ਪੰਜਾਬੀ ਗਾਇਕ ਤੇ ਅਦਾਕਾਰ ਐਮੀ ਵਿਰਕ ਦੇ ਕਾਫ਼ਲੇ ’ਤੇ ਕੈਨੇਡਾ ਦੇ ਐਬਟਸਫੋਰਡ ਵਿੱਚ ਗੋਲੀਬਾਰੀ ਹੋਣ ਦੀ ਘਟਨਾ ਸਾਹਮਣੇ ਆਈ ਹੈ। 5 ਸਤੰਬਰ ਦੀ ਰਾਤ ‘ਯੂਨਿਟੀ ਟੂਰ’ ਦੇ ਪ੍ਰੋਗਰਾਮ ਤੋਂ ਬਾਅਦ ਮੈਕਕਲਮ ਰੋਡ ’ਤੇ ਹਮਲਾਵਰਾਂ ਨੇ ਕਾਫ਼ਲੇ ਵਿੱਚ ਸ਼ਾਮਲ ਇੱਕ ਲਗਜ਼ਰੀ ਗੱਡੀ ’ਤੇ ਕਰੀਬ 7 ਰਾਊਂਡ ਫਾਇਰ ਕੀਤੇ। ਗੱਡੀ ਬੁਲੇਟਪਰੂਫ ਹੋਣ ਕਾਰਨ ਐਮੀ ਵਿਰਕ ਸਮੇਤ ਉਸ ਵਿੱਚ ਸਵਾਰ ਲੋਕ ਵਾਲ-ਵਾਲ ਬਚ ਗਏ। ਜਾਣਕਾਰੀ ਮੁਤਾਬਕ ਐਮੀ ਵਿਰਕ ਦਾ ਪ੍ਰੋਗਰਾਮ ਐਬਟਸਫੋਰਡ ਦੇ ਰੋਜਰਜ਼ ਫੋਰਮ ਹਾਲ ਵਿੱਚ ਹੋਇਆ ਸੀ। ਪ੍ਰੋਗਰਾਮ ਖ਼ਤਮ ਹੋਣ ਤੋਂ ਬਾਅਦ ਉਹ ਕਾਫ਼ਲੇ ਨਾਲ ਵਾਪਸ ਜਾ ਰਹੇ ਸਨ। ਰਾਤ ਕਰੀਬ 11 ਵਜੇ ਮੈਕਕਲਮ ਰੋਡ ’ਤੇ ਗੂੜ੍ਹੇ ਰੰਗ ਦੀ ਐੱਸਯੂਵੀ ਵਿੱਚ ਆਏ ਹਮਲਾਵਰਾਂ ਨੇ ਕਾਫ਼ਲੇ ਦੀ ਇੱਕ ਗੱਡੀ ਨੂੰ ਨਿਸ਼ਾਨਾ ਬਣਾਇਆ ਅਤੇ ਕਈ ਗੋਲੀਆਂ ਚਲਾਉਣ ਮਗਰੋਂ ਮੌਕੇ ਤੋਂ ਫਰਾਰ ਹੋ ਗਏ।
ਘਟਨਾ ਤੋਂ ਬਾਅਦ ਐਬਟਸਫੋਰਡ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਹਮਲਾਵਰਾਂ ਦੀ ਪਛਾਣ, ਵਰਤੇ ਗਏ ਵਾਹਨ ਅਤੇ ਗੋਲੀਬਾਰੀ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ। ਆਲੇ-ਦੁਆਲੇ ਦੇ ਨਿਗਰਾਨੀ ਕੈਮਰਿਆਂ ਦੀ ਫੁਟੇਜ ਵੀ ਜਾਂਚ ਦਾ ਹਿੱਸਾ ਬਣ ਸਕਦੀ ਹੈ। ਪੁਲਿਸ ਵੱਲੋਂ ਫਿਲਹਾਲ ਇਹ ਪੁਸ਼ਟੀ ਨਹੀਂ ਕੀਤੀ ਗਈ ਕਿ ਹਮਲੇ ਪਿੱਛੇ ਕਿਸੇ ਖ਼ਾਸ ਗਿਰੋਹ ਜਾਂ ਵਿਅਕਤੀ ਦਾ ਹੱਥ ਹੈ। ਇਸ ਲਈ ਐਮੀ ਵਿਰਕ ਨੂੰ ਨਿਸ਼ਾਨਾ ਬਣਾਉਣ ਦੇ ਕਾਰਨ ਬਾਰੇ ਵੀ ਅਜੇ ਕੋਈ ਅਧਿਕਾਰਤ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
ਪੰਜਾਬੀ ਕਲਾਕਾਰ ਪਹਿਲਾਂ ਵੀ ਬਣ ਚੁੱਕੇ ਨਿਸ਼ਾਨਾ ਕੈਨੇਡਾ ਵਿੱਚ ਪੰਜਾਬੀ ਸੰਗੀਤ ਜਗਤ ਨਾਲ ਜੁੜੇ ਕਲਾਕਾਰਾਂ ਨੂੰ ਨਿਸ਼ਾਨਾ ਬਣਾਏ ਜਾਣ ਦੀਆਂ ਘਟਨਾਵਾਂ ਪਹਿਲਾਂ ਵੀ ਸਾਹਮਣੇ ਆ ਚੁੱਕੀਆਂ ਹਨ। ਏਪੀ ਢਿੱਲੋਂ ਅਤੇ ਗਿੱਪੀ ਗਰੇਵਾਲ ਨਾਲ ਜੁੜੀਆਂ ਗੋਲੀਬਾਰੀ ਦੀਆਂ ਘਟਨਾਵਾਂ ਵਿੱਚ ਵੀ ਕਥਿਤ ਗੈਂਗਸਟਰਾਂ ਨਾਲ ਸਬੰਧਤ ਦਾਅਵੇ ਸਾਹਮਣੇ ਆਏ ਸਨ। ਹਾਲਾਂਕਿ ਐਮੀ ਵਿਰਕ ਦੇ ਮਾਮਲੇ ਵਿੱਚ ਪੁਲਿਸ ਨੇ ਅਜੇ ਕਿਸੇ ਗਿਰੋਹ ਦੀ ਸ਼ਮੂਲੀਅਤ ਦੀ ਪੁਸ਼ਟੀ ਨਹੀਂ ਕੀਤੀ।ਫਿਲਹਾਲ ਇਸ ਹਮਲੇ ਵਿੱਚ ਕਿਸੇ ਦੇ ਜ਼ਖ਼ਮੀ ਹੋਣ ਦੀ ਸੂਚਨਾ ਨਹੀਂ ਹੈ। ਪੁਲਿਸ ਦੀ ਜਾਂਚ ਤੋਂ ਹੀ ਹੁਣ ਇਹ ਸਪੱਸ਼ਟ ਹੋਵੇਗਾ ਕਿ ਹਮਲਾਵਰ ਕੌਣ ਸਨ ਅਤੇ ਕਾਫ਼ਲੇ ਨੂੰ ਨਿਸ਼ਾਨਾ ਬਣਾਉਣ ਪਿੱਛੇ ਕੀ ਕਾਰਨ ਸੀ।
Shots Fired At Ammy Virk s Convoy In Canada Bulletproof Vehicle Saves His Life Police Investigating
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)