ਪਟਿਆਲਾ ਦੇ ਸਨੌਰ ਇਲਾਕੇ ਵਿੱਚ ਇਕ ਬਜ਼ੁਰਗ ਜੋੜੇ ਨਾਲ ਕੁੱਟਮਾਰ ਦੇ ਮਾਮਲੇ ਨੇ ਉਸ ਵੇਲੇ ਗੰਭੀਰ ਰੂਪ ਧਾਰ ਲਿਆ ਜਦੋਂ ਇਨਸਾਫ਼ ਦੀ ਉਮੀਦ ਨਾਲ ਪੁਲਿਸ ਕੋਲ ਪਹੁੰਚੇ ਪੀੜਤਾਂ ਨੂੰ ਹੀ ਧਮਕੀਆਂ ਮਿਲਣ ਦੇ ਦੋਸ਼ ਸਾਹਮਣੇ ਆਏ। ਬਜ਼ੁਰਗ ਜੋੜੇ ਦਾ ਦਾਅਵਾ ਹੈ ਕਿ ਦੇਰ ਰਾਤ ਘਰ ਪਹੁੰਚੇ ਇਕ ਪੁਲਿਸ ਮੁਲਾਜ਼ਮ ਨੇ ਉਨ੍ਹਾਂ ਨਾਲ ਬਦਸਲੂਕੀ ਕਰਦਿਆਂ ਜੁੱਤੀ ਮਾਰਨ ਅਤੇ ਦਾੜ੍ਹੀ ਨੋਚਣ ਤੱਕ ਦੀ ਧਮਕੀ ਦਿੱਤੀ। ਇਸ ਘਟਨਾ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਮਾਮਲਾ ਚਰਚਾ ਦਾ ਵਿਸ਼ਾ ਬਣ ਗਿਆ ਹੈ। ਪੀੜਤ ਗੁਰਦੀਪ ਸਿੰਘ ਅਤੇ ਉਨ੍ਹਾਂ ਦੀ ਪਤਨੀ ਦਰਸ਼ਨ ਕੌਰ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਗੁਆਂਢ ਵਿੱਚ ਰਹਿਣ ਵਾਲੇ ਇਕ ਵਿਅਕਤੀ ਨਾਲ ਮੋਟਰਸਾਈਕਲ ਟੱਕਰ ਨੂੰ ਲੈ ਕੇ ਝਗੜਾ ਹੋ ਗਿਆ ਸੀ। ਉਨ੍ਹਾਂ ਦਾ ਦੋਸ਼ ਹੈ ਕਿ ਟੱਕਰ ਤੋਂ ਬਾਅਦ ਗੁਆਂਢੀ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਨਾਲ ਕੁੱਟਮਾਰ ਕੀਤੀ। ਦਰਸ਼ਨ ਕੌਰ ਦੇ ਸਿਰ ’ਤੇ ਗੰਭੀਰ ਚੋਟ ਵੀ ਲੱਗੀ, ਪਰ ਇਸਦੇ ਬਾਵਜੂਦ ਹਮਲਾ ਜਾਰੀ ਰਿਹਾ।
ਬਜ਼ੁਰਗ ਜੋੜੇ ਮੁਤਾਬਕ ਘਟਨਾ ਵੇਲੇ ਉਹਨਾਂ ਦਾ ਪੁੱਤਰ ਘਰੋਂ ਬਾਹਰ ਸੀ ਅਤੇ ਦੋਵੇਂ ਧੀਆਂ ਡਿਊਟੀ ’ਤੇ ਗਈਆਂ ਹੋਈਆਂ ਸਨ। ਬਾਅਦ ਵਿੱਚ ਪਰਿਵਾਰਕ ਮੈਂਬਰਾਂ ਨੂੰ ਸੱਦ ਕੇ ਪੁਲਿਸ ਥਾਣੇ ਵਿੱਚ ਸ਼ਿਕਾਇਤ ਦਿੱਤੀ ਗਈ, ਪਰ ਉੱਥੇ ਵੀ ਉਨ੍ਹਾਂ ਨੂੰ ਇਨਸਾਫ਼ ਦੀ ਥਾਂ ਦਬਾਅ ਦਾ ਸਾਹਮਣਾ ਕਰਨਾ ਪਿਆ। ਗੁਰਦੀਪ ਸਿੰਘ ਦਾ ਕਹਿਣਾ ਹੈ ਕਿ ਦੂਜੀ ਧਿਰ ਰਸੂਖ ਵਾਲੀ ਹੈ ਅਤੇ ਆਪਣੇ ਪ੍ਰਭਾਵ ਕਾਰਨ ਕਾਰਵਾਈ ਤੋਂ ਬਚ ਰਹੀ ਹੈ। ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਪੁਲਿਸ ਮੁਲਾਜ਼ਮ ਵੱਲੋਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਂਦਿਆਂ ਦਾੜ੍ਹੀ ਨੋਚਣ ਦੀ ਧਮਕੀ ਦਿੱਤੀ ਗਈ, ਜਿਸ ਕਾਰਨ ਉਹ ਅਤੇ ਉਨ੍ਹਾਂ ਦਾ ਪਰਿਵਾਰ ਡਰ ਅਤੇ ਮਾਨਸਿਕ ਦਬਾਅ ਹੇਠ ਹਨ। ਹੁਣ ਉਨ੍ਹਾਂ ਨੇ ਜ਼ਿਲ੍ਹਾ ਪੁਲਿਸ ਮੁਖੀ ਕੋਲ ਇਨਸਾਫ਼ ਦੀ ਅਪੀਲ ਕੀਤੀ ਹੈ। ਦੂਜੇ ਪਾਸੇ ਥਾਣਾ ਸਨੌਰ ਦੇ ਮੁਖੀ ਨੇ ਕਿਹਾ ਕਿ ਇਹ ਦੋ ਗੁਆਂਢੀਆਂ ਵਿਚਕਾਰ ਆਪਸੀ ਝਗੜੇ ਦਾ ਮਾਮਲਾ ਹੈ ਅਤੇ ਦੋਵੇਂ ਧਿਰਾਂ ਖ਼ਿਲਾਫ਼ ਕਰਾਸ ਮਾਮਲੇ ਦਰਜ ਕੀਤੇ ਜਾ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਜੇ ਪੁਲਿਸ ਮੁਲਾਜ਼ਮ ਵੱਲੋਂ ਅਜਿਹੀ ਭਾਸ਼ਾ ਵਰਤੀ ਗਈ ਹੈ ਤਾਂ ਇਹ ਗੰਭੀਰ ਮਾਮਲਾ ਹੈ ਅਤੇ ਇਸ ਦੀ ਜਾਂਚ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ।
The Case Escalated After The Police Misbehaved With The Elderly Complainant Threatened To Shave His Beard And Hit Him With Shoes
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)