ਆਮਦਨ ਤੋਂ ਵੱਧ ਸੰਪਤੀ ਸਬੰਧੀ ਕੇਸ 'ਚ ਕਾਰਜ ਸਾਧਕ ਅਫ਼ਸਰ ਗਿਰੀਸ਼ ਵਰਮਾ ਦੇ ਪੁੱਤਰ ਵਿਕਾਸ ਵਰਮਾ ਨੂੰ ਵਿਜੀਲੈਂਸ ਨੇ ਕੀਤਾ ਗ੍ਰਿਫਤਾਰ

24/07/2024 | Public Times Bureau | panjab

ਪੰਜਾਬ ਵਿਜੀਲੈਂਸ ਬਿਊਰੋ ਨੇ ਮੰਗਲਵਾਰ ਨੂੰ ਸਥਾਨਕ ਸਰਕਾਰਾਂ ਵਿਭਾਗ ਪੰਜਾਬ ਦੇ ਬਰਖਾਸਤ ਕਾਰਜ ਸਾਧਕ ਅਫਸਰ (ਈ. ਓ.) ਗਿਰੀਸ਼ ਵਰਮਾ ਦੇ ਪੁੱਤਰ ਵਿਕਾਸ ਵਰਮਾ ਨੂੰ ਗ੍ਰਿਫਤਾਰ ਕੀਤਾ ਹੈ। ਜ਼ਿਕਰਯੋਗ ਹੈ ਕਿ ਵਿਕਾਸ ਵਰਮਾ, ਉਸਦੇ ਪਿਤਾ ਅਤੇ ਹੋਰਾਂ ‘ਤੇ ਆਮਦਨ ਤੋਂ ਵੱਧ ਸੰਪਤੀ ਬਣਾਉਣ ਦਾ ਕੇਸ ਦਰਜ ਹੈ ਅਤੇ ਗ੍ਰਿਫਤਾਰੀ ਤੋਂ ਬਚਣ ਲਈ ਉਹ (ਵਿਕਾਸ) ਭਗੌੜਾ ਹੋ ਗਿਆ ਸੀ। ਮੁਹਾਲੀ ਅਦਾਲਤ ਨੇ ਅੱਜ ਵਿਜੀਲੈਂਸ ਬਿਊਰੋ ਨੂੰ ਉਸ ਦਾ 3 ਦਿਨ ਦਾ ਪੁਲੀਸ ਰਿਮਾਂਡ ਦੇ ਦਿੱਤਾ ਹੈ।

ਇਹ ਜਾਣਕਾਰੀ ਸਾਂਝੀ ਕਰਦਿਆਂ ਅੱਜ ਇੱਥੇ ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਇਸ ਸਬੰਧੀ ਗਿਰੀਸ਼ ਵਰਮਾ ਅਤੇ ਉਸਦੇ ਤਿੰਨ ਸਾਥੀ - ਸੰਜੀਵ ਕੁਮਾਰ ਵਾਸੀ ਖਰੜ, ਪਵਨ ਕੁਮਾਰ ਸ਼ਰਮਾ ਵਾਸੀ ਪੰਚਕੂਲਾ, ਕਲੋਨਾਈਜ਼ਰ ਅਤੇ ਗੌਰਵ ਗੁਪਤਾ ਸਾਬਕਾ ਨਗਰ ਕੌਂਸਲਰ ਕੁਰਾਲੀ ਪਹਿਲਾਂ ਹੀ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ।

ਹੋਰ ਜਾਣਕਾਰੀ ਦਿੰਦੇ ਹੋਏ ਬੁਲਾਰੇ ਨੇ ਦੱਸਿਆ ਕਿ ਇਸ ਸਬੰਧ ਵਿਚ ਵਿਜੀਲੈਂਸ ਬਿਊਰੋ ਨੇ ਸਾਲ 2022 ਵਿੱਚ ਗਿਰੀਸ਼ ਵਰਮਾ ਅਤੇ ਹੋਰਾਂ ਵਿਰੁੱਧ ਆਮਦਨ ਤੋਂ ਵੱਧ ਸੰਪਤੀ ਰੱਖਣ ਕਰਨ ਲਈ ਐਫ.ਆਈ.ਆਰ. ਨੰ 18 ਤਹਿਤ ਮੁਹਾਲੀ ਵਿਖੇ ਕੇਸ ਦਰਜ ਕੀਤਾ ਸੀ। ਜਾਂਚ ਦੌਰਾਨ ਪਾਇਆ ਗਿਆ ਕਿ ਗਿਰੀਸ਼ ਵਰਮਾ ਨੇ ਆਪਣੀ ਪਤਨੀ ਸੰਗੀਤਾ ਵਰਮਾ ਅਤੇ ਪੁੱਤਰ ਵਿਕਾਸ ਵਰਮਾ ਦੇ ਨਾਂ ’ਤੇ 19 ਪ੍ਰਮੁੱਖ ਰਿਹਾਇਸ਼ੀ/ਵਪਾਰਕ ਜਾਇਦਾਦਾਂ ਖਰੀਦੀਆਂ ਸਨ।

ਬੁਲਾਰੇ ਨੇ ਅੱਗੇ ਖੁਲਾਸਾ ਕੀਤਾ ਕਿ ਕਥਿਤ ਮੁਲਜ਼ਮ ਗਿਰੀਸ਼ ਵਰਮਾ ਜ਼ੀਰਕਪੁਰ, ਖਰੜ, ਕੁਰਾਲੀ, ਡੇਰਾਬੱਸੀ ਆਦਿ ਨਗਰ ਕੌਂਸਲਾਂ ਵਿੱਚ ਈ.ਓ ਦੇ ਅਹੁਦੇ ’ਤੇ ਰਹਿ ਚੁੱਕਾ ਹੈ ਅਤੇ ਸਥਾਨਕ ਬਿਲਡਰਾਂ/ਡਿਵੈਲਪਰਾਂ ਨੂੰ ਗਲਤ ਲਾਭ ਪਹੁੰਚਾਉਂਦਾ ਰਿਹਾ ਹੈ ਅਤੇ ਇਸ ਦੇ ਬਦਲੇ ਉਸ ਨੇ ਨਾਜਾਇਜ਼ ਤੌਰ ’ਤੇ ਉਕਤ ਬਿਲਡਰਾਂ ਦੇ ਖਾਤਿਆਂ ਤੋਂ 'ਅਨਸੈਕਿਉਰਡ ਲੋਨ' ਵਜੋਂ ਅਪਣੀ ਪਤਨੀ ਅਤੇ ਪੁੱਤਰ ਦੇ ਨਾਂ ’ਤੇ ਬੈਂਕ ਐਂਟਰੀਆਂ ਘੁਮਾ ਕੇ ਕਾਫ਼ੀ ਨਾਜਾਇਜ਼ ਪੈਸਾ ਜੁਟਾਇਆ। ਇਸ ਤੋਂ ਇਲਾਵਾ, ਇਸ ਪੈਸੇ ਦੀ ਵਰਤੋਂ ਜਾਇਦਾਦ ਖਰੀਦਣ ਲਈ ਕੀਤੀ ਗਈ ਸੀ। ਬੁਲਾਰੇ ਨੇ ਦੱਸਿਆ ਕਿ ਵਿਕਾਸ ਵਰਮਾ ਅਤੇ ਸੰਗੀਤਾ ਵਰਮਾ ਕੋਲ ਇਨ੍ਹਾਂ ਨਜਾਇਜ਼ ਪੈਸਿਆਂ ਨਾਲ ਖਰੀਦੀਆਂ ਜਾਇਦਾਦਾਂ ਤੋਂ ਜੁਟਾਏ ਕਿਰਾਏ ਤੋਂ ਇਲਾਵਾ ਆਮਦਨ ਦਾ ਕੋਈ ਹੋਰ ਜਾਇਜ਼ ਸਰੋਤ ਨਹੀਂ ਸੀ।

ਬੁਲਾਰੇ ਨੇ ਦੱਸਿਆ ਕਿ ਉਕਤ ਵਿਕਾਸ ਵਰਮਾ ਸਾਲ 2019-20 ਵਿੱਚ ਰੀਅਲ ਅਸਟੇਟ ਫਰਮਾਂ -‘ਬਾਲਾਜੀ ਇੰਫਰਾ ਬਿਲਡਟੈਕ’ ਅਤੇ ‘ਬਾਲਾਜੀ ਡਿਵੈਲਪਰਸ’ ਵਿੱਚ ਆਪਣੇ ਪਿਤਾ ਦੇ ਕਾਲੇ ਧਨ ਨੂੰ ਲਾਂਡਰਿੰਗ ਕਰਕੇ ਅਤੇ ਗੈਰ-ਸੁਰੱਖਿਅਤ ਕਰਜ਼ਿਆਂ ਵਜੋਂ ਬੈਂਕ ਐਂਟਰੀਆਂ ਘੁਮਾ ਕੇ ਇਸ ਨੂੰ ਜਾਇਜ਼ ਪੈਸੇ ਵਜੋਂ ਬਦਲ ਦਿੰਦਾ ਸੀ।

ਉਨ੍ਹਾਂ ਦੱਸਿਆ ਕਿ ਵਿਕਾਸ ਵਰਮਾ ਦੇ ਭਾਈਵਾਲ, ਜੋ ਕਿ ਇਸ ਕੇਸ ਵਿੱਚ ਹੁਣ ਸਹਿ-ਦੋਸ਼ੀ ਹਨ, ਸੰਜੀਵ ਕੁਮਾਰ, ਗੌਰਵ ਗੁਪਤਾ ਅਤੇ ਅਸ਼ੀਸ਼ ਸ਼ਰਮਾ, ਸਾਰੇ ਵਾਸੀ ਕੁਰਾਲੀ, ਪਲਾਟਾਂ ਦੀ ਵਿਕਰੀ ਅਤੇ ਰਿਹਾਇਸ਼ੀ ਕਲੋਨੀਆਂ ਨੂੰ ਗੈਰ ਵਾਜਿਸ ਢੰਗ ਰੈਗੂਲਰ ਬਣਾਉਣ ਲਈ ਪੁਰਾਣੇ ਇਕਰਾਰਨਾਮੇ ਤਿਆਰ ਕਰਕੇ ਧੋਖਾਧੜੀ ਦੀਆਂ ਗਤੀਵਿਧੀਆਂ ਵਿੱਚ ਸ਼ਾਮਲ ਸਨ।

ਬੁਲਾਰੇ ਨੇ ਦੱਸਿਆ ਕਿ ਮੁਲਜ਼ਮ ਗੌਰਵ ਗੁਪਤਾ ਇਨ੍ਹਾਂ ਫਰਮਾਂ ਦਾ ਸੰਸਥਾਪਕ ਅਤੇ ਬਾਲਾਜੀ ਇੰਫਰਾ ਬਿਲਡਟੈਕ ਵਿੱਚ 80 ਫੀਸਦੀ ਹਿੱਸਾ ਰੱਖਣ ਵਾਲਾ ਪ੍ਰਮੁੱਖ ਭਾਈਵਾਲ ਸੀ, ਜਿਸ ਨੇ ਖਰੜ ਵਿੱਚ ਖੇਤੀਬਾੜੀ ਵਾਲੀ ਜ਼ਮੀਨ ਖਰੀਦਣ ਲਈ ਹੋਰਨਾਂ ਭਾਈਵਾਲਾਂ ਨਾਲ ਮਿਲ ਕੇ ਆਪਣੇ ਸ਼ੇਅਰਾਂ ਵਜੋਂ ਕਰੋੜਾਂ ਰੁਪਏ ਦਾ ਨਿਵੇਸ਼ ਕੀਤਾ ਸੀ ਅਤੇ ਫਿਰ ਗੈਰ-ਕਾਨੂੰਨੀ ਢੰਗ ਨਾਲ ਇਸ ਜ਼ਮੀਨ ’ਤੇ ਰਿਹਾਇਸ਼ੀ ਕਾਲੋਨੀ ਨਿਯਮਤ ਕਰਵਾ ਲਈ ਸੀ। ਇਸ ਤੋਂ ਬਾਅਦ ਉਸ ਦਾ 15 ਫੀਸਦੀ ਹਿੱਸਾ ਗਿਰੀਸ਼ ਵਰਮਾ ਦੇ ਪੁੱਤਰ ਵਿਕਾਸ ਵਰਮਾ ਨੂੰ ਟਰਾਂਸਫਰ ਕਰ ਦਿੱਤਾ।

ਬੁਲਾਰੇ ਨੇ ਦੱਸਿਆ ਕਿ ਵਿਕਾਸ ਵਰਮਾ ਦੀ ਅਗਾਊਂ ਜ਼ਮਾਨਤ ਹਾਈ ਕੋਰਟ ਨੇ ਪਹਿਲਾਂ ਖਾਰਜ ਕਰ ਦਿੱਤੀ ਸੀ। ਇਸ ਤੋਂ ਬਾਅਦ ਮੋਹਾਲੀ ਦੀ ਅਦਾਲਤ ਨੇ ਵਿਕਾਸ ਵਰਮਾ ਨੂੰ ਭਗੌੜਾ ਕਰਾਰ ਦੇ ਦਿੱਤਾ ਹੈ ਅਤੇ ਵਿਜੀਲੈਂਸ ਬਿਊਰੋ ਹੱਥੋਂ ਗ੍ਰਿਫਤਾਰੀ ਦੇ ਡਰੋਂ ਅੱਜ ਉਸ ਨੇ ਅਦਾਲਤ ਵਿੱਚ ਆਤਮ ਸਮਰਪਣ ਕਰ ਦਿੱਤਾ ਹੈ। ਇਸ ਸਬੰਧੀ ਅਗਲੇਰੀ ਜਾਂਚ ਜਾਰੀ ਹੈ।

Vikas Verma Son Of Career Officer Girish Verma Has Been Arrested By Vigilance In A Case Related To Disproportionate Assets


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App