ਹਵਾਈ ਯਾਤਰਾ ਦੌਰਾਨ ਪਾਵਰ ਬੈਂਕ ਕਾਰਨ ਵਾਪਰ ਰਹੀਆਂ ਖ਼ਤਰਨਾਕ ਅੱਗ ਦੀਆਂ ਘਟਨਾਵਾਂ ਨੂੰ ਰੋਕਣ ਲਈ Qantas, QantasLink, Jetstar ਅਤੇ Virgin Australia ਨੇ ਨਵੇਂ ਸਖ਼ਤ ਨਿਯਮ ਲਾਉਣ ਦਾ ਐਲਾਨ ਕੀਤਾ ਹੈ। ਇਹ ਨਿਯਮ ਅਗਲੇ ਮਹੀਨੇ ਤੋਂ ਲਾਗੂ ਹੋਣਗੇ।

ਨਵੇਂ ਨਿਯਮਾਂ ਮੁਤਾਬਕ ਯਾਤਰੀ ਹੁਣ ਦੋ ਤੋਂ ਵੱਧ ਪਾਵਰ ਬੈਂਕ ਨਹੀਂ ਲੈ ਕੇ ਜਾ ਸਕਣਗੇ ਅਤੇ 160Wh ਤੋਂ ਵੱਧ ਸਮਰੱਥਾ ਵਾਲੇ ਪਾਵਰ ਬੈਂਕ ਪੂਰੀ ਤਰ੍ਹਾਂ ਮਨਾਹ ਹੋਣਗੇ। ਉਡਾਨ ਦੌਰਾਨ ਪਾਵਰ ਬੈਂਕ ਨੂੰ ਚਾਰਜ ਕਰਨ 'ਤੇ ਵੀ ਪਾਬੰਦੀ ਹੋਵੇਗੀ।

ਏਅਰਲਾਈਨਾਂ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਪਾਵਰ ਬੈਂਕ ਯਾਤਰੀ ਦੀ ਪਹੁੰਚ ਵਿੱਚ ਹੀ ਰਹਿਣ — ਸੀਟ ਦੀ ਜੇਬ ਜਾਂ ਸੀਟ ਹੇਠਾਂ। Virgin ਨੇ ਓਵਰਹੈੱਡ ਲਾਕਰ ਵਿੱਚ ਪਾਵਰ ਬੈਂਕ ਰੱਖਣ 'ਤੇ ਵੀ ਮਨਾਹੀ ਲਗਾਈ ਹੈ।

Qantas ਨੇ ਦੱਸਿਆ ਕਿ ਪਾਵਰ ਬੈਂਕ 'ਤੇ ਸਮਰੱਥਾ ਦੀ ਪੂਰੀ ਜਾਣਕਾਰੀ ਲਿਖੀ ਹੋਣੀ ਲਾਜ਼ਮੀ ਹੈ ਅਤੇ ਉਹ ਸਿਰਫ਼ ਕੇਰੀ-ਆਨ ਬੈਗ ਵਿੱਚ ਹੀ ਰੱਖੇ ਜਾਣਗੇ। ਮੋਬਾਈਲ ਫ਼ੋਨ ਹੁਣ ਕੇਵਲ ਸੀਟ ਦੇ USB ਜਾਂ ਪਾਵਰ ਪੋਰਟ ਨਾਲ ਹੀ ਚਾਰਜ ਕੀਤੇ ਜਾ ਸਕਣਗੇ।

ਇਹ ਫ਼ੈਸਲੇ ਪਿਛਲੇ ਕੁਝ ਮਹੀਨਿਆਂ ਵਿੱਚ ਵਾਪਰੀਆਂ ਘਟਨਾਵਾਂ ਤੋਂ ਬਾਅਦ ਕੀਤੇ ਗਏ ਹਨ। ਜੁਲਾਈ ਵਿੱਚ ਸਿਡਨੀ–ਹੋਬਾਰਟ Virgin ਉਡਾਨ ਵਿੱਚ ਓਵਰਹੈੱਡ ਕੰਪਾਰਟਮੈਂਟ ਵਿੱਚ ਰੱਖਿਆ ਪਾਵਰ ਬੈਂਕ ਅਚਾਨਕ ਸੜ ਗਿਆ ਸੀ। ਇਸੇ ਮਹੀਨੇ Melbourne ਏਅਰਪੋਰਟ ਦੇ Qantas ਲਾਊਂਜ ਵਿੱਚ ਇੱਕ ਯਾਤਰੀ ਦੀ ਜੇਬ ਵਿੱਚ ਪਾਵਰ ਬੈਂਕ ਫਟਿਆ, ਜਿਸ ਨਾਲ ਉਹ ਜ਼ਖ਼ਮੀ ਹੋਇਆ ਅਤੇ ਲਾਊਂਜ ਖਾਲੀ ਕਰਵਾਉਣਾ ਪਿਆ।

ਦੁਨੀਆ ਭਰ ਵਿੱਚ ਵੀ ਅਜਿਹੀਆਂ ਘਟਨਾਵਾਂ ਸਾਹਮਣੇ ਆਈਆਂ ਹਨ, ਜਿਥੇ Air China ਅਤੇ Air Busan ਦੀਆਂ ਉਡਾਣਾਂ ਵਿੱਚ ਪਾਵਰ ਬੈਂਕ ਸੜਨ ਕਾਰਨ ਐਮਰਜੰਸੀ ਲੈਂਡਿੰਗ ਦੇ ਹਾਲਾਤ ਬਣੇ। Federal Aviation Administration ਦੇ ਅਨੁਸਾਰ ਪਿਛਲੇ 20 ਸਾਲਾਂ ਵਿੱਚ 500 ਤੋਂ ਵੱਧ ਹਵਾਈ ਅੱਗ ਦੀਆਂ ਘਟਨਾਵਾਂ ਲਿਥੀਅਮ ਬੈਟਰੀਆਂ ਨਾਲ ਜੁੜੀਆਂ ਹਨ।