ਸਹਿਕਾਰੀ ਖੰਡ ਮਿੱਲ ਦੀ ਭਰਤੀ 'ਚ ਪੰਜਾਬੀ ਭਾਸ਼ਾ ਤੋਂ ਛੋਟ, ਭਾਸ਼ਾ ਵਿਭਾਗ ਨੇ ਦੱਸਿਆ ਗ਼ੈਰ ਕਾਨੂੰਨੀ; ਪੱਤਰ ਜਾਰੀ ਕਰ ਕੇ ਪ੍ਰਗਟਾਇਆ ਇਤਰਾਜ਼

06/06/2025 | Public Times Bureau | Panjab

ਭਾਸ਼ਾ ਵਿਭਾਗ ਨੇ ਸਹਿਕਾਰੀ ਖੰਡ ਮਿੱਲ ਲਿਮਿਟਡ ਪੰਜਾਬ ਵੱਲੋਂ 166 ਵੱਖ-ਵੱਖ ਅਸਾਮੀਆਂ ਦੀ ਭਰਤੀ ਦੀ ਚੋਣ ਪ੍ਰਕ੍ਰਿਆ ਨੂੰ ਗ਼ੈਰ-ਕਾਨੂੰਨੀ ਕਰਾਰ ਦਿੱਤਾ ਹੈ। ਦੱਸਣਯੋਗ ਹੈ ਕਿ ਸਹਿਕਾਰੀ ਖੰਡ ਮਿਲਾਂ ’ਚ ਭਰਤੀ ਲਈ ਸਹਿਕਾਰੀ ਖੰਡ ਮਿੱਲ ਪੰਜਾਬ ਦੇ ਐੱਮਡੀ ਵੱਲੋਂ ਜਾਰੀ ਕੀਤੇ ਇਸ਼ਤਿਹਾਰ ’ਚ ਭਰਤੀ ਤੋਂ ਪਹਿਲਾਂ ਦਸਵੀ ਪੱਧਰ ਦੀ ਪੰਜਾਬੀ ਪਾਸ ਕਰਨ ਦੀ ਸ਼ਰਤ ਤੋਂ ਛੋਟ ਦਿੱਤੀ ਗਈ ਹੈ।ਇਸ ਸਬੰਧੀ ਭਾਸ਼ਾ ਵਿਭਾਗ ਦੇ ਨਿਰਦੇਸ਼ਕ ਨੇ ਸਹਿਕਾਰੀ ਖੰਡ ਮਿੱਲ ਪੰਜਾਬ ਦੇ ਮੈਨੇਜਿੰਗ ਡਾਇਰੈਕਟਰ ਨੂੰ ਸਖ਼ਤ ਸ਼ਬਦਾਂ ’ਚ ਪੱਤਰ ਲਿਖਿਆ ਹੈ। ਪੱਤਰ ’ਚ ਕਿਹਾ ਗਿਆ ਹੈ ਕਿ ਵਿਭਾਗ ਦੇ ਧਿਆਨ ’ਚ ਆਇਆ ਹੈ ਕਿ ਤੁਹਾਡੇ ਦਫ਼ਤਰ ਵੱਲੋਂ ਵੱਖ-ਵੱਖ (166) ਆਸਾਮੀਆਂ ਦੀ ਭਰਤੀ ਲਈ ਇਸ਼ਤਿਹਾਰ ਜਾਰੀ ਕੀਤਾ ਗਿਆ ਹੈ। ਜਿਸ ’ਚ ਲਿਖਿਆ ਗਿਆ ਹੈ ਕਿ ਉਮੀਦਵਾਰਾਂ ਨੂੰ ਦਸਵੀਂ ਪੱਧਰ ਤੱਕ ਪੰਜਾਬੀ ਭਾਸ਼ਾ ਪਾਸ ਕਰਨ ਦੀ ਪੁਰਬਲੀ ਸ਼ਰਤ ਪੂਰੀ ਕੀਤੇ ਬਗ਼ੈਰ ਪ੍ਰੀਖਿਆ ’ਚ ਬੈਠਣ ਦੀ ਇਜ਼ਾਜ਼ਤ ਹੋਵੇਗੀ।

ਉਮੀਦਵਾਰ ਤਿੰਨ ਸਾਲਾਂ ਦੀ ਪ੍ਰੋਬੇਸ਼ਨ ਮਿਆਦ ਦੌਰਾਨ ਪੰਜਾਬੀ ਭਾਸ਼ਾ ਦੀ ਪ੍ਰੀਖਿਆ ਪਾਸ ਕਰ ਸਕੇਗਾ। ਪੱਤਰ ’ਚ ਕਿਹਾ ਗਿਆ ਹੈ ਇਹ ਭਰਤੀ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ/ਸ਼ਹਿਰਾਂ ਲਈ ਕੀਤੀ ਜਾ ਰਹੀ ਹੈ ਤੇ ਇਸ ਭਰਤੀ ’ਚ ਪੰਜਾਬੀ ਭਾਸ਼ਾ ਦੇ ਵਿਸ਼ੇ ਨੂੰ ਲਾਜ਼ਮੀ ਨਹੀਂ ਕੀਤਾ ਗਿਆ ਹੈ। ਭਾਸ਼ਾਈ ਨਜ਼ਰੀਏ ਤੋਂ ਇਹ ਚੋਣ ਪ੍ਰਕਿਰਿਆ ਗ਼ੈਰ ਕਾਨੂੰਨੀ ਹੈ। ਤੁਹਾਡੇ ਵੱਲੋਂ ਪੰਜਾਬ ’ਚ ਕੰਮ ਕਰਨ ਵਾਲਿਆਂ ਲਈ ਪੰਜਾਬੀ ਭਾਸ਼ਾ ਦਾ ਗਿਆਨ ਹੋਣਾ ਜ਼ਰੂਰੀ ਕਿਉਂ ਨਹੀਂ ਸਮਝਿਆ ਗਿਆ? ਤੁਹਾਡੀ ਜਾਣਕਾਰੀ ਲਈ ਦੱਸਿਆ ਜਾਂਦਾ ਹੈ ਕਿ ਹੋਰ ਲਗਭਗ ਸਾਰੇ ਸੂਬਿਆਂ ’ਚ ਨੌਕਰੀ ’ਚ ਰੱਖੇ ਜਾਣ ਤੋਂ ਪਹਿਲਾਂ ਉੱਥੋਂ ਦੀ ਰਾਜ ਭਾਸ਼ਾ ’ਚ ਪ੍ਰਬੀਨਤਾ ਦੀ ਪਰਖ ਕੀਤੀ ਜਾਂਦੀ ਹੈ। ਮਿਸਾਲ ਵਜੋਂ ਮਹਾਰਾਸ਼ਟਰ ’ਚ ਸਹਿਕਾਰੀ ਸੇਵਾਵਾਂ ਦੀ ਚੋਣ ਲਈ, ਹੁੰਦੀ ਪ੍ਰੀਖਿਆ ’ਚ ਕੁਲ ਅੰਕਾਂ ’ਚੋਂ 30 ਫ਼ੀਸਦੀ ਅੰਕ ਮਰਾਠੀ ਭਾਸ਼ਾ ’ਚ ਪ੍ਰਬੀਨਤਾ ਦੇ ਰੱਖੇ ਹੋਏ ਹਨ ਭਾਵ ਉੱਥੇ ਸਹਿਕਾਰੀ ਖੇਤਰ ਦੇ ਕਰਮਚਾਰੀਆਂ/ ਅਧਿਕਾਰੀਆਂ ਲਈ ਉੱਥੋਂ ਦੀ ਰਾਜ ਭਾਸ਼ਾ ਮਰਾਠੀ ’ਚ ਨੌਕਰੀ ਤੋਂ ਪਹਿਲਾਂ ਪ੍ਰਬੀਨਤਾ ਨੂੰ ਯਕੀਨੀ ਬਣਾਇਆ ਜਾਂਦਾ ਹੈ।

ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ ਨੇ ਸਹਿਕਾਰੀ ਖੰਡ ਮਿੱਲ ਪੰਜਾਬ ਦੇ ਐੱਮਡੀ ਨੂੰ ਭਾਸ਼ਾ ਸਬੰਧੀ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਉਮ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ‘ਪੰਜਾਬ ਸਿਵਲ ਸੇਵਾਵਾਂ ਨਿਯਮਾਂਵਲੀ’ ਮੁਤਾਬਕ ਕੋਈ ਵਿਅਕਤੀ ਕਿਸੇ ਵੀ ਸੇਵਾ ’ਚ, ਕਿਸੇ ਵੀ ਆਸਾਮੀ ’ਤੇ ਸਿੱਧੀ ਭਰਤੀ ਰਾਹੀਂ ਉਦੋਂ ਤੱਕ ਨਿਯੁਕਤ ਨਹੀਂ ਕੀਤਾ ਜਾਵੇਗਾ ਜਦੋਂ ਤੱਕ ਉਸ ਨੇ ਦਸਵੀਂ ਜਮਾਤ ਤੱਕ ਲਾਜ਼ਮੀ ਜਾਂ ਚੋਣਵੇ ਵਿਸ਼ੇ ਦੇ ਤੌਰ ’ਤੇ ਪੰਜਾਬੀ ਜਾਂ ਇਸ ਦੇ ਬਰਾਬਰ (ਸਟੈਂਡਰਡ) ਦਾ ਪੰਜਾਬੀ ਭਾਸ਼ਾ ’ਚ ਕੋਈ ਹੋਰ ਇਮਤਿਹਾਨ, ਜੋ ਪੰਜਾਬ ਸਰਕਾਰ ਵੱਲੋਂ ਸਮੇਂ-ਸਮੇਂ ’ਤੇ ਤੈਅ ਕੀਤਾ ਗਿਆ ਹੋਵੇ, ਪਾਸ ਨਾ ਕੀਤਾ ਹੋਵੇ। ਇਸ ਲਈ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਇਸ ਇਸ਼ਤਿਹਾਰ ’ਚ ਨਿਯੁਕਤੀ ਸਮੇਂ ਦਸਵੀਂ ਪੱਧਰ ਦੀ ਪੰਜਾਬੀ ਭਾਸ਼ਾ ਨੂੰ ਲਾਜ਼ਮੀ ਬਣਾਇਆ ਜਾਵੇ ਤੇ ਭਵਿੱਖ ’ਚ ਇਨ੍ਹਾਂ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ।

Punjabi Language Exemption In Cooperative Sugar Mill Recruitment Language Department Said It Was Illegal Issued A Letter Expressing Objection


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App