ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਪੁੱਛਿਆ ਹੈ ਕਿ ਉਹ ਦੱਸਣ ਕਿ ਅਸਲ ਵਿਚ ਪੰਜਾਬ 'ਚ ਸਰਕਾਰ ਭਗਵੰਤ ਮਾਨ ਚਲਾ ਰਹੇ ਹਨ ਜਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ। ਵੜਿੰਗ ਨੇ ਕਿਹਾ ਕਿ ਕਾਂਗਰਸ ਹਮੇਸ਼ਾ ਮੰਨਦੀ ਆਈ ਹੈ ਕਿ ਆਮ ਆਦਮੀ ਪਾਰਟੀ ਭਾਜਪਾ ਦੀ ਬੀ-ਟੀਮ ਹੈ ਤੇ ਇਸ ਦਾ ਸਬੂਤ ਉਸ ਸਮੇਂ ਮਿਲਿਆ ਜਦੋਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੰਸਦ 'ਚ ਦਾਅਵਾ ਕੀਤਾ ਕਿ ਕੇਂਦਰ ਸਰਕਾਰ ਨੇ ਅੰਮ੍ਰਿਤਪਾਲ ਸਿੰਘ, ਜੋ ਹੁਣ ਇਕ ਸੰਸਦ ਮੈਂਬਰ ਹਨ, ਨੂੰ ਗ੍ਰਿਫ਼ਤਾਰ ਕੀਤਾ ਤੇ ਉਨ੍ਹਾਂ ਦੇ ਸਾਥੀਆਂ ਨਾਲ ਡਿਬਰੂਗੜ੍ਹ ਜੇਲ੍ਹ ਭੇਜਿਆ।

ਵੜਿੰਗ ਨੇ ਪੰਜਾਬ ਸਰਕਾਰ 'ਤੇ ਤਨਜ਼ ਕੱਸਦਿਆਂ ਕਿਹਾ ਕਿ ਸਾਨੂੰ ਲੱਗਿਆ ਕਿ ਇਹ ਪੰਜਾਬ ਪੁਲਿਸ ਨੇ ਕੀਤਾ ਹੈ। ਹੁਣ ਸਾਨੂੰ ਪਤਾ ਲੱਗਾ ਕਿ ਕਿਸਦੇ ਹੁਕਮ 'ਤੇ। ਵੜਿੰਗ ਨੇ ਕਿਹਾ ਕਿ ਪੰਜਾਬ ਦੇ ਲੋਕ ਪਹਿਲਾਂ ਹੀ ਜਾਣਦੇ ਸਨ ਕਿ ਮੁੱਖ ਮੰਤਰੀ ਮਾਨ ਕੇਂਦਰੀ ਗ੍ਰਹਿ ਮੰਤਰੀ ਦੇ ਹੁਕਮਾਂ ਦੀ ਪਾਲਣਾ ਕਰ ਰਹੇ ਹਨ। ਮਾਨ ਕੋਲ ਰਾਜ ਦਾ ਗ੍ਰਹਿ ਵਿਭਾਗ ਵੀ ਹੈ, ਉਨ੍ਹਾਂ ਨੂੰ ਅਮਿਤ ਸ਼ਾਹ ਦੇ ਬਿਆਨ ਦਾ ਖੰਡਨ ਕਰਨਾ ਚਾਹੀਦਾ ਸੀ।

ਇਸ ਤੋਂ ਪਹਿਲਾਂ ਵੀ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ 'ਤੇ ਤਿੱਖਾ ਵਾਰ ਕੀਤਾ ਸੀ। ਉਨ੍ਹਾਂ ਕਿਹਾ ਕਿ ਉਹ ਕੇਜਰੀਵਾਲ ਲਈ ਰਾਜ ਸਭਾ ਸੀਟ ਖਾਲੀ ਕਰਵਾਉਣ ਲਈ ਲੁਧਿਆਣਾ ਦੀਆਂ ਗਲੀਆਂ 'ਚ ਘੁੰਮ ਰਹੇ ਹਨ।