ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਨਵੀਨੀਕਰਨ ਮਗਰੋਂ ਲੁਧਿਆਣਾ ਦਾ ਸਿਵਲ ਹਸਪਤਾਲ ਲੋਕਾਂ ਨੂੰ ਸਮਰਪਿਤ

18/03/2025 | Public Times Bureau | Panjab

ਪੰਜਾਬ ਵਾਸੀਆਂ ਨੂੰ ਮਿਆਰੀ ਸਿਹਤ ਸੰਭਾਲ ਸੇਵਾਵਾਂ ਮੁਹੱਈਆ ਕਰਨ ਦੇ ਮੰਤਵ ਨਾਲ ਇਕ ਹੋਰ ਕਦਮ ਚੁੱਕਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਨਵੀਂ ਦਿੱਖ ਮਿਲਣ ਮਗਰੋਂ ਸਿਵਲ ਹਸਪਤਾਲ ਲੋਕਾਈ ਨੂੰ ਸਮਰਪਿਤ ਕੀਤਾ।

ਸੂਬਾ ਸਰਕਾਰ ਅਤੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਦੀਆਂ ਅਣਥੱਕ ਕੋਸ਼ਿਸ਼ਾਂ ਸਦਕਾ ਲੁਧਿਆਣਾ ਦੇ ਸਿਵਲ ਹਸਪਤਾਲ ਦੀ ਕਾਇਆ-ਕਲਪ ਹੋਈ ਹੈ ਅਤੇ ਇੱਥੇ ਕਈ ਮਿਸਾਲੀ ਪਹਿਲਕਦਮੀਆਂ ਸਫ਼ਲਤਾ ਪੂਰਵਕ ਲਾਗੂ ਕੀਤੀਆਂ ਗਈਆਂ ਹਨ। ਇਸ ਨਾਲ ਨਾ ਸਿਰਫ਼ ਹਸਪਤਾਲ ਦੇ ਬੁਨਿਆਦੀ ਢਾਂਚੇ ਦਾ ਨਵੀਨੀਕਰਨ ਹੋਇਆ ਹੈ, ਸਗੋਂ ਇਸ ਤੋਂ ਮਿਆਰੀ ਸਿਹਤ ਸੰਭਾਲ ਸੇਵਾਵਾਂ ਮੁਹੱਈਆ ਕਰਨ ਦੀ ਵਚਨਬੱਧਤਾ ਝਲਕਦੀ ਹੈ। ਇਸ ਆਧੁਨਿਕੀਕਰਨ ਦੀਆਂ ਕੋਸ਼ਿਸ਼ਾਂ ਨਾਲ ਜਨਤਕ ਸਿਹਤ ਸੰਭਾਲ ਸੇਵਾਵਾਂ ਦੇ ਮਿਆਰ ਨੂੰ ਉੱਚਾ ਚੁੱਕਣ ਦੀ ਸਾਂਝੀ ਵਚਨਬੱਧਤਾ ਦਾ ਪਤਾ ਲੱਗਦਾ ਹੈ।

ਸਿਹਤ ਸੰਭਾਲ ਬੁਨਿਆਦੀ ਢਾਂਚੇ ਵਿੱਚ ਸੁਧਾਰ ਅਤੇ ਮਰੀਜ਼ਾਂ ਦੀ ਮਿਆਰੀ ਸਾਂਭ-ਸੰਭਾਲ ਦੀ ਵਚਨਬੱਧਤਾ ਤਹਿਤ ਇਨ੍ਹਾਂ ਪਹਿਲਕਦਮੀਆਂ ਨੂੰ ਬਾਰੀਕੀ ਨਾਲ ਯੋਜਨਾਬੱਧ ਢੰਗ ਨਾਲ ਲਾਗੂ ਕੀਤਾ ਗਿਆ ਹੈ। ਇਨ੍ਹਾਂ ਹੰਭਲਿਆਂ ਦਾ ਮੰਤਵ ਹਸਪਤਾਲ ਵਿਚਲੀਆਂ ਸਹੂਲਤਾਂ ਦਾ ਆਧੁਨਿਕੀਕਰਨ, ਮਰੀਜ਼ਾਂ ਦੀ ਸਹੂਲਤ ਵਿੱਚ ਵਾਧਾ ਅਤੇ ਸੁਰੱਖਿਅਤ ਤੇ ਸਾਫ਼-ਸੁਥਰਾ ਮਾਹੌਲ ਯਕੀਨੀ ਬਣਾਉਣਾ ਹੈ। ਲੋਕਾਂ ਦੀ ਸਹੂਲਤ ਲਈ ਤਕਰੀਬਨ ਇਕ ਕਰੋੜ ਰੁਪਏ ਦੀ ਲਾਗਤ ਨਾਲ ਅਤਿ-ਆਧੁਨਿਕ ਆਰਥੋਪੈਡਿਕ ਅਪਰੇਸ਼ਨ ਥੀਏਟਰ ਬਣਾਇਆ ਗਿਆ ਹੈ, ਜਿਸ ਨਾਲ ਹਸਪਤਾਲ ਵਿੱਚ ਅਪਰੇਸ਼ਨ ਕਰਨ ਦੀ ਸਮਰੱਥਾ ਵਿੱਚ ਵਾਧਾ ਹੋਵੇਗਾ।

ਇਸ ਵਿਸ਼ਵ ਪੱਧਰੀ ਹਸਪਤਾਲ ਵਿੱਚ ਅਪਰੇਸ਼ਨ ਸਬੰਧੀ ਅਤਿ-ਆਧੁਨਿਕ ਤਕਨਾਲੋਜੀ ਤੇ ਉਪਰਕਰਨਾਂ ਨਾਲ ਲੈਸ ਕੀਤਾ ਗਿਆ ਹੈ, ਜਿਸ ਨਾਲ ਇੱਥੇ ਆਰਥੋਪੈਡਿਕ ਨਾਲ ਸਬੰਧਤ ਗੁੰਝਲਦਾਰ ਪ੍ਰਕਿਰਿਆ ਨੂੰ ਕਾਰਜਕੁਸ਼ਲ ਤਰੀਕੇ ਨਾਲ ਨੇਪਰੇ ਚਾੜ੍ਹਿਆ ਜਾ ਸਕੇਗਾ। ਇਸ ਆਧੁਨਿਕ ਡਿਜ਼ਾਇਨ ਨਾਲ ਹਸਪਤਾਲ ਵਿੱਚ ਰੋਗਾਣੂ ਰਹਿਤ ਮਾਹੌਲ ਯਕੀਨੀ ਬਣੇਗਾ, ਜਿਸ ਨਾਲ ਮਰੀਜ਼ਾਂ ਦੀ ਸੁਰੱਖਿਆ ਵਧੇਗੀ ਅਤੇ ਉਹ ਅਪਰੇਸ਼ਨ ਤੋਂ ਬਾਅਦ ਛੇਤੀ ਸਿਹਤਯਾਬ ਹੋਣਗੇ। ਇਸੇ ਤਰ੍ਹਾਂ ਓ.ਪੀ.ਡੀ., ਐਮਰਜੈਂਸੀ ਯੂਨਿਟ ਅਤੇ ਇਨਪੇਸ਼ੈਂਟ ਵਾਰਡਾਂ ਵਿਚਲੇ ਸਾਰੇ ਪਖ਼ਾਨਿਆਂ ਨੂੰ ਨਵੀਂ ਦਿੱਖ ਦਿੱਤੀ ਗਈ ਹੈ।

ਇਨ੍ਹਾਂ ਪਖ਼ਾਨਿਆਂ ਵਿੱਚ ਸਾਰੀ ਫਿਟਿੰਗਜ਼ ਬਦਲਣ ਤੋਂ ਇਲਾਵਾ ਫ਼ਰਸ਼ ਨੂੰ ਤਿਲਕਣ ਰਹਿਤ ਅਤੇ ਕੁਸ਼ਲ ਡਰੇਨੇਜ਼ ਸਿਸਟਮ ਨਾਲ ਲੈਸ ਕੀਤਾ ਗਿਆ ਹੈ ਤਾਂ ਕਿ ਇੱਥੇ ਸਾਫ਼-ਸਫ਼ਾਈ ਦੇ ਉੱਚ ਮਾਪਦੰਡ ਬਰਕਰਾਰ ਰੱਖੇ ਜਾਣ। ਮਰੀਜ਼ਾਂ ਦੀ ਸੰਭਾਲ ਵਿੱਚ ਸਾਫ਼-ਸਫ਼ਾਈ ਦੇ ਮਹੱਤਵ ਨੂੰ ਸਮਝਦਿਆਂ ਹਸਪਤਾਲ ਨੂੰ ਬਿਹਤਰੀਨ ਮਿਆਰ ਵਾਲੀਆਂ 500 ਨਵੀਆਂ ਚਾਂਦਰਾਂ ਸਪਲਾਈ ਕੀਤੀਆਂ ਗਈਆਂ ਹਨ। ਪੀਣ ਯੋਗ ਪਾਣੀ ਮੁਹੱਈਆ ਕਰਨ ਦੀ ਅਹਿਮ ਲੋੜ ਨੂੰ ਹੱਲ ਕਰਦਿਆਂ ਹਸਪਤਾਲ ਵਿੱਚ ਅਹਿਮ ਥਾਵਾਂ ਉਤੇ 80 ਲਿਟਰ ਦੀ ਸਮਰੱਥਾ ਵਾਲੇ ਪੰਜ ਆਧੁਨਿਕ ਵਾਟਰ ਕੂਲਰ ਲਗਾਏ ਗਏ ਹਨ।

ਇਹ ਵਾਟਰ ਕੂਲਰ ਮਰੀਜ਼ਾਂ ਤੇ ਉਨ੍ਹਾਂ ਨਾਲ ਆਉਣ ਵਾਲੇ ਅਟੈਂਡੈਂਟਾਂ ਨੂੰ ਸਾਫ਼ ਤੇ ਠੰਢਾ ਪਾਣੀ ਮੁਹੱਈਆ ਕਰਨਗੇ। ਹਸਪਤਾਲ ਨੂੰ ਵਧੀਆ ਦਿੱਖ ਦੇਣ ਅਤੇ ਸਾਫ਼-ਸੁਥਰਾ ਵਾਤਾਵਰਣ ਬਣਾਈ ਰੱਖਣ ਲਈ ਹਸਪਤਾਲ ਦੇ ਪੂਰੇ ਅਹਾਤੇ ਵਿੱਚ ਪੰਜ ਫੁੱਟ ਦੀ ਉਚਾਈ ਤੱਕ ਚਾਰਦੀਵਾਰੀ `ਤੇ ਨਵੀਆਂ ਟਾਈਲਾਂ ਲਗਾਈਆਂ ਗਈਆਂ ਹਨ। ਹਸਪਤਾਲ ਦੇ ਅੰਦਰ ਸਾਰੇ ਜ਼ਰੂਰੀ ਸਿਵਲ ਕੰਮਾਂ ਦੀ ਮੁਰੰਮਤ ਅਤੇ ਸਾਂਭ-ਸੰਭਾਲ ਕੀਤੀ ਗਈ ਹੈ। ਹਸਪਤਾਲ ਦੀ ਚਾਰਦੀਵਾਰੀ ਨੂੰ ਨਵੀਂ ਦਿੱਖ ਦੇਣ ਸਮੇਤ ਟੁੱਟੇ ਹੋਏ ਫ਼ਰਸ਼ ਦੀ ਮੁਰੰਮਤ ਕੀਤੀ ਗਈ ਅਤੇ ਪਿਛਲੇ ਸਾਲਾਂ ਵਿੱਚ ਇਮਾਰਤ ਨੂੰ ਹੋਏ ਨੁਕਸਾਨ ਨੂੰ ਦਰੁਸਤ ਕੀਤਾ ਗਿਆ। ਹਸਪਤਾਲ ਦੇ ਬੁਨਿਆਦੀ ਢਾਂਚੇ ਨੂੰ ਬਰਸਾਤ ਦੌਰਾਨ ਚੋਣ ਤੋਂ ਬਚਾਉਣ ਤੇ ਹੋਰ ਸੰਭਾਵੀ ਨੁਕਸਾਨ ਦੇ ਮੱਦੇਨਜ਼ਰ ਸਾਰੀ ਛੱਤ ਉਤੇ ਆਧੁਨਿਕ ਮਟੀਰੀਅਲ ਤੇ ਤਕਨੀਕਾਂ ਨਾਲ ਵਾਟਰ ਪਰੂਫਿੰਗ ਕਰਵਾਈ ਗਈ। ਇਸੇ ਤਰ੍ਹਾਂ ਹਸਪਤਾਲ ਦੇ ਖ਼ਸਤਾ ਹਾਲ ਦਰਵਾਜ਼ਿਆਂ ਤੇ ਖਿੜਕੀਆਂ ਨੂੰ ਬਦਲਿਆ ਜਾਂ ਮੁਰੰਮਤ ਕੀਤੀ ਗਈ।

ਹਸਪਤਾਲ ਦੀਆਂ 12 ਸਾਲਾਂ ਤੋਂ ਬੰਦ ਪਈਆਂ ਦੋ ਪੁਰਾਣੀਆਂ ਲਿਫ਼ਟਾਂ ਨੂੰ ਤਬਦੀਲ ਕੀਤਾ ਗਿਆ ਹੈ ਅਤੇ ਬੰਦ ਪਏ ਪੱਖਿਆਂ ਤੇ ਲਾਈਟਾਂ ਨੂੰ ਬਦਲਿਆ ਗਿਆ ਹੈ। ਰਾਤ ਨੂੰ ਹਸਪਤਾਲ ਵਿੱਚ ਰੌਸ਼ਨੀ ਰੱਖਣ ਲਈ ਹਸਪਤਾਲ ਦੇ ਸਮੁੱਚੀ ਲਾਈਟਿੰਗ ਪ੍ਰਣਾਲੀ ਨੂੰ ਦਰੁਸਤ ਕਰ ਕੇ ਪੂਰੀ ਤਰ੍ਹਾਂ ਕਾਰਜਸ਼ੀਲ ਕੀਤਾ ਗਿਆ ਹੈ ਤਾਂ ਕਿ ਰਾਤ ਨੂੰ ਮਰੀਜ਼ਾਂ ਦੀ ਸੁਰੱਖਿਆ ਵਿੱਚ ਕੋਈ ਕੁਤਾਹੀ ਨਾ ਹੋਵੇ। ਵਾਹਨਾਂ ਦੀ ਸੁਚਾਰੂ ਗਤੀਵਿਧੀ ਯਕੀਨੀ ਬਣਾਉਣ ਅਤੇ ਪੈਦਲ ਆਉਣ ਵਾਲਿਆਂ ਦੀ ਸਹੂਲਤ ਲਈ ਹਸਪਤਾਲ ਦੇ ਅੰਦਰ ਵਾਲੀਆਂ ਸਾਰੀਆਂ ਖ਼ਸਤਾ ਹਾਲ ਸੜਕਾਂ ਨੂੰ ਤੋੜ ਕੇ ਨਵੇਂ ਸਿਰੇ ਤੋਂ ਬਣਾਇਆ ਗਿਆ ਹੈ।

ਪਾਰਕਿੰਗ ਪ੍ਰਬੰਧਾਂ ਨੂੰ ਸੁਚਾਰੂ ਬਣਾਉਣ ਲਈ ਸਾਰੇ ਪਾਰਕਿੰਗ ਖ਼ੇਤਰ ਵਿੱਚ ਉੱਚ ਮਿਆਰ ਵਾਲੇ ਪੇਵਰ ਬਲਾਕ ਲਗਾਏ ਗਏ ਹਨ। ਮਰੀਜ਼ਾਂ ਨੂੰ ਇੰਤਜ਼ਾਰ ਵੇਲੇ ਠਹਿਰ ਦੇਣ ਲਈ ਪੰਜ ਹਜ਼ਾਰ ਸਕੁਏਰ ਫੁੱਟ ਦੇ ਸ਼ੈੱਡ ਦਾ ਨਿਰਮਾਣ ਕੀਤਾ ਗਿਆ ਹੈ, ਜਿਸ ਨਾਲ ਮਰੀਜ਼ਾਂ ਤੇ ਉਨ੍ਹਾਂ ਨਾਲ ਆਉਣ ਵਾਲੇ ਅਟੈਡੈਂਟਾਂ ਨੂੰ ਖ਼ਰਾਬ ਮੌਸਮ ਵਿੱਚ ਸਿਰ ਢਕਣ ਲਈ ਛੱਤ ਮਿਲੇਗੀ। ਇਸੇ ਤਰ੍ਹਾਂ ਹਸਪਤਾਲ ਦੇ ਬਾਹਰੀ ਖ਼ੇਤਰ ਨੂੰ ਵਧੀਆ ਦਿੱਖ ਦੇਣ ਲਈ ਸਮੁੱਚੇ ਲੈਂਡਸਕੇਪ ਨੂੰ ਹਰੀ-ਭਰੀ ਦਿੱਖ ਦਿੱਤੀ ਗਈ ਹੈ।

ਹਸਪਤਾਲ ਦੇ ਮੁੱਖ ਗੇਟ ਨੂੰ ਨਾ ਸਿਰਫ਼ ਮਜ਼ਬੂਤ ਕੀਤਾ ਗਿਆ ਹੈ, ਸਗੋਂ ਇਸ ਨੂੰ ਨਵਾਂ ਰੂਪ ਦਿੱਤਾ ਗਿਆ ਹੈ ਤਾਂ ਕਿ ਇੱਥੇ ਆਉਣ ਵਾਲਿਆਂ ਨੂੰ ਵਧੀਆ ਮਾਹੌਲ ਮਿਲੇ। ਅਵਾਰਾ ਪਸ਼ੂਆਂ ਨੂੰ ਰੋਕਣ ਲਈ ਹਸਪਤਾਲ ਦੇ ਮੁੱਖ ਗੇਟ ਉਤੇ ਗਰਿੱਲਾਂ ਲਾਈਆਂ ਗਈਆਂ ਹਨ ਤਾਂ ਕਿ ਕੋਈ ਵੀ ਜਾਨਵਰ ਹਸਪਤਾਲ ਅੰਦਰ ਦਾਖ਼ਲ ਨਾ ਹੋ ਸਕੇ ਅਤੇ ਹਸਪਤਾਲ ਦੇ ਅੰਦਰ ਸਾਫ਼-ਸੁਥਰਾ ਮਾਹੌਲ ਯਕੀਨੀ ਬਣੇ। ਹਸਪਤਾਲ ਵਿੱਚ ਚੂਹਿਆਂ ਦੀ ਸਮੱਸਿਆ ਉਤੇ ਕਾਬੂ ਪਾਉਣ ਲਈ ਵੀ ਢੁਕਵੇਂ ਪ੍ਰਬੰਧ ਕੀਤੇ ਗਏ ਹਨ। ਹਸਪਤਾਲ ਦੀ ਸਮੁੱਚੀ ਚਾਰਦੀਵਾਰੀ ਦਾ ਨਵ-ਨਿਰਮਾਣ ਕਰਵਾਇਆ ਗਿਆ ਤਾਂ ਕਿ ਹਸਪਤਾਲ ਦੀ ਸੁਰੱਖਿਆ ਨੂੰ ਮਜ਼ਬੂਤ ਕੀਤਾ ਜਾਵੇ।

Ludhiana Civil Hospital Dedicated To The People After Renovation By Arvind Kejriwal And Chief Minister Bhagwant Singh Mann


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App