ਡਿਪਟੀ ਕਮਿਸ਼ਨਰ ਵਿਰਾਜ ਐਸ. ਤਿੜਕੇ ਜੀ ਦੇ ਦਿਸ਼ਾ-ਨਿਰਦੇਸ਼ਾਂ ਅਧੀਨ, ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਹਰਪ੍ਰੀਤ ਕੌਰ ਸੰਧੂ ਦੀ ਅਗਵਾਈ ਹੇਠ ਇਸ ਹਫ਼ਤੇ ਦੌਰਾਨ ਮਲੇਰਕੋਟਲਾ ਦੇ ਵੱਖ-ਵੱਖ ਸਕੂਲਾਂ ਵਿੱਚ ਸੇਫ ਸਕੂਲ ਵਾਹਨ ਪਾਲਿਸੀ ਤਹਿਤ ਸਕੂਲੀ ਬੱਸਾਂ ਦੀ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਗਈ।
ਜ਼ਿਲ੍ਹਾ ਪੱਧਰੀ ਟੀਮ ਵੱਲੋਂ ਸੋਮਵਾਰ ਤੋਂ ਵੀਰਵਾਰ ਤੱਕ ਕਰੀਬ 105 ਸਕੂਲ ਬੱਸਾਂ ਦੀ ਜਾਂਚ ਕੀਤੀ ਗਈ, ਜਿਨ੍ਹਾਂ ਵਿੱਚੋਂ 18 ਬੱਸਾਂ ਦੇ ਚਲਾਨ ਜਾਰੀ ਕੀਤੇ ਗਏ। ਚਲਾਨ ਮੁੱਖ ਤੌਰ ‘ਤੇ ਫਸਟ ਐਡ ਬਾਕਸ, ਅੱਗ ਬੁਝਾਊ ਯੰਤਰ, ਵਾਹਨ ਟੈਕਸ ਤੇ ਨੰਬਰ ਪਲੇਟ ਆਦਿ ਵਿੱਚ ਕਮੀਆਂ ਕਾਰਨ ਕੀਤੇ ਗਏ। ਚੈਕਿੰਗ ਦੌਰਾਨ ਸਕੂਲ ਪ੍ਰਬੰਧਕਾਂ ਅਤੇ ਡਰਾਈਵਰਾਂ ਨੂੰ ਸਖ਼ਤ ਚਿਤਾਵਨੀ ਦਿੰਦਿਆਂ ਕਿਹਾ ਗਿਆ ਕਿ 15 ਦਿਨਾਂ ਅੰਦਰ ਸਾਰੀਆਂ ਕਮੀਆਂ ਪੂਰੀਆਂ ਕੀਤੀਆਂ ਜਾਣ।
ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਹਰਪ੍ਰੀਤ ਕੌਰ ਸੰਧੂ ਨੇ ਕਿਹਾ ਕਿ ਬੱਚਿਆਂ ਦੀ ਸੁਰੱਖਿਆ ਸਭ ਤੋਂ ਵੱਡੀ ਪ੍ਰਾਥਮਿਕਤਾ ਹੈ ਅਤੇ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਨੇ ਸਾਰੇ ਸਕੂਲਾਂ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਕਿ ਹਰ ਬੱਸ ਵਿੱਚ ਲੇਡੀ ਅਟੈਂਡੈਂਟ ਦੀ ਤਾਇਨਾਤੀ ਯਕੀਨੀ ਬਣਾਈ ਜਾਵੇ, ਡਰਾਈਵਰਾਂ ਕੋਲ ਪੂਰੇ ਦਸਤਾਵੇਜ਼ ਹੋਣ, ਅਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਬਿਨਾਂ ਕਿਸੇ ਛੂਟ ਦੇ ਕੀਤੀ ਜਾਵੇ।ਉਨ੍ਹਾਂ ਕਿਹਾ ਕਿ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਵਾਹਨ ਦਾ ਤੁਰੰਤ ਚਲਾਨ ਜਾਰੀ ਕੀਤਾ ਜਾਵੇਗਾ।
ਇਸ ਚੈਕਿੰਗ ਟੀਮ ਵਿੱਚ ਸਹਾਇਕ ਖੇਤਰੀ ਟਰਾਂਸਪੋਰਟ ਅਫ਼ਸਰ ਸ਼ਹਿਨਾਜ ਪ੍ਰਵੀਨ ਲੀਗਲ ਅਫ਼ਸਰ ਬਬੀਤਾ ਕੁਮਾਰੀ, ਬਾਲ ਕੌਂਸਲਰ ਰਵਿੰਦਰ ਕੌਰ ਸੋਸ਼ਲ ਵਰਕਰ ਗੁਰਜੰਟ ਸਿੰਘ, ਟ੍ਰੈਫਿਕ ਇੰਚਾਰਜ ਬਲਬੀਰ ਸਿੰਘ , ਅਧਿਆਪਕ ਮੁਹੰਮਦ ਬਸ਼ੀਰ, ਗੁਰੂਵੀਰ ਸਿੰਘ ਅਤੇ ਜ਼ਿਲ੍ਹਾ ਪ੍ਰੋਗਰਾਮ ਦਫ਼ਤਰ ਪਰਗਟ ਸਿੰਘਸਮੇਤ ਹੋਰ ਅਧਿਕਾਰੀ ਅਤੇ ਸਟਾਫ ਸ਼ਾਮਲ ਸਨ।





