ਦਿੱਲੀ ਯੂਨੀਵਰਸਿਟੀ ਦੇ ਦੌਲਤ ਰਾਮ ਕਾਲਜ ਵਿੱਚ ਇੱਕ ਪ੍ਰੋਫੈਸਰ ’ਤੇ ਵਿਦਿਆਰਥਣ ਨਾਲ ਜਿਨਸੀ ਸ਼ੋਸ਼ਣ, ਛੇੜਛਾੜ ਅਤੇ ਕੁੱਟਮਾਰ ਕਰਨ ਦੇ ਗੰਭੀਰ ਦੋਸ਼ ਲੱਗੇ ਹਨ। ਵਿਦਿਆਰਥਣ ਦੀ ਸ਼ਿਕਾਇਤ ਤੋਂ ਬਾਅਦ ਕਾਲਜ ਪ੍ਰਸ਼ਾਸਨ ਨੇ ਪ੍ਰੋਫੈਸਰ ਨੂੰ ਛੁੱਟੀ ’ਤੇ ਭੇਜ ਦਿੱਤਾ ਹੈ ਅਤੇ ਮਾਮਲੇ ਦੀ ਜਾਂਚ ਅੰਦਰੂਨੀ ਸ਼ਿਕਾਇਤ ਕਮੇਟੀ (ICC) ਨੂੰ ਸੌਂਪ ਦਿੱਤੀ ਹੈ।

ਸ਼ਿਕਾਇਤ ਮੁਤਾਬਕ, ਪ੍ਰੋਫੈਸਰ ਨੇ ਵਿਦਿਆਰਥਣ ਨੂੰ ਕਈ ਅਸ਼ਲੀਲ ਅਤੇ ਇਤਰਾਜ਼ਯੋਗ ਜਿਨਸੀ ਸੰਦੇਸ਼ ਭੇਜੇ ਸਨ। ਉਸ ਨਾਲ ਜ਼ਬਰਦਸਤੀ ਅਤੇ ਛੇੜਛਾੜ ਕਰਨ ਦੀ ਕੋਸ਼ਿਸ਼ ਕਰਨ ਦੇ ਨਾਲ-ਨਾਲ ਪ੍ਰੀਖਿਆ ਵਿੱਚ ਫੇਲ੍ਹ ਕਰਨ ਦੀ ਧਮਕੀ ਦੇਣ ਦੇ ਦੋਸ਼ ਵੀ ਲਗਾਏ ਗਏ ਹਨ। ਦੱਸਿਆ ਗਿਆ ਹੈ ਕਿ ਕਥਿਤ ਘਟਨਾ 27 ਅਕਤੂਬਰ ਨੂੰ ਵਾਪਰੀ ਸੀ ਅਤੇ ਵਿਦਿਆਰਥਣ ਨੇ 29 ਅਕਤੂਬਰ ਨੂੰ ਲਿਖਤੀ ਸ਼ਿਕਾਇਤ ਦਰਜ ਕਰਵਾਈ ਸੀ।

ਯੂਨੀਵਰਸਿਟੀ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਮਾਮਲਾ ICC ਨੂੰ ਭੇਜ ਦਿੱਤਾ ਗਿਆ ਹੈ ਅਤੇ ਜਾਂਚ ਜਾਰੀ ਹੈ। ਜਾਂਚ ਰਿਪੋਰਟ ਦੇ ਆਧਾਰ ’ਤੇ ਅਗਲੀ ਕਾਰਵਾਈ ਕੀਤੀ ਜਾਵੇਗੀ। ਉੱਧਰ, ਕਾਲਜ ਵਿਦਿਆਰਥੀ ਯੂਨੀਅਨ ਦੀ ਪ੍ਰਧਾਨ ਨੇ ਪੀੜਤ ਵਿਦਿਆਰਥਣ ਨੂੰ ਸਮਰਥਨ ਦਿੰਦਿਆਂ ਨਿਰਪੱਖ ਅਤੇ ਸਮਾਂਬੱਧ ਜਾਂਚ ਦੀ ਮੰਗ ਕੀਤੀ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਦੋਸ਼ ਸਹੀ ਸਾਬਤ ਹੁੰਦੇ ਹਨ ਤਾਂ ਪ੍ਰੋਫੈਸਰ ਵਿਰੁੱਧ ਬਰਖ਼ਾਸਤਗੀ ਸਮੇਤ ਸਖ਼ਤ ਕਾਰਵਾਈ ਕੀਤੀ ਜਾਵੇ। ਵਿਦਿਆਰਥੀ ਯੂਨੀਅਨ ਨੇ ਇਨਸਾਫ਼ ਵਿੱਚ ਦੇਰੀ ਹੋਣ ’ਤੇ ਵਿਰੋਧ ਪ੍ਰਦਰਸ਼ਨ ਕਰਨ ਅਤੇ ਮਾਮਲਾ UGC ਕੋਲ ਉਠਾਉਣ ਦੀ ਵੀ ਚਿਤਾਵਨੀ ਦਿੱਤੀ ਹੈ।