ਅਕਾਲੀ ਰਾਜਨੀਤੀ ਵਿੱਚ ਨਵਾਂ ਸਿਆਸੀ ਮੋੜ: ਮਨਪ੍ਰੀਤ ਸਿੰਘ ਇਆਲੀ ‘ਵਾਰਸ ਪੰਜਾਬ’ ਨਾਲ ਜੁੜੇ, ਪੰਥਕ ਏਕਤਾ ਦੀ ਅਪੀਲ

09/06/2026 | Public Times Bureau | Panjab

ਹਲਕਾ ਦਾਖਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਅੱਜ ਰਸਮੀ ਤੌਰ ’ਤੇ ‘ਵਾਰਸ ਪੰਜਾਬ’ ਜਥੇਬੰਦੀ ਵਿੱਚ ਸ਼ਾਮਲ ਹੋ ਕੇ ਪੰਜਾਬ ਦੀ ਪੰਥਕ ਰਾਜਨੀਤੀ ਵਿੱਚ ਨਵੀਂ ਚਰਚਾ ਛੇੜ ਦਿੱਤੀ ਹੈ। ਇਆਲੀ ਨੇ ਸਪਸ਼ਟ ਕੀਤਾ ਕਿ ਉਹ ਬਿਨਾਂ ਕਿਸੇ ਸ਼ਰਤ ਦੇ ਇਸ ਜਥੇਬੰਦੀ ਨਾਲ ਜੁੜੇ ਹਨ ਅਤੇ ਸਾਰੀਆਂ ਪੰਥਕ ਧਿਰਾਂ ਨੂੰ ਇੱਕ ਮੰਚ ’ਤੇ ਇਕੱਠਾ ਕਰਨ ਦੀ ਕੋਸ਼ਿਸ਼ ਕਰਨਗੇ। ਇਸ ਮੌਕੇ ਗੱਲਬਾਤ ਕਰਦਿਆਂ ਮਨਪ੍ਰੀਤ ਸਿੰਘ ਇਆਲੀ ਨੇ ਕਿਹਾ ਕਿ ਤਕਨੀਕੀ ਤੌਰ ’ਤੇ ਉਹ ਅਜੇ ਵੀ ਅਕਾਲੀ ਦਲ ਦੇ ਵਿਧਾਇਕ ਹਨ ਅਤੇ ਇਸ ਸਮੇਂ ਉਹ ਵਿਧਾਇਕ ਅਹੁਦੇ ਤੋਂ ਅਸਤੀਫਾ ਨਹੀਂ ਦੇਣਗੇ, ਕਿਉਂਕਿ ‘ਵਾਰਸ ਪੰਜਾਬ’ ਹਾਲੇ ਇੱਕ ਜਥੇਬੰਦੀ ਵਜੋਂ ਕੰਮ ਕਰ ਰਹੀ ਹੈ ਅਤੇ ਰਸਮੀ ਤੌਰ ’ਤੇ ਰਾਜਨੀਤਿਕ ਪਾਰਟੀ ਵਜੋਂ ਰਜਿਸਟਰਡ ਨਹੀਂ ਹੈ।

ਉਨ੍ਹਾਂ ਨੇ ਕਿਹਾ ਕਿ ਉਹ ਲੰਬੇ ਸਮੇਂ ਤੋਂ ਪੰਜਾਬ, ਪੰਜਾਬੀਅਤ ਅਤੇ ਪੰਥਕ ਮਸਲਿਆਂ ਨਾਲ ਜੁੜੇ ਮੁੱਦਿਆਂ ਲਈ ਸੰਘਰਸ਼ ਕਰਦੇ ਆ ਰਹੇ ਹਨ। ਪੰਜਾਬ ਦੇ ਪਾਣੀਆਂ, ਪੰਜਾਬੀ ਬੋਲਦੇ ਇਲਾਕਿਆਂ ਅਤੇ ਚੰਡੀਗੜ੍ਹ ਵਰਗੇ ਮਸਲੇ ਅਜੇ ਵੀ ਅਣਸੁਲਝੇ ਹਨ ਅਤੇ ਇਹਨਾਂ ਲਈ ਇਕਜੁੱਟ ਪੰਥਕ ਆਵਾਜ਼ ਦੀ ਲੋੜ ਹੈ। ਇਆਲੀ ਨੇ ਦਾਅਵਾ ਕੀਤਾ ਕਿ ਪਿਛਲੇ ਕਰੀਬ ਇੱਕ ਸਾਲ ਤੋਂ ਉਨ੍ਹਾਂ ’ਤੇ ਸਿਆਸੀ ਦਬਾਅ ਸੀ ਅਤੇ ਹਲਕੇ ਦੇ ਲੋਕਾਂ ਵੱਲੋਂ ਵੀ ਉਨ੍ਹਾਂ ਨੂੰ ਪੰਥਕ ਸਿਆਸਤ ਨਾਲ ਜੁੜਨ ਲਈ ਕਿਹਾ ਜਾ ਰਿਹਾ ਸੀ। ਉਨ੍ਹਾਂ ਕਿਹਾ ਕਿ ਉਹ ਪਹਿਲਾਂ ਹੀ ‘ਵਾਰਸ ਪੰਜਾਬ’ ਨਾਲ ਮਿਲ ਕੇ ਕੰਮ ਕਰ ਰਹੇ ਸਨ ਅਤੇ ਹੁਣ ਰਸਮੀ ਤੌਰ ’ਤੇ ਇਸ ਦਾ ਹਿੱਸਾ ਬਣ ਗਏ ਹਨ।

ਚੋਣੀ ਗਠਜੋੜ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਸਪਸ਼ਟ ਕੀਤਾ ਕਿ ਉਹ ਭਾਜਪਾ, ਕਾਂਗਰਸ ਜਾਂ ਆਮ ਆਦਮੀ ਪਾਰਟੀ ਨਾਲ ਕੋਈ ਵੀ ਚੋਣੀ ਸਮਝੌਤਾ ਨਹੀਂ ਕਰਨਗੇ ਅਤੇ ਪੰਥਕ ਧਿਰਾਂ ਨਾਲ ਮਿਲ ਕੇ ਹੀ ਅੱਗੇ ਵਧਣਗੇ। ਖਾਲਿਸਤਾਨ ਮੁੱਦੇ ’ਤੇ ਉਨ੍ਹਾਂ ਕਿਹਾ ਕਿ ਉਹ ਲੋਕਤਾਂਤਰਿਕ ਢੰਗ ਨਾਲ ਆਪਣੇ ਵਿਚਾਰਾਂ ਲਈ ਸੰਘਰਸ਼ ਕਰਨ ਦੇ ਹਾਮੀ ਹਨ ਅਤੇ ਸਿੱਖ ਸੰਗਤ ਦੀਆਂ ਭਾਵਨਾਵਾਂ ਅਨੁਸਾਰ ਪੰਥਕ ਰਾਜਨੀਤੀ ਹੋਣੀ ਚਾਹੀਦੀ ਹੈ। ਇਸ ਦੌਰਾਨ ਉਨ੍ਹਾਂ ਇਹ ਵੀ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਅਕਾਲੀ ਦਲ ਸੰਬੰਧੀ ਬਣਾਈ ਗਈ ਕਮੇਟੀ ਵਿੱਚ ਉਨ੍ਹਾਂ ਨੂੰ ਭਰੋਸੇ ਵਿੱਚ ਨਹੀਂ ਲਿਆ ਗਿਆ। ਨਾਲ ਹੀ ਉਨ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਸਮੇਂ ਸਿਰ ਚੋਣਾਂ ਨਾ ਹੋਣ ’ਤੇ ਵੀ ਚਿੰਤਾ ਜਤਾਈ।

ਇਆਲੀ ਨੇ ਦਾਅਵਾ ਕੀਤਾ ਕਿ ਅਸਲ ਫੈਸਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੀ ਕਰ ਸਕਦੀ ਹੈ ਕਿ ਅਸਲੀ ਅਕਾਲੀ ਦਲ ਕਿਹੜਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਵਿੱਚ ਅਕਾਲੀ ਦਲ ਪ੍ਰਤੀ ਨਾਰਾਜ਼ਗੀ ਨਹੀਂ, ਸਗੋਂ ਸਿਰਫ਼ ਇਕ ਪਰਿਵਾਰਕ ਕਬਜ਼ੇ ਪ੍ਰਤੀ ਅਸੰਤੋਸ਼ ਹੈ, ਅਤੇ ਜੇਕਰ ਇਹ ਦੂਰੀ ਘੱਟ ਹੋ ਜਾਵੇ ਤਾਂ ਪੰਥਕ ਧਿਰਾਂ ਮੁੜ ਇਕੱਠੀਆਂ ਹੋ ਸਕਦੀਆਂ ਹਨ। ਇਸੇ ਦੌਰਾਨ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਵੀ ਕਿਹਾ ਕਿ ਉਨ੍ਹਾਂ ਦੇ ਪੁੱਤਰ ਨੂੰ ਪਹਿਲਾਂ ਬਿਨਾਂ ਕਿਸੇ ਦੋਸ਼ ਦੇ ਐਨ.ਐਸ.ਏ. ਤਹਿਤ ਡਿਬਰੂਗੜ੍ਹ ਜੇਲ੍ਹ ਭੇਜਿਆ ਗਿਆ ਅਤੇ ਹੁਣ ਐਨ.ਐਸ.ਏ. ਹਟਣ ਦੇ ਬਾਵਜੂਦ ਵੀ ਉਹ ਜੇਲ੍ਹ ਵਿੱਚ ਹੀ ਹਨ। ਉਨ੍ਹਾਂ ਕਿਹਾ ਕਿ ਚੁਣੇ ਹੋਏ ਸੰਸਦ ਮੈਂਬਰ ਨੂੰ ਨਾ ਸੰਸਦ ਵਿੱਚ ਬੋਲਣ ਦਿੱਤਾ ਜਾ ਰਿਹਾ ਹੈ ਅਤੇ ਨਾ ਹੀ ਹਲਕੇ ਦੇ ਲੋਕਾਂ ਨਾਲ ਮਿਲਣ ਦਿੱਤਾ ਜਾ ਰਿਹਾ ਹੈ। ਉਨ੍ਹਾਂ ਨਸ਼ਿਆਂ ਦੇ ਮੁੱਦੇ ’ਤੇ ਸਰਕਾਰਾਂ ਦੀ ਭੂਮਿਕਾ ’ਤੇ ਵੀ ਸਵਾਲ ਉਠਾਉਂਦਿਆਂ ਕਿਹਾ ਕਿ ਪੰਜਾਬ ਦੀ ਨੌਜਵਾਨੀ ਨੂੰ ਬਚਾਉਣ ਲਈ ਠੋਸ ਕਦਮ ਨਹੀਂ ਚੁੱਕੇ ਜਾ ਰਹੇ, ਜਿਸ ਕਾਰਨ ਹਾਲਾਤ ਚਿੰਤਾਜਨਕ ਬਣ ਰਹੇ ਹਨ।

New Political Twist In Akali Politics Manpreet Singh Ayali Joins waris Punjab Appeals For Panthic Unity


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App