1980 ਦੀਆਂ ਮਾਸਕੋ ਓਲੰਪਿਕ ਖੇਡਾਂ ਵਿੱਚ ਭਾਰਤ ਨੂੰ ਸੋਨ ਤਮਗਾ ਦਿਵਾਉਣ ਵਾਲੀ ਹਾਕੀ ਟੀਮ ਦੇ ਮੈਂਬਰ ਅਤੇ ਪ੍ਰਸਿੱਧ ਓਲੰਪੀਅਨ ਦਵਿੰਦਰ ਸਿੰਘ ਗਰਚਾ ਦਾ ਅੱਜ ਸਵੇਰੇ ਦੇਹਾਂਤ ਹੋ ਗਿਆ। ਉਹ ਪੰਜਾਬ ਪੁਲਿਸ ਦੇ ਸੇਵਾਮੁਕਤ ਆਈਜੀ ਰਹਿ ਚੁੱਕੇ ਸਨ।
ਜਾਣਕਾਰੀ ਮੁਤਾਬਕ ਅੱਜ ਸਵੇਰੇ ਆਪਣੇ ਘਰ ਵਿੱਚ ਉਨ੍ਹਾਂ ਨੂੰ ਅਚਾਨਕ ਦਿਲ ਦਾ ਦੌਰਾ ਪਿਆ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇੱਕ ਹਫਤਾ ਪਹਿਲਾਂ ਹੀ ਉਨ੍ਹਾਂ ਦੇ ਦਿਲ ਵਿੱਚ ਸਟੰਟ ਪਾਏ ਗਏ ਸਨ ਅਤੇ ਉਹ ਸਿਹਤਮੰਦ ਮਹਿਸੂਸ ਕਰ ਰਹੇ ਸਨ।
ਓਲੰਪੀਅਨ ਦਵਿੰਦਰ ਸਿੰਘ ਗਰਚਾ ਦੀ ਮੌਤ ਨਾਲ ਦੇਸ਼ ਭਰ ਦੇ ਹਾਕੀ ਜਗਤ ਅਤੇ ਖੇਡ ਪ੍ਰੇਮੀਆਂ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਗਰਚਾ 1980 ਦੀਆਂ ਸਮਰ ਓਲੰਪਿਕ ਗੇਮਜ਼ ਵਿੱਚ ਸੋਨ ਤਮਗਾ ਜਿੱਤਣ ਵਾਲੀ ਭਾਰਤੀ ਹਾਕੀ ਟੀਮ ਦਾ ਅਹੰਕਾਰਪੂਰਨ ਹਿੱਸਾ ਸਨ। ਉਨ੍ਹਾਂ ਨੇ ਓਲੰਪਿਕ ਦੌਰਾਨ 6 ਮੈਚਾਂ ਵਿੱਚ ਕੁੱਲ 8 ਗੋਲ ਕੀਤੇ ਸਨ।
ਇਸ ਤੋਂ ਇਲਾਵਾ, ਦਵਿੰਦਰ ਸਿੰਘ ਗਰਚਾ ਨੇ 30 ਤੋਂ ਵੱਧ ਅੰਤਰਰਾਸ਼ਟਰੀ ਮੈਚ ਖੇਡੇ ਅਤੇ ਸਿਰਫ਼ 3 ਟੂਰਨਾਮੈਂਟਾਂ ਵਿੱਚ ਹੀ 19 ਗੋਲ ਕਰਕੇ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ। ਉਹ ਪ੍ਰਸਿੱਧ ਮੋਹਿੰਦਰ ਸਿੰਘ ਮੁਨਸ਼ੀ ਹਾਕੀ ਟੂਰਨਾਮੈਂਟ ਦੇ ਪ੍ਰਧਾਨ ਵੀ ਰਹਿ ਚੁੱਕੇ ਸਨ।
ਉਨ੍ਹਾਂ ਦੇ ਅਕਾਲ ਚਲੇ ਜਾਣ ਨਾਲ ਭਾਰਤੀ ਹਾਕੀ ਨੂੰ ਨਾਹ ਭਰਨ ਯੋਗ ਘਾਟਾ ਪਿਆ ਹੈ।





