ਆਸਟ੍ਰੇਲੀਆ ’ਚ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ ’ਤੇ ਸਰਕਾਰੀ ਪਾਬੰਦੀ ਦੇ ਬਾਅਦ ਕਿਤਾਬਾਂ ਪੜ੍ਹਨ ਦੇ ਰੁਝਾਨ ਵਿੱਚ ਵਾਧਾ ਦਰਜ ਕੀਤਾ ਗਿਆ ਹੈ। ਬੁੱਕਸਟੋਰਾਂ ਮੁਤਾਬਕ ਕਿਤਾਬਾਂ ਦੀ ਵਿਕਰੀ ਵਿੱਚ 3.1 ਫੀਸਦੀ ਦਾ ਇਜ਼ਾਫ਼ਾ ਹੋਇਆ ਹੈ ਅਤੇ ਲਾਇਬ੍ਰੇਰੀਆਂ ਦੀ ਆਵਾਜਾਈ ਤੇ ਸਿੱਖਿਆਤਮਕ ਸਮੱਗਰੀ ਦੀ ਮੰਗ ਵੀ ਵਧੀ ਹੈ।
ਮਾਹਿਰਾਂ ਦੇ ਅਨੁਸਾਰ, ਸੋਸ਼ਲ ਮੀਡੀਆ ਬੈਨ ਕਾਰਨ ਬੱਚਿਆਂ ਦਾ ਸਕ੍ਰੀਨ ਟਾਈਮ ਘਟਿਆ ਹੈ, ਜਿਸ ਨਾਲ ਉਹ ਕਿਤਾਬਾਂ ਵੱਲ ਮੁੜ ਰਹੇ ਹਨ। ਖ਼ਾਸ ਤੌਰ ’ਤੇ ਕਾਮਿਕਸ, ਕਹਾਣੀ ਪੁਸਤਕਾਂ ਅਤੇ ਪਜ਼ਲ ਬੁੱਕਾਂ ਦੀ ਮੰਗ ਵਿੱਚ ਵਾਧਾ ਦੇਖਿਆ ਜਾ ਰਿਹਾ ਹੈ।
ਬੁੱਕਸਟੋਰ ਮੈਨੇਜਰਾਂ ਦਾ ਕਹਿਣਾ ਹੈ ਕਿ ਪਿਛਲੇ ਕੁਝ ਹਫ਼ਤਿਆਂ ਦੌਰਾਨ ਬੱਚਿਆਂ ਨਾਲ ਜੁੜੀਆਂ ਕਿਤਾਬਾਂ ਦੀ ਵਿਕਰੀ ਵਿੱਚ ਸਪੱਸ਼ਟ ਵਾਧਾ ਹੋਇਆ ਹੈ। ਮਾਪਿਆਂ ਨੇ ਵੀ ਦੱਸਿਆ ਕਿ ਰਾਤ ਦੇ ਸਮੇਂ ਫੋਨ ਦੀ ਥਾਂ ਕਿਤਾਬ ਪੜ੍ਹਨ ਦੀ ਆਦਤ ਵਧੀ ਹੈ ਅਤੇ ਕਈ ਘਰਾਂ ਵਿੱਚ “ਰੀਡਿੰਗ ਆਵਰ” ਸ਼ੁਰੂ ਕੀਤਾ ਗਿਆ ਹੈ।
ਸਿੱਖਿਆ ਅਤੇ ਬੱਚਿਆਂ ਦੀ ਮਨੋਵਿਗਿਆਨ ਨਾਲ ਜੁੜੇ ਮਾਹਿਰਾਂ ਮੁਤਾਬਕ ਕਿਤਾਬ ਪੜ੍ਹਨ ਨਾਲ ਧਿਆਨ, ਭਾਸ਼ਾ ਅਤੇ ਕਲਪਨਾਤਮਕ ਸੋਚ ਮਜ਼ਬੂਤ ਹੁੰਦੀ ਹੈ, ਜਦਕਿ ਸਕ੍ਰੀਨ ਟਾਈਮ ਘਟਣ ਨਾਲ ਮਨੋਵਿਗਿਆਨਕ ਲਾਭ ਵੀ ਮਿਲਦੇ ਹਨ।
ਹਾਲਾਂਕਿ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਰੁਝਾਨ ਸਕਾਰਾਤਮਕ ਹੈ, ਪਰ ਇਸ ਦੇ ਲੰਬੇ ਸਮੇਂ ਦੇ ਪ੍ਰਭਾਵਾਂ ਬਾਰੇ ਨਿਸਚਿਤ ਨਤੀਜਾ ਕੱਢਣ ਲਈ ਹੋਰ ਅੰਕੜਿਆਂ ਅਤੇ ਸਮੇਂ ਦੀ ਲੋੜ ਹੋਵੇਗੀ।





