ਮੋਹਾਲੀ ਦੇ ਪਿੰਡ ਕੁੰਭੜਾ ਤੋਂ 16 ਦਿਨ ਪਹਿਲਾਂ ਲਾਪਤਾ ਹੋਏ 22 ਸਾਲਾ ਨੌਜਵਾਨ ਅਨਿਲ ਚੌਹਾਨ ਦੀ ਸੜੀ ਹੋਈ ਲਾਸ਼ ਚੰਡੀਗੜ੍ਹ ਦੇ ਸੈਕਟਰ 53 ਦੇ ਜੰਗਲਾਂ ਵਿੱਚ 20 ਫੁੱਟ ਡੂੰਘੇ ਖੂਹ ਵਿੱਚੋਂ ਮਿਲੀ ਹੈ। ਮੁੱਢਲੀ ਜਾਂਚ ਦੌਰਾਨ ਇਹ ਮਾਮਲਾ ਕਤਲ ਦਾ ਸਾਹਮਣੇ ਆਇਆ ਹੈ। ਪੁਲਿਸ ਅਨੁਸਾਰ, ਅਨਿਲ ਦੇ ਗਲੇ ’ਤੇ ਮੁਰਗੀ ਦੇ ਚੋਪਰ ਨਾਲ ਵਾਰ ਕੀਤਾ ਗਿਆ ਸੀ।
ਫੇਜ਼ 8 ਪੁਲਿਸ ਸਟੇਸ਼ਨ ਨੇ ਅਨਿਲ ਦੇ ਵੱਡੇ ਭਰਾ ਉਮੇਸ਼ ਚੌਹਾਨ ਦੇ ਬਿਆਨ ਦੇ ਆਧਾਰ ’ਤੇ 29 ਅਕਤੂਬਰ ਨੂੰ ਆਈਪੀਸੀ ਦੀ ਧਾਰਾ 127/4 (ਅਗਵਾ) ਅਤੇ 3/5 (ਇੱਕ ਤੋਂ ਵੱਧ ਵਿਅਕਤੀਆਂ ਦੀ ਸ਼ਮੂਲੀਅਤ ਵਾਲਾ ਲਾਜ਼ਮੀ ਕੰਮ) ਤਹਿਤ ਮਾਮਲਾ ਦਰਜ ਕੀਤਾ ਸੀ। ਮੋਹਾਲੀ ਪੁਲਿਸ ਨੇ ਚਾਰ ਸ਼ੱਕੀ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਹੈ, ਜਿਨ੍ਹਾਂ ਨੇ ਪੁੱਛਗਿੱਛ ਦੌਰਾਨ ਕਬੂਲਿਆ ਕਿ ਅਨਿਲ ਨੂੰ ਪਹਿਲਾਂ ਸ਼ਰਾਬ ਪੀਣ ਲਈ ਮਜਬੂਰ ਕੀਤਾ ਗਿਆ ਤੇ ਬਾਅਦ ਵਿੱਚ ਕਤਲ ਕਰਕੇ ਉਸਦੀ ਲਾਸ਼ ਖੂਹ ਵਿੱਚ ਸੁੱਟ ਦਿੱਤੀ ਗਈ।
ਮੰਗਲਵਾਰ ਸ਼ਾਮ ਲਗਭਗ 5:15 ਵਜੇ ਮੋਹਾਲੀ ਤੇ ਚੰਡੀਗੜ੍ਹ ਪੁਲਿਸ ਦੀ ਮੌਜੂਦਗੀ ਵਿੱਚ ਰੱਸੀਆਂ ਦੀ ਮਦਦ ਨਾਲ ਲਾਸ਼ ਖੂਹ ਵਿਚੋਂ ਕੱਢੀ ਗਈ। ਕਈ ਦਿਨਾਂ ਤੱਕ ਪਾਣੀ ਵਿੱਚ ਰਹਿਣ ਕਾਰਨ ਲਾਸ਼ ਸੜ ਚੁੱਕੀ ਸੀ।
ਸੂਤਰਾਂ ਦੇ ਮੁਤਾਬਕ, ਇਹ ਕਤਲ ਪ੍ਰੇਮ ਸਬੰਧਾਂ ਕਾਰਨ ਕੀਤਾ ਗਿਆ। ਅਨਿਲ ਦਾ ਇੱਕ ਔਰਤ ਨਾਲ ਰਿਸ਼ਤਾ ਸੀ, ਜਿਸ ਦੀ ਜਾਣਕਾਰੀ ਔਰਤ ਦੇ ਪਰਿਵਾਰ ਨੂੰ ਹੋਣ ਤੋਂ ਬਾਅਦ ਤਣਾਅ ਵੱਧ ਗਿਆ। ਕਿਹਾ ਜਾ ਰਿਹਾ ਹੈ ਕਿ ਔਰਤ ਦੇ ਭਰਾ ਅਤੇ ਉਸਦੇ ਦੋਸਤਾਂ ਨੇ ਮਿਲ ਕੇ ਇਹ ਕਤਲ ਕੀਤਾ।
ਅਨਿਲ ਮੂਲ ਰੂਪ ਵਿੱਚ ਮਾਨਸਾ ਜ਼ਿਲ੍ਹੇ ਦੇ ਬੁਢਲਾਡਾ ਦਾ ਰਹਿਣ ਵਾਲਾ ਸੀ ਅਤੇ ਕੁੰਭੜਾ ਵਿੱਚ ਕਿਰਾਏ ਦੇ ਘਰ ਵਿੱਚ ਦੋਸਤਾਂ ਨਾਲ ਰਹਿੰਦਾ ਸੀ। ਉਹ ਫੇਜ਼ 9 ਵਿੱਚ ਕੰਬਲਾਂ ਦੀ ਦੁਕਾਨ ’ਤੇ ਕੰਮ ਕਰਦਾ ਸੀ। ਅਨਿਲ ਦਾ ਭਰਾ ਉਮੇਸ਼ ਚੌਹਾਨ ਨੇ ਦੱਸਿਆ ਕਿ ਅਨਿਲ 19 ਅਕਤੂਬਰ ਨੂੰ ਘਰੋਂ ਨਿਕਲਿਆ ਤੇ ਵਾਪਸ ਨਹੀਂ ਆਇਆ। ਉਸਦਾ ਮੋਬਾਈਲ ਫੋਨ ਵੀ ਉਸੇ ਦਿਨ ਤੋਂ ਬੰਦ ਸੀ।





