ਜ਼ਿੰਦਗੀ ਜਿੱਥੇ ਜ਼ਿੰਦਾ ਦਿਲੀ ਦਾ ਨਾਂਅ ਹੈ ਉਥੇ ਜ਼ਿੰਦਗੀ ਦੇ ਵੱਖ-ਵੱਖ ਪਹਿਲੂਆਂ ਨੂੰ ਦਰੁੱਸਤ ਕਰਦਿਆਂ ਤਾਣਿਆ-ਬਾਣਿਆ ਵਿਚ ਪਈਆਂ ਉਲਝਣਾਂ ਨੂੰ ਦੂਰ ਕਰਨਾ ਦਾ ਨਾਂਅ ਵੀ ਹੁੰਦੀ ਹੈ। ਜਿਹੜੇ ਲੋਕ ਦੂਜਿਆਂ ਦੀ ਉਲਝੀ ਜ਼ਿੰਦਗੀ ਦੀਆਂ ਤਾਰਾਂ ਨੂੰ ਸੁਲਝਾਉਣ ਦਾ ਕੰਮ ਕਰਦੇ ਹਨ ਉਨ੍ਹਾਂ ਨੂੰ ਵਕੀਲ, ਬੈਰਿਸਟਰ ਅਤੇ ਸੋਲੀਸਿਟਰ ਕਿਹਾ ਜਾਂਦਾ ਹੈ। ਆਪਣੇ ਹੁਨਰ ਕਰਕੇ ਇਹ ਕਿੰਨੇ ਕੁ ਪ੍ਰਭਾਵਸ਼ਾਲੀ ਰਹਿੰਦੇ ਹਨ, ਇਸਦੇ ਵੀ ਮਾਪਦੰਢ ਹੁੰਦੇ ਹਨ। ਨਿਊਜ਼ੀਲੈਂਡ ਵਸਦੇ ਭਾਰਤੀਆਂ ਨੂੰ ਇਸ ਗੱਲ ਦੀ ਖੁਸ਼ੀ ਹੋਏਗੀ ਕਿ ਵਕੀਲਾਂ ਦੀ ਵਕਾਰੀ ਸੰਸਥਾ ਵੱਲੋਂ ਸਾਲ 2024 ਦੇ ਚੌਵੀ ‘ਸਭ ਤੋਂ ਵੱਧ ਪ੍ਰਭਾਵਸ਼ਾਲੀ’ ਵਕੀਲਾਂ ਵਿਚ ਇਸ ਵਾਰ ਪੰਜਾਬੀ ਮੂਲ ਦੀ ਪਰ ਫੀਜ਼ੀ ਦੀ ਜੰਮਪਲ ਵਕੀਲ ਅੰਜੀਤ ਸਿੰਘ ਵੀ ਸ਼ਾਮਿਲ ਹੈ। ਇਸ ਨੇ ਐਂਜ ਸਿੰਘ ਲਾਅ ਫਰਮ ਦੀ ਸਥਾਪਨਾ ਕੀਤੀ ਅਤੇ ਉਹ ਕ੍ਰੀਮੀਨਲ ਅਤੇ ਟ੍ਰੈਫਿਕ ਅਪਰਾਧਾਂ ਦੇ ਕੇਸ ਹੱਲ ਕਰਨ ਲਈ ਮਾਹਿਰ ਹੈ।
ਨਿਆਂ ਦਿਵਾਉਣ ਦੇ ਰਾਹ ਤੁਰੀ ਇਸ ਕੁੜੀ ਦੀ ਅੱਜ ਪੂਰੀ ਵਾਹ-ਵਾਹ ਹੋਈ ਜਿਸ ਨੂੰ ਭਾਰਤੀ ਕਮਿਊਨਿਟੀ ਉਤੇ ਮਾਣ ਰਹੇਗਾ। ਇਕ ਪ੍ਰਭਾਵਸ਼ਾਲੀ ਸਮਾਰੋਹ ਦੇ ਵਿਚ ਇਹ ਐਵਾਰਡ ਬਾਕੀਆਂ ਦੇ ਨਾਲ ਅੰਜੀਤ ਸਿੰਘ ਨੂੰ ਵੀ ਦਿੱਤਾ ਗਿਆ। ਸੰਸਥਾ ਵੱਲੋਂ ਪੂਰੇ ਇਕ ਸਾਲ ਦੇ ਲਈ ਉਨ੍ਹਾਂ ਦੀ ਪ੍ਰੋਫਾਈਲ ਨਿਊਜ਼ੀਲੈਂਡ ਲਾਅੇਰਜ਼ ਦੀ ਵੈਬਸਾਈਟ ਉਤੇ ਲੱਗੀ ਰਹੇਗੀ।
ਅੰਜੀਤ ਸਿੰਘ ਨੇ ਯੂਨੀਵਰਸਿਟੀ ਆਫ ਔਕਲੈਂਡ ਤੋਂ ਬੈਚਲਰ ਆਫ ਕਾਮਰਸ ਐਂਡ ਬੈਚਲਰ ਆਫ ਲਾਅ (ਆਨਰਜ਼) ਡਿਗਰੀ ਕਰਕੇ ਸਾਲ 2002 ਦੇ ਵਿਚ ਹਾਈ ਕੋਰਟ ਆਫ ਨਿਊਜ਼ੀਲੈਂਡ ਲਈ ਬੈਰਿਸਟਰ ਅਤੇ ਸੋਲੀਸੀਟਰ ਵਜੋਂ ਆਪਣਾ ਕਰੀਅਰ ਸ਼ੁਰੂ ਕੀਤਾ। 20 ਸਾਲਾਂ ਦਾ ਹੁਣ ਤੱਕ ਉਸਦਾ ਕ੍ਰੀਮੀਨਲ ਅਤੇ ਟਰੈਫਿਕ ਕਾਨੂੰਨ ਦੇ ਵਿਚ ਤਜ਼ਰਬਾ ਹੋ ਚੁੱਕਾ ਹੈ। ਅੰਜੀਤ ਸਿੰਘ ਸਿਰਫ ਕਾਨੂੰਨੀ ਕੰਮਾਂ ਕਾਰਾਂ ਦੇ ਤੱਕ ਹੀ ਸੀਮਿਤ ਨਹੀਂ ਹੈ, ਉਸਨੇ ਬਹੁਤ ਸਾਰੀਆਂ ਸੰਸਥਾਵਾਂ ਦੇ ਲਈ ਫੰਡ ਰੇਜਿੰਗ ਕੀਤੀ ਹੈ, ਸ਼ਰਨਾਰਥੀ ਕੈਂਪਾਂ ਲਈ ਫੰਡ ਰੇਜਿੰਗ, ਸਟਾਰਸ਼ਿੱਪ ਚਿਲਡਰਨ ਹਸਪਤਾਲ ਲਈ ਫੰਡ ਰੇਜਿੰਗ, ਖੇਡ ਟੂਰਨਾਮੈਂਟ, ਟੈਨਿਸ ਟੂਰਨਾਮੈਂਟ ਆਦਿ ਕਰਵਾਏ। ਫੀਜ਼ੀ ਦੇ ਸਕੂਲਾਂ ਲਈ ਉਸਨੇ ਕਾਫੀ ਮਦਦ ਕੀਤੀ। ਉਹ ਔਕਲੈਂਡ ਵੋਮੈਨ ਲਾਅਏਰਜ਼ ਐਸੋਸੀਏਸ਼ਨ ਦੀ ਦੋ ਸਾਲ ਤੱਕ ਸਰਗਰਮ ਮੈਂਬਰ ਵੀ ਰਹੀ ਹੈ। ਅਫਗਾਨਿਸਤਾਨ ਦੀਆਂ ਸ਼ਰਨਾਰਥੀ ਮਹਿਲਾਵਾਂ ਦੀ ਸਹਾਇਤਾ ਕੀਤੀ। 2023 ਦੇ ਵਿਚ ਅੰਜੀਤ ਸਿੰਘ ਨੂੰ ‘ਭਾਰਤ ਗੌਰਵ’ ਐਵਾਰਡ ਵੀ ਮਿਲ ਚੁੱਕਾ ਹੈ।
ਪਰਿਵਾਰਕ ਪਿਛੋਕੜ
ਸਿੱਖ ਪਰਿਵਾਰ ਨਾਲ ਸਬੰਧ ਰੱਖਦੀ ਵਕੀਲ ਅੰਜੀਤ ਸਿੰਘ ਦਾ ਦਾਦਕਾ ਪਰਿਵਾਰ ਪਿੰਡ ਬੁੰਡਾਲਾ ਜ਼ਿਲ੍ਹਾ ਜਲੰਧਰ ਨਾਲ ਸਬੰਧ ਰੱਖਦਾ ਹੈ। ਇਸਦੇ ਪੜਦਾਦਾ ਸ. ਆਤਮਾ ਸਿੰਘ 1903 ਦੇ ਕਰੀਬ ਫੀਜ਼ੀ ਕੰਮ ਕਰਨ ਆਏ ਸਨ। ਅੰਜੀਤ ਸਿੰਘ ਦੀ ਪੜਦਾਦੀ ਵੀ ਪੰਜਾਬ ਤੋਂ ਫਿਜੀ ਆਈ ਸੀ। 1935 ਦੇ ਵਿਚ ਇਸਦੇ ਦਾਦਾ ਸ. ਸਰਵਣ ਸਿੰਘ ਜਦੋਂ ਉਨ੍ਹਾਂ ਦੀ ਉਮਰ 9 ਸਾਲ ਦੀ ਸੀ ਤਾਂ ਉਹ ਆਪਣੇ ਭਰਾ ਸ. ਸਰਵਣ ਸਿੰਘ ਦੇ ਨਾਲ ਸਮੁੰਦਰੀ ਜਹਾਜ਼ ਰਾਹੀਂ ਫੀਜ਼ੀ ਪਹੁੰਚੇ। ਸ. ਸਰਵਣ ਸਿੰਘ ਦਾ ਵਿਆਹ ਵੀ ਫੀਜ਼ੀ ਜਨਮੀ ਸ੍ਰੀਮਤੀ ਪ੍ਰੀਤਮ ਕੌਰ ਦੇ ਨਾਲ ਹੋਇਆ।
ਅੰਜੀਤ ਸਿੰਘ ਦੇ ਪਿਤਾ ਮਾਣਯੋਗ ਜੱਜ ਅਜੀਤ ਸਵਰਨ ਸਿੰਘ ਦਾ ਜਨਮ ਲਾਬਾਸਾ (ਫੀਜ਼ੀ) ਵਿਖੇ ਹੋਇਆ, ਜਦ ਕਿ ਅੰਜੀਤ ਸਿੰਘ ਦਾ ਜਨਮ ਰਾਜਧਾਨੀ ਸੁਵਾ (ਫਿਜ਼ੀ) ਵਿਖੇ ਹੋਇਆ।
ਅੰਜੀਤ ਸਿੰਘ ਦੀ ਮਾਤਾ ਸ੍ਰੀਮਤੀ ਸੁਭਾਗ ਸਿੰਘ ਦਾ ਪਰਿਵਾਰ ਰਾਜਸਥਾਨ ਨਾਲ ਸਬੰਧ ਰੱਖਦਾ ਹੈ। ਇਸਦੇ ਪੜਨਾਨਾ ਸ੍ਰੀ ਰਾਮ ਧਰੀ ਸਿੰਘ ਵੀ 25 ਸਾਲ ਦੀ ਉਮਰ ਵਿਚ ਸੰਨ 1903 ਦੇ ਵਿਚ ਫਾਜ਼ਿਲਕਾ ਨਾਂਅ ਦੇ ਸਮੁੰਦਰੀ ਜਹਾਜ਼ ਵਿਚ ਫੀਜ਼ੀ ਆਏ ਸਨ। ਅੰਗਰੇਜ਼ ਭਾਰਤ ਤੋਂ ਮਜ਼ਦੂਰ ਇਥੇ ਲੈ ਕੇ ਆਏ ਸਨ ਅਤੇ ਗੁਲਾਮਾ ਵਾਂਗ ਬਹੁਤ ਕੰਮ ਕਰਵਾਇਆ ਜਾਂਦਾ ਸੀ। ਇਹ ਹਿੰਦੂ ਪਰਿਵਾਰ ਸੀ। ਇਸਦੀ ਨਾਨੀ ਵੀ ਭਾਰਤ ਦੇ ਪਵਿੱਤਰ ਸ਼ਹਿਰ ਵਾਰਾਣਸੀ (ਉਤਰ ਪ੍ਰਦੇਸ਼) ਤੋਂ ਸੀ ਅਤੇ 1903 ਦੇ ਵਿਚ ਫੀਜ਼ੀ ਆ ਗਈ ਸੀ।
ਇਹ ਪਰਿਵਾਰ ਆਪਣੇ ਪਿੰਡ 2009 ਦੇ ਵਿਚ ਇਕ ਵਾਰ ਗੇੜਾ ਵੀ ਮਾਰ ਚੁੱਕਾ ਹੈ।
Anjit Singh Joined The most Influential Lawyers Of New Zealand
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)