ਟ੍ਰਾਈਸਿਟੀ ਸਮੇਤ ਨਿਊ ਚੰਡੀਗੜ੍ਹ ਵਿੱਚ ਮੈਟਰੋ ਚਲਾਉਣ ਦੀ ਲੋੜ ਇੱਕ ਵਾਰ ਫਿਰ ਉੱਠੀ ਹੈ। ਕਾਂਗਰਸ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਸੰਸਦ ਵਿੱਚ ਇਸ ਮੁੱਦੇ ਨੂੰ ਚੁੱਕਿਆ ਅਤੇ ਮੰਗ ਕੀਤੀ ਕਿ ਮੋਹਾਲੀ, ਪੰਚਕੂਲਾ, ਚੰਡੀਗੜ੍ਹ ਅਤੇ ਨਿਊ ਚੰਡੀਗੜ੍ਹ ਨੂੰ ਜੋੜਨ ਲਈ ਮਾਸ ਰੈਪਿਡ ਟ੍ਰਾਂਸਪੋਰਟ ਸਿਸਟਮ (MRTS) ਬਣਾਇਆ ਜਾਵੇ। ਤਿਵਾੜੀ ਨੇ ਕਿਹਾ ਕਿ ਇਸ ਨਾਲ ਲੋਕਾਂ ਨੂੰ ਬਿਹਤਰ ਟ੍ਰਾਂਸਪੋਰਟ ਸੁਵਿਧਾ ਮਿਲੇਗੀ ਅਤੇ ਖੇਤਰ ਦਾ ਆਰਥਿਕ ਵਿਕਾਸ ਹੋਵੇਗਾ।
ਉਨ੍ਹਾਂ ਨੇ ਅੰਬਾਲਾ ਤੋਂ ਕੁਰਾਲੀ ਅਤੇ ਲਾਂਡਰਾਂ ਤੋਂ ਪਿੰਜੌਰ ਤੱਕ ਮਾਸ ਰੈਪਿਡ ਟ੍ਰਾਂਸਪੋਰਟ ਸਿਸਟਮ ਬਣਾਉਣ ਦੀ ਮੰਗ ਕੀਤੀ। ਇਸ ਮੁੱਦੇ ’ਤੇ ਕੇਂਦਰ ਨੇ ਯੂਨੀਫਾਈਡ ਮੈਟਰੋਪੋਲੀਟਨ ਟ੍ਰਾਂਸਪੋਰਟ ਅਥਾਰਿਟੀ (UMTA) ਦਾ ਗਠਨ ਕੀਤਾ, ਪਰ ਕਮੇਟੀ ਦੀ ਬੈਠਕ ਸਿਰਫ਼ ਤਿੰਨ ਵਾਰ ਹੋਈ। RITES ਨੇ ਦੋ ਵਾਰ ਰਿਪੋਰਟ ਦਿੱਤੀ ਕਿ ਚਾਰਾਂ ਸ਼ਹਿਰਾਂ ਨੂੰ ਜੋੜਨ ਲਈ ਮੈਟਰੋ ਦੀ ਲੋੜ ਹੈ। ਪਹਿਲਾਂ 16 ਹਜ਼ਾਰ ਕਰੋੜ ਰੁਪਏ ਵਿੱਚ ਮੁਕੰਮਲ ਹੋ ਸਕਣ ਵਾਲਾ ਪ੍ਰੋਜੈਕਟ ਹੁਣ 25 ਹਜ਼ਾਰ ਕਰੋੜ ਰੁਪਏ ਖਰਚ ਹੋਵੇਗਾ।





