ਨੋਇਡਾ ਤੋਂ ਬਾਅਦ ਹੁਣ ਰਾਜਧਾਨੀ ਦਿੱਲੀ ਵਿੱਚ ਵੀ ਸਿਸਟਮ ਦੀ ਲਾਪਰਵਾਹੀ ਇੱਕ ਨੌਜਵਾਨ ਦੀ ਜਾਨ ਲੈ ਬੈਠੀ। ਦਿੱਲੀ ਦੇ ਜਨਕਪੁਰੀ ਇਲਾਕੇ ਵਿੱਚ ਦਿੱਲੀ ਜਲ ਬੋਰਡ ਵੱਲੋਂ ਪੁੱਟੇ ਗਏ ਨਿਰਮਾਣ ਅਧੀਨ ਟੋਏ ਵਿੱਚ ਡਿੱਗਣ ਕਾਰਨ ਇੱਕ ਬਾਈਕ ਸਵਾਰ ਦੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ, ਜਦਕਿ ਸਰਕਾਰ ਨੇ ਵੀ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ।
ਮ੍ਰਿਤਕ ਦੀ ਪਛਾਣ ਕਮਲ ਨਾਂ ਦੇ ਨੌਜਵਾਨ ਵਜੋਂ ਹੋਈ ਹੈ, ਜੋ ਰੋਹਿਣੀ ਸਥਿਤ ਆਪਣੇ ਦਫ਼ਤਰ ਤੋਂ ਕੰਮ ਖ਼ਤਮ ਕਰਕੇ ਘਰ ਵਾਪਸ ਆ ਰਿਹਾ ਸੀ। ਪਰਿਵਾਰਕ ਮੈਂਬਰਾਂ ਮੁਤਾਬਕ ਕਮਲ ਰਸਤੇ ਦੌਰਾਨ ਲਗਾਤਾਰ ਫ਼ੋਨ ਰਾਹੀਂ ਸੰਪਰਕ ਵਿੱਚ ਸੀ, ਪਰ ਜਦੋਂ ਕਾਫ਼ੀ ਦੇਰ ਬੀਤ ਜਾਣ ਦੇ ਬਾਵਜੂਦ ਉਹ ਘਰ ਨਹੀਂ ਪਹੁੰਚਿਆ ਤਾਂ ਪਰਿਵਾਰ ਨੂੰ ਚਿੰਤਾ ਹੋ ਗਈ। ਕਿਸੇ ਅਣਹੋਣੀ ਦੇ ਡਰ ਕਾਰਨ ਪਰਿਵਾਰ ਵਾਲੇ ਸਾਰੀ ਰਾਤ ਉਸਦੀ ਭਾਲ ਕਰਦੇ ਰਹੇ, ਪਰ ਕੋਈ ਸੁਰਾਗ ਨਹੀਂ ਮਿਲਿਆ।
ਸ਼ੁੱਕਰਵਾਰ ਸਵੇਰੇ ਕਰੀਬ 7:30 ਵਜੇ ਪੁਲਿਸ ਵੱਲੋਂ ਆਈ ਇੱਕ ਫ਼ੋਨ ਕਾਲ ਨੇ ਪਰਿਵਾਰ ਨੂੰ ਝੰਝੋੜ ਕੇ ਰੱਖ ਦਿੱਤਾ। ਪੁਲਿਸ ਨੇ ਦੱਸਿਆ ਕਿ ਜਨਕਪੁਰੀ ਇਲਾਕੇ ਵਿੱਚ ਇੱਕ ਨਿਰਮਾਣ ਅਧੀਨ ਟੋਏ ਦੇ ਅੰਦਰ ਕਮਲ ਆਪਣੀ ਬਾਈਕ ਸਮੇਤ ਡਿੱਗਿਆ ਹੋਇਆ ਮਿਲਿਆ ਹੈ। ਮੌਕੇ ਦੀ ਜਾਂਚ ਦੌਰਾਨ ਸਾਹਮਣੇ ਆਇਆ ਕਿ ਹਨੇਰਾ ਹੋਣ ਅਤੇ ਟੋਏ ਦੇ ਨੇੜੇ ਕਿਸੇ ਵੀ ਤਰ੍ਹਾਂ ਦੀ ਬੈਰੀਕੇਡਿੰਗ ਜਾਂ ਚੇਤਾਵਨੀ ਬੋਰਡ ਨਾ ਹੋਣ ਕਾਰਨ ਬਾਈਕ ਸਿੱਧੀ ਟੋਏ ਵਿੱਚ ਜਾ ਡਿੱਗੀ, ਜਿਸ ਨਾਲ ਕਮਲ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਫਿਲਹਾਲ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਸਥਾਨਕ ਲੋਕਾਂ ਅਤੇ ਪਰਿਵਾਰ ਵਾਲਿਆਂ ਨੇ ਦਿੱਲੀ ਜਲ ਬੋਰਡ ਖ਼ਿਲਾਫ਼ ਭਾਰੀ ਰੋਸ ਜਤਾਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਟੋਏ ਦੇ ਆਲੇ-ਦੁਆਲੇ ਢੁੱਕਵੀਂ ਬੈਰੀਕੇਡਿੰਗ ਜਾਂ ਚੇਤਾਵਨੀ ਸੰਕੇਤ ਹੁੰਦੇ ਤਾਂ ਇਹ ਹਾਦਸਾ ਟਲ ਸਕਦਾ ਸੀ।
ਮ੍ਰਿਤਕ ਦੇ ਇੱਕ ਦੋਸਤ ਨੇ ਦੱਸਿਆ ਕਿ ਵੀਰਵਾਰ ਰਾਤ ਉਸ ਦੀ ਕਮਲ ਨਾਲ ਆਖਰੀ ਵਾਰ ਗੱਲ ਹੋਈ ਸੀ, ਜਿਸ ਦੌਰਾਨ ਕਮਲ ਨੇ ਦੱਸਿਆ ਸੀ ਕਿ ਉਹ ਘਰ ਤੋਂ ਸਿਰਫ਼ 15 ਮਿੰਟ ਦੀ ਦੂਰੀ ’ਤੇ ਹੈ। ਪਰ ਇੱਕ ਘੰਟੇ ਬਾਅਦ ਵੀ ਜਦੋਂ ਉਹ ਘਰ ਨਹੀਂ ਪਹੁੰਚਿਆ ਤਾਂ ਪਰਿਵਾਰ ਨੇ ਉਸ ਦੀ ਭਾਲ ਸ਼ੁਰੂ ਕੀਤੀ। ਦੋਸਤ ਨੇ ਇਹ ਵੀ ਦੱਸਿਆ ਕਿ ਰਾਤ ਸਮੇਂ ਪੁਲਿਸ ਸਟੇਸ਼ਨ ਜਾਣ ’ਤੇ ਉਨ੍ਹਾਂ ਨੂੰ ਕਿਹਾ ਗਿਆ ਕਿ ਸਵੇਰੇ 11 ਵਜੇ ਤੋਂ ਪਹਿਲਾਂ ਸ਼ਿਕਾਇਤ ਦਰਜ ਨਹੀਂ ਕੀਤੀ ਜਾ ਸਕਦੀ।
ਇਸ ਮਾਮਲੇ ’ਤੇ ਦਿੱਲੀ ਦੇ ਮੰਤਰੀ ਆਸ਼ੀਸ਼ ਸੂਦ ਨੇ ਕਿਹਾ ਕਿ ਦਿੱਲੀ ਜਲ ਬੋਰਡ ਵੱਲੋਂ ਕੀਤੇ ਜਾ ਰਹੇ ਕੰਮ ਵਿੱਚ ਸਾਰੀਆਂ ਸੁਰੱਖਿਆ ਸਾਵਧਾਨੀਆਂ ਦੀ ਜਾਂਚ ਦੇ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਜੇਕਰ ਜਾਂਚ ਦੌਰਾਨ ਕਿਸੇ ਅਧਿਕਾਰੀ ਜਾਂ ਵਿਭਾਗ ਦੀ ਲਾਪਰਵਾਹੀ ਸਾਹਮਣੇ ਆਈ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਪੁਲਿਸ ਵੱਲੋਂ ਸੀਸੀਟੀਵੀ ਫੁਟੇਜ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
Delhi Jal Board s Negligence Took A Life Biker Dies After Falling Into Dug Pit
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)