕੇ ਇਹ ਮੁੱਦਾ ਉਠਾਇਆ ਤੇ ਉਨ੍ਹਾਂ ਨੂੰ ਦਖਲ ਦੇਣ ਲਈ ਕਿਹਾ ਪਰ ਚੋਣ ਕਮਿਸ਼ਨ ਨੇ ਕੋਈ ਕਾਰਵਾਈ ਨਹੀਂ ਕੀਤੀ।’

ਕੇਜਰੀਵਾਲ ਨੇ ਕਿਹਾ ਕਿ ਚੋਣ ਕਮਿਸ਼ਨ ਵੱਲੋਂ ਕਾਰਵਾਈ ਕਰਨ ਦੀ ਬਜਾਏ ਮੈਨੂੰ ਆਪਣੀ ਆਵਾਜ਼ ਚੁੱਕਣ ਲਈ ਨੋਟਿਸ ਦਿੱਤਾ ਗਿਆ। ਮੈਂ ਦਿੱਲੀ ਵਿਚ ਪਾਣੀ ਦੇ ਸੰਕਟ ਨੂੰ ਹੋਣ ਤੋਂ ਰੋਕਿਆ। ਉਨ੍ਹਾਂ ਕਿਹਾ ਕਿ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਜ਼ਹਿਰੀਲਾ ਪਾਣੀ ਭੇਜ ਕੇ ਦਿੱਲੀ ਵਿਚਪਾਣੀ ਸੰਕਟ ਪੈਦਾ ਕਰਨ ਦੀ ਕੋਸ਼ਿਸ਼ ਕਰ ਕੇ ਅਪਰਾਧ ਕੀਤਾ ਹੈ। ਉਨ੍ਹਾਂ ਵਿਰੁੱਧ ਐੱਫਆਈਆਰ ਦਰਜ ਹੋਣੀ ਚਾਹੀਦੀ ਹੈ। ਜੇ ਚੋਣ ਕਮਿਸ਼ਨ ਕਾਰਵਾਈ ਨਹੀਂ ਕਰਦਾ ਤਾਂ ਇਹ ਕਦਮ ਵਿਨਾਸ਼ਕਾਰੀ ਸਾਬਿਤ ਹੋਵੇਗਾ, ਖ਼ਾਸ ਕਰਕੇ ਚੋਣਾਂ ਦੌਰਾਨ। ਭਾਵੇਂ ਅਸੀਂ ਅਪਾਇੰਟਮੈਂਟ ਨਹੀਂ ਲਈ ਪਰ ਚੋਣ ਕਮਿਸ਼ਨ ਕੋਲ ਜਾ ਰਹੇ ਹਾਂ। ਅਸੀਂ ਉਨ੍ਹਾਂ ਨੂੰ ਯਮੁਨਾ ਦੇ ਪਾਣੀ ਦੀਆਂ ਤਿੰਨ ਬੋਤਲਾਂ ਸੌਂਪ ਰਹੇ ਹਾਂ, ਜਿਸ ਵਿੱਚ 7 ਪੀਪੀਐੱਮ ਅਮੋਨੀਆ ਹੈ। ਅਸੀਂ ਉਨ੍ਹਾਂ ਨੂੰ ਦੇਸ਼ ਦੇ ਸਾਹਮਣੇ ਉਸ ਪਾਣੀ ਨੂੰ ਪੀਣ ਦੀ ਚੁਣੌਤੀ ਦਿੰਦੇ ਹਾਂ ...।’ ਜ਼ਿਕਰਯੋਗ ਹੈ ਕਿ ਪਿਛਲੇ ਕਈ ਦਿਨਾਂ ਤੋਂ ਯਮੁਨਾ ਦੇ ਪਾਣੀ ਨੂੰ ਲੈ ਕੇ ਆਮ ਆਦਮੀ ਪਾਰਟੀ ਤੇ ਭਾਰਤੀ ਜਨਤਾ ਪਾਰਟੀ ਵਿਚਾਲੇ ਦੋਸ਼ਾਂ ਅਤੇ ਜਵਾਬੀ ਦੋਸ਼ਾਂ ਦੀ ਲੜੀ ਤੇਜ਼ ਹੋ ਗਈ ਹੈ। ਦੋਵੇਂ ਧਿਰਾਂ ਇੱਕ ਦੂਜੇ 'ਤੇ ਤਿੱਖੇ ਹਮਲੇ ਕਰ ਰਹੀਆਂ ਹਨ।