ਪੜ੍ਹਨ-ਲਿਖਣ ਪ੍ਰਤੀ ਜਨੂਨ ਨੇ 17 ਸਾਲ ਦੀ ਅਦਿਤੀ ਪੌਡੇਲ ਨੂੰ ਜਾਪਾਨ ਦੀ ਪਹਿਲੀ ਲਿਟਰੇਸੀ ਐਂਬੈਸਡਰ ਬਣਨ ਦਾ ਮਾਣ ਦਿਵਾਇਆ ਹੈ। ਜਾਪਾਨ ਵਿੱਚ ਹਾਈ ਸਕੂਲ ਦੀ ਸੀਨੀਅਰ ਵਿਦਿਆਰਥਣ ਅਦਿਤੀ ਫਾਊਂਡੇਸ਼ਨ ਦੇ ‘ਯੂਥ ਐਂਬੈਸਡਰ ਪ੍ਰੋਗਰਾਮ’ ਨਾਲ ਵੀ ਜੁੜੀ ਹੋਈ ਹੈ। ਇਸ ਪ੍ਰੋਗਰਾਮ ਦਾ ਉਦੇਸ਼ ਦੁਨੀਆ ਭਰ ਦੇ ਨੌਜਵਾਨਾਂ ਨੂੰ ਇੱਕ ਮੰਚ ’ਤੇ ਲਿਆ ਕੇ ਸਾਖਰਤਾ ਨੂੰ ਉਤਸ਼ਾਹਿਤ ਕਰਨਾ ਅਤੇ ਪੜ੍ਹਨ ਦੀ ਆਦਤ ਨੂੰ ਪ੍ਰੋਤਸਾਹਿਤ ਕਰਨਾ ਹੈ। ਇਸ ਵਿੱਚ 101 ਦੇਸ਼ਾਂ ਦੇ 16 ਤੋਂ 25 ਸਾਲ ਦੀ ਉਮਰ ਦੇ ਕਰੀਬ 900 ਨੌਜਵਾਨ ਸ਼ਾਮਲ ਹਨ। ਅਦਿਤੀ ਜਾਪਾਨ ਦੀ ਨੁਮਾਇੰਦਗੀ ਕਰਦਿਆਂ ਹੋਰ ਯੂਥ ਐਂਬੈਸਡਰਾਂ ਨਾਲ ਮਿਲ ਕੇ ਨੌਜਵਾਨਾਂ ਨੂੰ ਪੜ੍ਹਨ ਲਈ ਪ੍ਰੇਰਿਤ ਕਰੇਗੀ।

ਅਦਿਤੀ ਦਾ ਜਨਮ ਜਾਪਾਨ ਵਿੱਚ ਹੋਇਆ, ਜਦਕਿ ਉਨ੍ਹਾਂ ਦਾ ਬਚਪਨ ਨੇਪਾਲ ਵਿੱਚ ਬੀਤਿਆ। ਬਾਅਦ ਵਿੱਚ ਜਾਪਾਨ ਵਾਪਸ ਆ ਕੇ ਉਨ੍ਹਾਂ ਨੇ ਮੁੜ ਜਾਪਾਨੀ ਭਾਸ਼ਾ ਸਿੱਖੀ। ਦੋਵਾਂ ਦੇਸ਼ਾਂ ਵਿੱਚ ਰਹਿਣ ਦੇ ਤਜਰਬੇ ਨੇ ਉਨ੍ਹਾਂ ਦੀਆਂ ਭਾਸ਼ਾਵਾਂ, ਕਿਤਾਬਾਂ ਅਤੇ ਸਿੱਖਿਆ ਪ੍ਰਤੀ ਦਿਲਚਸਪੀ ਨੂੰ ਹੋਰ ਮਜ਼ਬੂਤ ਕੀਤਾ। ਬਚਪਨ ਤੋਂ ਹੀ ਅਦਿਤੀ ਨੂੰ ਪੜ੍ਹਨ ਦਾ ਸ਼ੌਕ ਸੀ। ਪ੍ਰੀ-ਸਕੂਲ ਦੌਰਾਨ ਉਨ੍ਹਾਂ ਦੇ ਦਾਦਾ ਜੀ ਨੇ ਉਨ੍ਹਾਂ ਨੂੰ ਦੇਵਨਾਗਰੀ ਲਿਪੀ ਵਿੱਚ ਛਪਿਆ ਅਖ਼ਬਾਰ ਦਿੱਤਾ। ਲਿਖਤ ਮੁਸ਼ਕਲ ਹੋਣ ਦੇ ਬਾਵਜੂਦ ਅਦਿਤੀ ਨੇ ਉਸ ਨੂੰ ਪੜ੍ਹ ਕੇ ਸਮਝ ਲਿਆ। ਇਹ ਘਟਨਾ ਉਨ੍ਹਾਂ ਦੇ ਪੜ੍ਹਨ ਪ੍ਰਤੀ ਆਤਮਵਿਸ਼ਵਾਸ ਲਈ ਅਹਿਮ ਸਾਬਤ ਹੋਈ।

ਜਾਪਾਨ ਵਾਪਸੀ ਤੋਂ ਬਾਅਦ ਉਨ੍ਹਾਂ ਦੇ ਪਿਤਾ ਵੀ ਉਨ੍ਹਾਂ ਦੀ ਪੜ੍ਹਨ ਦੀ ਰੁਚੀ ਨੂੰ ਉਤਸ਼ਾਹਿਤ ਕਰਦੇ ਰਹੇ ਅਤੇ ਉਨ੍ਹਾਂ ਲਈ ਨਿਯਮਿਤ ਤੌਰ ’ਤੇ ਕਿਤਾਬਾਂ ਲਿਆਉਂਦੇ ਸਨ। ਅਦਿਤੀ ਨੂੰ ਖਾਸ ਤੌਰ ’ਤੇ ਫੈਂਟਸੀ ਕਹਾਣੀਆਂ ਪਸੰਦ ਸਨ, ਜਿਨ੍ਹਾਂ ਵਿੱਚ ਐਨਿਡ ਬਲਾਈਟਨ ਦੀ ‘ਦ ਵਿਸ਼ਿੰਗ-ਚੇਅਰ’ ਸੀਰੀਜ਼ ਵੀ ਸ਼ਾਮਲ ਹੈ। ਲਿਟਰੇਸੀ ਐਂਬੈਸਡਰ ਵਜੋਂ ਅਦਿਤੀ ਦਾ ਧਿਆਨ ਨੌਜਵਾਨਾਂ ਨੂੰ ਸਸ਼ਕਤ ਬਣਾਉਣ, ਪੜ੍ਹਨ ਦੀ ਘਟਦੀ ਆਦਤ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਸੰਭਾਵਿਤ ਪ੍ਰਭਾਵਾਂ ’ਤੇ ਰਹੇਗਾ। ਉਨ੍ਹਾਂ ਦਾ ਮੰਨਣਾ ਹੈ ਕਿ ਸਾਖਰਤਾ ਲੋਕਾਂ ਲਈ ਨਵੇਂ ਮੌਕੇ ਖੋਲ੍ਹਣ ਦੇ ਨਾਲ-ਨਾਲ ਡੂੰਘੀ ਸੋਚ ਅਤੇ ਵਿਆਪਕ ਨਜ਼ਰੀਏ ਨੂੰ ਵਿਕਸਿਤ ਕਰਨ ਵਿੱਚ ਮਦਦ ਕਰਦੀ ਹੈ।