ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਸਪੱਸ਼ਟੀਕਰਨ ਦੇਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਹੁੰਚੇ। ਨਤਮਸਤਕ ਹੋਣ ਉਪਰੰਤ ਮੰਤਰੀ ਨੇ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿੱਚ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਟੇਕ ਸਿੰਘ ਨੂੰ ਆਪਣਾ ਲਿਖਤੀ ਸਪੱਸ਼ਟੀਕਰਨ ਸੌਂਪਿਆ।
ਭਗਵੰਤ ਸਿੰਘ ਮਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਨ੍ਹਾਂ ਕੋਲ ਪੁੱਜੀਆਂ ਸਾਰੇ ਸ਼ਿਕਾਇਤਾਂ—ਜੋ ਉਨ੍ਹਾਂ ਵਿਰੁੱਧ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਖ਼ਿਲਾਫ਼ ਸਨ—ਇਕੱਠੀਆਂ ਕਰਕੇ ਲਗਭਗ 25 ਤੋਂ 30 ਹਜ਼ਾਰ ਪੰਨਿਆਂ ਦੀ ਵਿਸਥਾਰਤ ਫਾਈਲ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਨੂੰ ਸੌਂਪੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਹਰ ਪੱਖ ਨੂੰ ਜਥੇਦਾਰ ਸਾਹਿਬ ਦੇ ਸਾਹਮਣੇ ਪੂਰੀ ਤਰ੍ਹਾਂ ਰੱਖਿਆ ਗਿਆ।
ਮੁੱਖ ਮੰਤਰੀ ਨੇ ਦੱਸਿਆ ਕਿ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਇਸ ਮਾਮਲੇ ਨੂੰ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿੱਚ ਵਿਚਾਰ ਕੇ ਆਉਣ ਵਾਲੇ ਦਿਨਾਂ ਵਿੱਚ ਫੈਸਲਾ ਦੇਣਗੇ। ਉਨ੍ਹਾਂ ਨੇ ਸਾਫ਼ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਸਰਬ ਉੱਚ ਹੈ ਅਤੇ ਉਥੋਂ ਜਾਰੀ ਹੋਣ ਵਾਲਾ ਹਰ ਆਦੇਸ਼ ਪੂਰੀ ਸ਼ਰਧਾ ਨਾਲ ਮਨਜ਼ੂਰ ਕੀਤਾ ਜਾਵੇਗਾ।
328 ਪਾਵਨ ਸਰੂਪਾਂ ਦੇ ਮਾਮਲੇ ਬਾਰੇ ਮੁੱਖ ਮੰਤਰੀ ਨੇ ਕਿਹਾ ਕਿ ਐਸਆਈਟੀ ਆਪਣੀ ਜਾਂਚ ਕਰ ਰਹੀ ਹੈ ਅਤੇ ਬੰਗਾ ਦੇ ਗੁਰੂ ਘਰ ਵਿੱਚ 139 ਸਰੂਪਾਂ ਦੇ ਰਿਕਾਰਡ ਨਾ ਮਿਲਣ ਦੀ ਜਾਂਚ ਸ੍ਰੋਮਣੀ ਕਮੇਟੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਹਿਯੋਗ ਨਾਲ ਕੀਤੀ ਜਾਵੇਗੀ। ਇਹ ਕਾਰਵਾਈ ਕਿਸੇ ਸਿਆਸੀ ਲਾਭ ਲਈ ਨਹੀਂ, ਸਗੋਂ ਸੰਗਤਾਂ ਵਿੱਚ ਪੈਦਾ ਹੋਈ ਦੁਬਿਧਾ ਦੂਰ ਕਰਨ ਲਈ ਕੀਤੀ ਜਾ ਰਹੀ ਹੈ।
ਵਾਇਰਲ ਵੀਡੀਓ ਮਾਮਲੇ ’ਤੇ ਮੁੱਖ ਮੰਤਰੀ ਨੇ ਕਿਹਾ ਕਿ ਜੋ ਵੀਡੀਓ ਉਨ੍ਹਾਂ ਨਾਲ ਜੋੜੀ ਜਾ ਰਹੀ ਹੈ, ਉਹ ਨਕਲੀ ਹੈ। ਉਨ੍ਹਾਂ ਕਿਹਾ, “ਮੇਰੀ ਨਾ ਇੰਨੀ ਔਕਾਤ ਹੈ ਅਤੇ ਨਾ ਹੀ ਹਿੰਮਤ ਕਿ ਮੈਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਚੈਲੰਜ ਕਰਾਂ। ਸੱਚਾਈ ਸਾਮ੍ਹਣੇ ਆਈ, ਇਸ ਨਾਲ ਮੇਰੇ ਮਨ ਨੂੰ ਆਤਮਕ ਸਕੂਨ ਮਿਲਿਆ।”
ਸਪੱਸ਼ਟੀਕਰਨ ਲਈ ਸਕੱਤਰੇਤ ਵਿਖੇ ਸਖਤ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਸਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੱਡੀ ਤਾਦਾਦ ਵਿੱਚ ਮੁਲਾਜ਼ਮ ਤੈਨਾਤ ਕੀਤੇ ਗਏ। ਮੁੱਖ ਮੰਤਰੀ ਭਗਵੰਤ ਮਾਨ ਨਾਲ ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਵੀ ਮੌਜੂਦ ਸਨ।
ਜਥੇਦਾਰ ਨੇ 5 ਜਨਵਰੀ ਨੂੰ ਭਗਵੰਤ ਮਾਨ ਨੂੰ 15 ਜਨਵਰੀ ਨੂੰ ਸਕੱਤਰੇਤ ਵਿਖੇ ਸਵੇਰੇ 10 ਵਜੇ ਸਪੱਸ਼ਟੀਕਰਨ ਦੇਣ ਲਈ ਸੱਦਾ ਦਿੱਤਾ ਸੀ। ਬਾਦ ਵਿੱਚ ਸਮਾਂ ਦੁਪਹਿਰ 12 ਵਜੇ ਤੈਅ ਹੋਇਆ। ਇਸ ਤਹਿਤ ਮੰਤਰੀ ਮਾਨ ਦੇ ਕਾਲੇ ਬੈਗ ਵਿੱਚ ਲਗਭਗ ਸਾਰੇ ਮੁੱਦਿਆਂ ਦੇ ਲਿਖਤੀ ਸਪੱਸ਼ਟੀਕਰਨ ਲਏ ਗਏ।
Cm Mann Gave Clarification To Sri Akal Takht Sahib Said Whatever Decision The Jathedar Gives It Will Be On My Head
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)