ਬ੍ਰਿਟੇਨ ਦੀ ਸੰਸਦ ਵੱਲੋਂ ਪਾਸ ਕੀਤਾ ਗਿਆ ਨਵਾਂ ਕਾਨੂੰਨ ਦੇਸ਼ ਨੂੰ ਧੂਮਰਪਾਨ ਰਹਿਤ ਬਣਾਉਣ ਵੱਲ ਵੱਡਾ ਕਦਮ ਮੰਨਿਆ ਜਾ ਰਿਹਾ ਹੈ, ਜਿਸ ਅਨੁਸਾਰ 2009 ਤੋਂ ਬਾਅਦ ਜਨਮੇ ਲੋਕਾਂ ਨੂੰ ਉਮਰ ਭਰ ਲਈ ਸਿਗਰਟ ਜਾਂ ਤੰਬਾਕੂ ਉਤਪਾਦ ਖਰੀਦਣ ਦੀ ਇਜਾਜ਼ਤ ਨਹੀਂ ਹੋਵੇਗੀ। ਕਾਨੂੰਨ ਨੂੰ ਲਾਗੂ ਕਰਨ ਲਈ ਹੁਣ ਕੇਵਲ ਸ਼ਾਹੀ ਮਨਜ਼ੂਰੀ ਬਾਕੀ ਹੈ।
ਇਸ ਕਾਨੂੰਨ ਦੇ ਤਹਿਤ ਸਰਕਾਰ ਨੇ ਉਮਰ ਸੀਮਾ ਨੂੰ ਹਰ ਸਾਲ ਇੱਕ ਸਾਲ ਵਧਾਉਣ ਦੀ ਨੀਤੀ ਅਪਣਾਈ ਹੈ। ਇਸਦਾ ਅਰਥ ਇਹ ਹੈ ਕਿ ਜੋ ਨੌਜਵਾਨ ਇਸ ਵੇਲੇ 17 ਸਾਲ ਜਾਂ ਇਸ ਤੋਂ ਘੱਟ ਉਮਰ ਦੇ ਹਨ, ਉਹ ਭਵਿੱਖ ਵਿੱਚ ਕਦੇ ਵੀ ਕਾਨੂੰਨੀ ਤੌਰ 'ਤੇ ਸਿਗਰਟ ਨਹੀਂ ਖਰੀਦ ਸਕਣਗੇ।
ਸਰਕਾਰ ਦਾ ਮੁੱਖ ਮਕਸਦ ਨਵੀਂ ਪੀੜ੍ਹੀ ਨੂੰ ਨਿਕੋਟੀਨ ਦੀ ਲਤ ਤੋਂ ਪੂਰੀ ਤਰ੍ਹਾਂ ਬਚਾਉਣਾ ਹੈ, ਤਾਂ ਜੋ ਦੇਸ਼ ਵਿੱਚ ਧੂਮਰਪਾਨ ਨੂੰ ਆਉਣ ਵਾਲੇ ਸਮੇਂ ਵਿੱਚ ਖਤਮ ਕੀਤਾ ਜਾ ਸਕੇ। ਇਸਦੇ ਨਾਲ ਹੀ ਈ-ਸਿਗਰਟਾਂ ਦੇ ਵਿਗਿਆਪਨਾਂ ਅਤੇ ਵੱਖ-ਵੱਖ ਸੁਗੰਧੀਆਂ 'ਤੇ ਵੀ ਸਖ਼ਤ ਪਾਬੰਦੀਆਂ ਲਗਾਈਆਂ ਜਾਣਗੀਆਂ, ਤਾਂ ਜੋ ਬੱਚਿਆਂ ਨੂੰ ਇਸ ਵੱਲ ਖਿੱਚਣ ਤੋਂ ਰੋਕਿਆ ਜਾ ਸਕੇ।
ਸਿਹਤ ਮੰਤਰੀ ਬੈਰੋਨੇਸ ਮੇਰੋਨ ਨੇ ਇਸ ਕਦਮ ਨੂੰ ਪੀੜ੍ਹੀ ਦਾ ਸਭ ਤੋਂ ਵੱਡਾ ਜਨਤਕ ਸਿਹਤ ਸੁਧਾਰ ਕਰਾਰ ਦਿੱਤਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਇਸ ਨਾਲ ਹਜ਼ਾਰਾਂ ਲੋਕਾਂ ਦੀਆਂ ਜਾਨਾਂ ਬਚ ਸਕਦੀਆਂ ਹਨ ਅਤੇ ਕੈਂਸਰ ਤੇ ਫੇਫੜਿਆਂ ਨਾਲ ਜੁੜੀਆਂ ਬਿਮਾਰੀਆਂ ਵਿੱਚ ਮਹੱਤਵਪੂਰਨ ਕਮੀ ਆਵੇਗੀ। ਨਾਲ ਹੀ ਦੇਸ਼ ਦੀ ਸਿਹਤ ਸੇਵਾਵਾਂ 'ਤੇ ਪੈਣ ਵਾਲਾ ਵਿੱਤੀ ਬੋਝ ਵੀ ਘੱਟ ਹੋ ਸਕਦਾ ਹੈ।
ਹਾਲਾਂਕਿ, ਕੁਝ ਵਰਗਾਂ ਵੱਲੋਂ ਇਸ ਕਾਨੂੰਨ ਦੀ ਆਲੋਚਨਾ ਵੀ ਕੀਤੀ ਜਾ ਰਹੀ ਹੈ। ਉਹਨਾਂ ਦਾ ਕਹਿਣਾ ਹੈ ਕਿ ਇਹ ਨਿੱਜੀ ਆਜ਼ਾਦੀ ਵਿੱਚ ਦਖ਼ਲ ਹੈ, ਜਦਕਿ ਕੁਝ ਮਾਹਿਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਇਸ ਨਾਲ ਗੈਰਕਾਨੂੰਨੀ ਤੌਰ 'ਤੇ ਤੰਬਾਕੂ ਦੀ ਵਿਕਰੀ ਵਿੱਚ ਵਾਧਾ ਹੋ ਸਕਦਾ ਹੈ।
ਕਾਨੂੰਨ ਨੂੰ ਸੰਸਦ ਦੇ ਦੋਵਾਂ ਸਦਨਾਂ ਦੀ ਮਨਜ਼ੂਰੀ ਮਿਲ ਚੁੱਕੀ ਹੈ ਅਤੇ ਸ਼ਾਹੀ ਮਨਜ਼ੂਰੀ ਤੋਂ ਬਾਅਦ ਇਹ ਪੂਰੇ ਦੇਸ਼ ਵਿੱਚ ਲਾਗੂ ਹੋ ਜਾਵੇਗਾ। ਇਸ ਨਾਲ ਬ੍ਰਿਟੇਨ ਦੁਨੀਆ ਦੇ ਸਭ ਤੋਂ ਸਖ਼ਤ ਧੂਮਰਪਾਨ ਵਿਰੋਧੀ ਕਾਨੂੰਨਾਂ ਵਾਲੇ ਦੇਸ਼ਾਂ ਵਿੱਚ ਸ਼ਾਮਲ ਹੋ ਜਾਵੇਗਾ।
Lifetime Ban On Buying Cigarettes For Children Born After 2008 In Britain
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)