ਪੰਜਾਬ ਸਰਕਾਰ ਨੇ ਰਾਜ ਚੋਣ ਕਮਿਸ਼ਨ ਦੇ ਹੁਕਮਾਂ ਦੇ ਤੁਰੰਤ ਬਾਅਦ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ (BDPO) ਨਾਭਾ ਬਲਜੀਤ ਕੌਰ ਦਾ ਤੁਰੰਤ ਪ੍ਰਭਾਵ ਨਾਲ ਤਬਾਦਲਾ ਮੁੱਖ ਦਫ਼ਤਰ ਮੋਹਾਲੀ ਵਿਖੇ ਕਰ ਦਿੱਤਾ ਹੈ। ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਪ੍ਰਬੰਧਕੀ ਸਕੱਤਰ ਅਜਿਤ ਬਾਲਾ ਜੋਸ਼ੀ ਨੇ ਜਾਰੀ ਹੁਕਮ ਦੇ ਅਨੁਸਾਰ ਬਲਜੀਤ ਕੌਰ ਨੂੰ ਮੁੱਖ ਦਫ਼ਤਰ ਮੋਹਾਲੀ ਵਿੱਚ ਹਾਜ਼ਰੀ ਦੇਣ ਲਈ ਕਿਹਾ ਹੈ।

ਜਾਣਕਾਰੀ ਅਨੁਸਾਰ, ਰਾਜ ਚੋਣ ਕਮਿਸ਼ਨ ਦੇ ਚੇਅਰਮੈਨ ਕਮਲ ਚੌਧਰੀ ਨੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੂੰ ਲਿਖੇ ਪੱਤਰ ਵਿੱਚ ਕਿਹਾ ਕਿ ਸਬੰਧਤ ਅਧਿਕਾਰੀ ਖਿਲਾਫ਼ ਚੋਣਾਂ ਸਬੰਧੀ ਕਈ ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ। ਇਸ ਮਾਮਲੇ 'ਚ ਡਿਪਟੀ ਕਮਿਸ਼ਨਰ ਪਟਿਆਲਾ ਤੋਂ ਰਿਪੋਰਟ ਵੀ ਮੰਗੀ ਗਈ ਸੀ।

ਚੋਣ ਪ੍ਰਕਿਰਿਆ ਵਿੱਚ ਨਿਰਪੱਖਤਾ ਬਣਾਈ ਰੱਖਣ ਲਈ ਰਾਜ ਚੋਣ ਕਮਿਸ਼ਨ ਨੇ ਸਪਸ਼ਟ ਨਿਰਦੇਸ਼ ਦਿੱਤੇ ਹਨ ਕਿ ਬਲਜੀਤ ਕੌਰ ਨੂੰ ਨਾਭਾ ਤੋਂ ਤੁਰੰਤ ਬਦਲਿਆ ਜਾਵੇ ਅਤੇ ਚੋਣਾਂ ਮੁਕੰਮਲ ਹੋਣ ਤੱਕ ਕਿਸੇ ਵੀ ਚੋਣ ਡਿਊਟੀ ਵਿੱਚ ਨਹੀਂ ਲਗਾਇਆ ਜਾਵੇ।

ਇਹ ਤਬਾਦਲਾ ਚੋਣ ਪ੍ਰਕਿਰਿਆ ਵਿੱਚ ਪਾਰਦਰਸ਼ਤਾ ਅਤੇ ਨਿਰਪੱਖਤਾ ਸੁਰੱਖਿਅਤ ਕਰਨ ਲਈ ਕੀਤਾ ਗਿਆ ਹੈ, ਜਿਸ ਨਾਲ ਭਵਿੱਖ ਵਿੱਚ ਚੋਣਾਂ ਸਬੰਧੀ ਹੋ ਸਕਣ ਵਾਲੀਆਂ ਸ਼ਿਕਾਇਤਾਂ ਤੋਂ ਬਚਾਅ ਹੋ ਸਕੇ।