ਧਨਤੇਰਸ ਅਤੇ ਦੀਵਾਲੀ ਮੌਕੇ ਜੇਕਰ ਤੁਸੀਂ ਸੋਨੇ ਦੇ ਗਹਿਣੇ ਖਰੀਦਣ ਦੀ ਯੋਜਨਾ ਬਣਾ ਰਹੇ ਹੋ ਤਾਂ ਬਿੱਲ ਵਿੱਚ ਲੱਗਣ ਵਾਲੀ ਹੋਲਮਾਰਕਿੰਗ ਫੀਸ ਬਾਰੇ ਜਾਣਨਾ ਜ਼ਰੂਰੀ ਹੈ। ਭਾਰਤੀ ਮਿਆਰ ਬਿਊਰੋ (BIS) ਦੇ ਨਵੇਂ ਨਿਯਮਾਂ ਅਨੁਸਾਰ, 14 ਸਤੰਬਰ 2026 ਤੋਂ ਸੋਨੇ ਦੀ ਹਰ ਜਿਊਲਰੀ ਆਈਟਮ ਦੀ ਹੋਲਮਾਰਕਿੰਗ ਫੀਸ 45 ਰੁਪਏ ਤੋਂ ਵਧਾ ਕੇ 75 ਰੁਪਏ ਪਲੱਸ GST ਕਰ ਦਿੱਤੀ ਗਈ ਹੈ। ਹਾਲਾਂਕਿ, ਕੁਝ ਖ਼ਾਸ ਸ਼੍ਰੇਣੀਆਂ ਦੇ ਗਹਿਣਿਆਂ ਅਤੇ ਸੋਨੇ ਦੀਆਂ ਵਸਤੂਆਂ ਨੂੰ ਇਸ ਫੀਸ ਤੋਂ ਛੋਟ ਹੈ।

ਇਨ੍ਹਾਂ ਚੀਜ਼ਾਂ ’ਤੇ ਨਹੀਂ ਲੱਗੇਗੀ ਹੋਲਮਾਰਕਿੰਗ ਫੀਸ BIS ਦੇ ਨਿਯਮਾਂ ਤਹਿਤ 2 ਗ੍ਰਾਮ ਤੋਂ ਘੱਟ ਵਜ਼ਨ ਵਾਲੀ ਜਿਊਲਰੀ, ਕੁੰਦਨ, ਪੋਲਕੀ ਅਤੇ ਜੜਾਊ ਗਹਿਣਿਆਂ ਨੂੰ ਲਾਜ਼ਮੀ ਹੋਲਮਾਰਕਿੰਗ ਤੋਂ ਛੋਟ ਦਿੱਤੀ ਗਈ ਹੈ। ਇਸ ਤੋਂ ਇਲਾਵਾ ਸੋਨੇ ਦੇ ਸਿੱਕੇ, ਬਾਰ, ਪਲੇਟ, ਸ਼ੀਟ, ਫੋਇਲ, ਤਾਰ, ਟਿਊਬ ਅਤੇ ਸੋਨੇ ਦੇ ਧਾਗੇ ਵੀ ਇਸ ਸ਼੍ਰੇਣੀ ਵਿੱਚ ਸ਼ਾਮਲ ਹਨ। ਮੈਡੀਕਲ ਅਤੇ ਉਦਯੋਗਿਕ ਵਰਤੋਂ ਵਾਲੀਆਂ ਸੋਨੇ ਦੀਆਂ ਵਸਤੂਆਂ, ਐਕਸਪੋਰਟ ਲਈ ਤਿਆਰ ਗਹਿਣੇ, ਸੋਨੇ ਦੀਆਂ ਘੜੀਆਂ, ਫਾਊਂਟੇਨ ਪੈੱਨ ਅਤੇ B2B ਪ੍ਰਦਰਸ਼ਨੀਆਂ ਲਈ ਰੱਖੀ ਜਿਊਲਰੀ ਨੂੰ ਵੀ ਛੋਟ ਦਿੱਤੀ ਗਈ ਹੈ।

ਗਹਿਣੇ ਖਰੀਦਦੇ ਸਮੇਂ HUID ਦੀ ਜਾਂਚ ਜ਼ਰੂਰੀ BIS ਦੇ ਨਿਯਮਾਂ ਅਨੁਸਾਰ, ਗਹਿਣਿਆਂ ਦੇ ਹਰੇਕ ਵੱਖ ਕਰਨ ਯੋਗ ਹਿੱਸੇ ਅਤੇ ਜੋੜੇ ਵਿੱਚ ਵਿਕਣ ਵਾਲੀ ਹਰੇਕ ਵਸਤੂ ਦਾ ਵੱਖਰਾ HUID ਹੋਣਾ ਚਾਹੀਦਾ ਹੈ। ਉਦਾਹਰਨ ਵਜੋਂ, ਜੇਕਰ ਕੰਨਾਂ ਦੀ ਬਾਲੀ ਦਾ ਮੁੱਖ ਹਿੱਸਾ 2 ਗ੍ਰਾਮ ਤੋਂ ਵੱਧ ਹੈ ਪਰ ਉਸ ਦਾ ਪੇਚ 2 ਗ੍ਰਾਮ ਤੋਂ ਘੱਟ ਹੈ ਤਾਂ ਮੁੱਖ ਹਿੱਸੇ ’ਤੇ ਹੋਲਮਾਰਕਿੰਗ ਲਾਜ਼ਮੀ ਹੋਵੇਗੀ, ਜਦਕਿ ਛੋਟੇ ਪੇਚ ਨੂੰ ਛੋਟ ਮਿਲ ਸਕਦੀ ਹੈ।

ਬਿੱਲ ਵਿੱਚ ਕਿਵੇਂ ਜੁੜਦੀ ਹੈ ਫੀਸ? ਹੋਲਮਾਰਕਿੰਗ ਦੀ ਫੀਸ ਜਿਊਲਰ ਵੱਲੋਂ ਮਾਨਤਾ ਪ੍ਰਾਪਤ ਹੋਲਮਾਰਕਿੰਗ ਸੈਂਟਰ ਨੂੰ ਦਿੱਤੀ ਜਾਂਦੀ ਹੈ, ਜਿਸ ਨੂੰ ਆਮ ਤੌਰ ’ਤੇ ਗਾਹਕ ਦੇ ਬਿੱਲ ਵਿੱਚ ਸ਼ਾਮਲ ਕਰ ਦਿੱਤਾ ਜਾਂਦਾ ਹੈ। ਇਸ ਲਈ ਸੋਨੇ ਦੀ ਖਰੀਦਦਾਰੀ ਸਮੇਂ ਵਜ਼ਨ, ਸ਼ੁੱਧਤਾ, ਉਸ ਦਿਨ ਦਾ ਸੋਨੇ ਦਾ ਰੇਟ, ਮੇਕਿੰਗ ਚਾਰਜ, ਵੇਸਟੇਜ ਅਤੇ ਹੋਲਮਾਰਕਿੰਗ ਫੀਸ ਦੀ ਜਾਂਚ ਜ਼ਰੂਰ ਕਰੋ।