ਐਤਵਾਰ ਸਵੇਰੇ ਆਏ ਅਚਾਨਕ ਤੇਜ਼ ਆੰਧੀ-ਤੂਫ਼ਾਨ ਨੇ ਮੁਹਾਲੀ ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਵੱਡੇ ਪੱਧਰ ’ਤੇ ਨੁਕਸਾਨ ਪਹੁੰਚਾਇਆ। ਕਈ ਥਾਵਾਂ ’ਤੇ ਪੁਰਾਣੇ ਦਰੱਖਤਾਂ ਦੇ ਡਿੱਗਣ ਨਾਲ ਮੰਦਰਾਂ, ਘਰਾਂ ਅਤੇ ਵਾਹਨਾਂ ਨੂੰ ਨੁਕਸਾਨ ਹੋਇਆ, ਜਦਕਿ ਬਿਜਲੀ ਦੇ ਖੰਭੇ ਵੀ ਟੁੱਟ ਕੇ ਸੜਕਾਂ ’ਤੇ ਡਿੱਗ ਗਏ, ਜਿਸ ਨਾਲ ਆਵਾਜਾਈ ਪ੍ਰਭਾਵਿਤ ਹੋਈ ਅਤੇ ਕਈ ਇਲਾਕਿਆਂ ਵਿੱਚ ਬਿਜਲੀ ਸਪਲਾਈ ਠੱਪ ਹੋ ਗਈ।
ਮੁਹਾਲੀ ਦੇ ਫੇਜ਼ 7 ਵਿੱਚ ਸਥਿਤ ਸਨਾਤਨ ਧਰਮ ਮੰਦਰ ਦੇ ਮੁੱਖ ਦਰਵਾਜ਼ੇ ਉੱਤੇ ਇੱਕ ਬਹੁਤ ਪੁਰਾਣਾ ਬੋਹੜ ਦਾ ਦਰੱਖਤ ਡਿੱਗ ਪਿਆ, ਜਿਸ ਨਾਲ ਮੰਦਰ ਦਾ ਮੁੱਖ ਗੇਟ ਅਤੇ ਜੋੜਾਘਰ ਪੂਰੀ ਤਰ੍ਹਾਂ ਤਬਾਹ ਹੋ ਗਿਆ। ਇਸ ਘਟਨਾ ਦੌਰਾਨ ਮੰਦਰ ਦੇ ਬਾਹਰ ਖੜੀਆਂ ਦੋ ਕਾਰਾਂ ਅਤੇ ਦੋ ਦੋਪਹੀਆ ਵਾਹਨ ਵੀ ਨੁਕਸਾਨੇ ਗਏ। ਮੌਕੇ ’ਤੇ ਮੌਜੂਦ ਇਕ ਵਿਅਕਤੀ ਨੂੰ ਬੜੀ ਮੁਸ਼ਕਲ ਨਾਲ ਸੁਰੱਖਿਅਤ ਬਾਹਰ ਕੱਢਿਆ ਗਿਆ।
ਇਸੇ ਤਰ੍ਹਾਂ ਫੇਜ਼ 6 ਵਿੱਚ ਵੀ ਤੂਫ਼ਾਨ ਨੇ ਕਾਫ਼ੀ ਨੁਕਸਾਨ ਕੀਤਾ। ਘਰਾਂ ਦੇ ਬਾਹਰ ਖੜੇ ਦਰੱਖਤ ਅਤੇ ਬਿਜਲੀ ਦੇ ਖੰਭੇ ਟੁੱਟ ਕੇ ਘਰਾਂ ਅਤੇ ਵਾਹਨਾਂ ਉੱਤੇ ਡਿੱਗ ਗਏ, ਜਿਸ ਕਾਰਨ ਇਲਾਕੇ ਵਿੱਚ ਤੁਰੰਤ ਬਿਜਲੀ ਗੁਲ ਹੋ ਗਈ। ਫੇਜ਼ 4 ਵਿੱਚ 8 ਤੋਂ 9 ਥਾਵਾਂ ’ਤੇ ਦਰੱਖਤਾਂ ਦੇ ਡਿੱਗਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ ਅਤੇ ਕਈ ਥਾਵਾਂ ’ਤੇ ਬਿਜਲੀ ਦੀਆਂ ਤਾਰਾਂ ਵੀ ਟੁੱਟ ਗਈਆਂ ਹਨ।
ਫੇਜ਼ 3ਏ ਵਿੱਚ ਵੀ ਇੱਕ ਵੱਡਾ ਦਰੱਖਤ ਸੜਕ ’ਤੇ ਡਿੱਗਣ ਕਾਰਨ ਆਵਾਜਾਈ ਵਿੱਚ ਰੁਕਾਵਟ ਪੈਦਾ ਹੋ ਗਈ। ਇਸਦੇ ਨਾਲ ਹੀ ਨੇੜਲੇ ਬਾਗ ਵਿੱਚ ਖੜੇ ਕਈ ਦਰੱਖਤ ਵੀ ਟੁੱਟ ਗਏ। ਫੇਜ਼ 4 ਵਿੱਚ ਇੱਕ ਪੀਪਲ ਦਾ ਦਰੱਖਤ ਡਿੱਗਣ ਨਾਲ ਕਈ ਵਾਹਨਾਂ ਨੂੰ ਨੁਕਸਾਨ ਹੋਇਆ ਅਤੇ ਸੜਕਾਂ ’ਤੇ ਜਾਮ ਵਰਗੀ ਸਥਿਤੀ ਬਣ ਗਈ।
ਉਧਰ ਬਿਜਲੀ ਵਿਭਾਗ ਦੇ ਕਰਮਚਾਰੀਆਂ ਦੀ ਹੜਤਾਲ ਕਾਰਨ ਮੁਰੰਮਤ ਅਤੇ ਰਾਹਤ ਕਾਰਜ ਪ੍ਰਭਾਵਿਤ ਹੋ ਰਹੇ ਹਨ, ਜਿਸ ਨਾਲ ਲੋਕਾਂ ਨੂੰ ਹੋਰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪ੍ਰਸ਼ਾਸਨ ਵੱਲੋਂ ਹਾਲਾਤਾਂ ਨੂੰ ਨਿਯੰਤਰਣ ਵਿੱਚ ਲਿਆਉਣ ਲਈ ਕੋਸ਼ਿਸ਼ਾਂ ਜਾਰੀ ਹਨ ਅਤੇ ਨੁਕਸਾਨ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ।
Sudden Morning Thunderstorm Wreaks Havoc In Mohali Heavy Damage To Temples And Vehicles Due To Falling Trees
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)