ਆਪਣੀਆਂ ਹੱਕੀ ਮੰਗਾਂ ਦੀ ਪੂਰਤੀ ਲਈ ਸੰਯੁਕਤ ਕਿਸਾਨ ਮੋਰਚਾ (ਐੱਸਕੇਐੱਮ) ਦੀ ਅਗਵਾਈ ਹੇਠ ਮੁਹਾਲੀ-ਚੰਡੀਗੜ੍ਹ ਦੀ ਸਾਂਝੀ ਸਰਹੱਦ ’ਤੇ ਲਾਇਆ ਪੱਕਾ ਕਿਸਾਨ ਮੋਰਚਾ ਪੰਜਵੇਂ ਦਿਨ ਵਿੱਚ ਦਾਖ਼ਲ ਹੋ ਗਿਆ ਹੈ। ਕਿਸਾਨ ਆਗੂਆਂ ਨੇ ਅੰਦੋਲਨ ਨੂੰ ਪੜਾਅਵਾਰ ਅੱਗੇ ਵਧਾਉਣ ਦਾ ਐਲਾਨ ਕੀਤਾ ਹੈ।

ਕਿਸਾਨ ਆਗੂ ਹਰਿੰਦਰ ਸਿੰਘ ਲੱਖੋਵਾਲ, ਰਾਮਿੰਦਰ ਸਿੰਘ ਪਟਿਆਲਾ, ਪ੍ਰੇਮ ਸਿੰਘ ਭੰਗੂ ਅਤੇ ਅੰਗਰੇਜ਼ ਸਿੰਘ ਭਦੌੜ ਨੇ ਦੱਸਿਆ ਕਿ ਮੋਰਚੇ ਦੀ ਸਟੇਜ ਸਵੇਰੇ 11 ਵਜੇ ਤੋਂ ਦੁਪਹਿਰ 2 ਵਜੇ ਤੱਕ ਚੱਲੇਗੀ। ਇਸ ਤੋਂ ਬਾਅਦ 3 ਤੋਂ 5 ਵਜੇ ਤੱਕ ਐੱਸਕੇਐੱਮ ਦੇ ਮੋਹਰੀ ਆਗੂਆਂ ਦੀ ਮੀਟਿੰਗ ਹੋਵੇਗੀ, ਜਿਸ ਵਿੱਚ ਕਿਸਾਨਾਂ ਦੀਆਂ ਮੰਗਾਂ ਅਤੇ ਅਗਲੇ ਸੰਘਰਸ਼ ਦੀ ਰਣਨੀਤੀ ’ਤੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ।

ਕਿਸਾਨ ਆਗੂਆਂ ਮੁਤਾਬਕ, ਸ਼ਾਮ 5 ਤੋਂ 7 ਵਜੇ ਤੱਕ ਪ੍ਰਦਰਸ਼ਨਕਾਰੀ ਕਿਸਾਨ ਗਰੁੱਪਾਂ ਵਿੱਚ ਵੰਡ ਕੇ ਮੁਹਾਲੀ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਸਮੇਤ ਏਅਰਪੋਰਟ ਸੜਕ ਦੇ ਵੱਖ-ਵੱਖ ਚੌਕਾਂ ’ਤੇ ਝੰਡੇ ਅਤੇ ਤਖ਼ਤੀਆਂ ਲੈ ਕੇ ਖੜ੍ਹੇ ਹੋਣਗੇ। ਇਸ ਦੌਰਾਨ ਲੋਕਾਂ ਤੋਂ ਅੰਦੋਲਨ ਲਈ ਸਹਿਯੋਗ ਦੀ ਅਪੀਲ ਕੀਤੀ ਜਾਵੇਗੀ।

ਆਗੂਆਂ ਨੇ ਕਿਹਾ ਕਿ ਆਉਂਦੇ ਦਿਨਾਂ ਵਿੱਚ ਅੰਦੋਲਨ ਨੂੰ ਪੜਾਅਵਾਰ ਹੋਰ ਤੇਜ਼ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਤੇਜ਼ ਬਾਰਿਸ਼ ਕਾਰਨ ਮੋਰਚੇ ਦੀ ਸਟੇਜ ਦੀ ਕਾਰਵਾਈ ਪ੍ਰਭਾਵਿਤ ਹੋਈ ਸੀ। ਬਾਰਿਸ਼ ਰੁਕਣ ਮਗਰੋਂ ਹਜ਼ਾਰਾਂ ਕਿਸਾਨਾਂ ਨੇ ਬੈਸਟੈੱਕ ਮਾਲ ਤੋਂ ਧਰਨੇ ਵਾਲੀ ਥਾਂ ਤੱਕ ਪੈਦਲ ਰੋਸ ਮਾਰਚ ਕੀਤਾ ਸੀ।