ਰੂਪਨਗਰ ਜ਼ਿਲ੍ਹੇ ਵਿੱਚ ਭਾਖੜਾ ਨਹਿਰ ਨੇ 26 ਸਾਲ ਪੁਰਾਣਾ ਇੱਕ ਦਰਦਨਾਕ ਰਹੱਸ ਆਖ਼ਿਰਕਾਰ ਸਾਹਮਣੇ ਲਿਆ ਦਿੱਤਾ ਹੈ। ਕੋਟਲਾ ਪਿੰਡ ਦੇ ਇੱਕ ਪਰਿਵਾਰ ਦੇ ਚਾਰ ਮੈਂਬਰ, ਜੋ ਸਾਲ 2000 ਵਿੱਚ ਵਿਆਹ ਸਮਾਗਮ ਤੋਂ ਵਾਪਸੀ ਦੌਰਾਨ ਮਾਰੂਤੀ ਓਮਨੀ ਵੈਨ ਸਮੇਤ ਨਹਿਰ ਵਿੱਚ ਡਿੱਗ ਗਏ ਸਨ, ਹੁਣ ਲੰਬੇ ਸਮੇਂ ਬਾਅਦ ਉਨ੍ਹਾਂ ਦੇ ਅਵਸ਼ੇਸ਼ ਬਰਾਮਦ ਹੋਏ ਹਨ। ਮੰਗਲਵਾਰ ਨੂੰ ਕਿਰਤਪੁਰ ਸਾਹਿਬ ਨੇੜੇ ਨੱਕੀਆਂ ਪਿੰਡ ਕੋਲ ਇੱਕ ਸਥਾਨਕ ਗੋਤਾਖੋਰ ਨੂੰ ਨਹਿਰ ਦੀ ਗਹਿਰਾਈ ਵਿੱਚ ਕੁਝ ਸ਼ੱਕੀ ਚੀਜ਼ ਨਜ਼ਰ ਆਈ। ਨੇੜੇ ਜਾ ਕੇ ਜਾਂਚ ਕਰਨ ’ਤੇ ਪਾਣੀ ਹੇਠਾਂ ਮਿੱਟੀ ਅਤੇ ਮਲਬੇ ਵਿੱਚ ਦੱਬੀ ਹੋਈ ਵੈਨ ਮਿਲੀ, ਜਿਸ ਦੀ ਹਾਲਤ ਬਹੁਤ ਹੀ ਖਰਾਬ ਸੀ।
ਗੋਤਾਖੋਰ ਕਮਲਪ੍ਰੀਤ ਸਿੰਘ ਸੈਣੀ ਨੇ ਦੱਸਿਆ ਕਿ ਉਹ ਇਕ ਲਾਸ਼ ਦੀ ਤਲਾਸ਼ ਕਰ ਰਹੇ ਸਨ ਜਦੋਂ ਉਨ੍ਹਾਂ ਨੂੰ ਇਹ ਵਾਹਨ ਮਿਲਿਆ। ਸਥਾਨਕ ਲੋਕਾਂ ਦੀ ਮਦਦ ਨਾਲ ਰੱਸਿਆਂ ਅਤੇ ਟਰੈਕਟਰਾਂ ਦੀ ਸਹਾਇਤਾ ਨਾਲ ਵੈਨ ਨੂੰ ਬਾਹਰ ਕੱਢਿਆ ਗਿਆ। ਵੈਨ ਦੇ ਅੰਦਰੋਂ ਚਾਰ ਵਿਅਕਤੀਆਂ ਦੇ ਕੰਗਾਲ ਮਿਲੇ ਹਨ, ਜਿਨ੍ਹਾਂ ਦੀ ਪਛਾਣ ਤੇਜ ਰਾਮ, ਮੁਨੇ ਲਾਲ, ਸੁਰਜੀਤ ਅਤੇ ਉਸ ਦੇ ਅੱਠ ਸਾਲਾਂ ਪੁੱਤਰ ਵਜੋਂ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਹੱਡੀਆਂ ਦੇ ਨਾਲ ਕੱਪੜਿਆਂ ਦੇ ਟੁਕੜੇ ਵੀ ਮਿਲੇ ਹਨ, ਜਿਨ੍ਹਾਂ ਵਿੱਚ ਬੱਚੇ ਦੀ ਕਮੀਜ਼ ਵੀ ਸ਼ਾਮਲ ਹੈ। ਮੌਕੇ ’ਤੇ ਪਹੁੰਚੇ ਪਰਿਵਾਰਕ ਮੈਂਬਰ ਸਾਲਾਂ ਬਾਅਦ ਆਪਣੇ ਪਿਆਰਿਆਂ ਦੇ ਅਵਸ਼ੇਸ਼ ਦੇਖ ਕੇ ਭਾਵੁਕ ਹੋ ਗਏ ਅਤੇ ਰੋ ਪਏ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਭਾਵੇਂ ਇਹ ਸਿਰਫ਼ ਹੱਡੀਆਂ ਹੀ ਹਨ, ਪਰ ਹੁਣ ਘੱਟੋ-ਘੱਟ ਪਰਿਵਾਰ ਨੂੰ ਸੱਚਾਈ ਦਾ ਪਤਾ ਲੱਗ ਗਿਆ ਹੈ।
ਬਾਅਦ ਵਿੱਚ ਇਹ ਅਵਸ਼ੇਸ਼ ਅਤੇ ਕੱਪੜੇ ਕਿਰਤਪੁਰ ਸਾਹਿਬ ਦੇ ਗੁਰਦੁਆਰਾ ਪਾਤਾਲਪੁਰੀ ਸਾਹਿਬ ਵਿੱਚ ਲਿਜਾ ਕੇ ਅਰਦਾਸ ਕੀਤੀ ਗਈ ਅਤੇ ਫਿਰ ਸਤਲੁਜ ਦਰਿਆ ਵਿੱਚ ਵਿਸਰਜਿਤ ਕਰ ਦਿੱਤੇ ਗਏ। ਰੋਪੜ ਦੇ ਸੀਨੀਅਰ ਪੁਲਿਸ ਅਧਿਕਾਰੀ ਮਨਿੰਦਰ ਸਿੰਘ ਨੇ ਕਿਹਾ ਹੈ ਕਿ ਅਜੇ ਇਹ ਮਾਮਲਾ ਵਿਗਿਆਨਕ ਜਾਂਚ ਅਧੀਨ ਹੈ ਅਤੇ ਡੀਐਨਏ ਟੈਸਟ ਰਾਹੀਂ ਹੀ ਅਸਲ ਪਛਾਣ ਦੀ ਪੁਸ਼ਟੀ ਕੀਤੀ ਜਾਵੇਗੀ। ਇਹ ਘਟਨਾ ਇੱਕ ਪਰਿਵਾਰ ਦੀ ਦੋ ਦਹਾਕਿਆਂ ਤੋਂ ਵੱਧ ਚੱਲੀ ਆ ਰਹੀ ਉਡੀਕ ਅਤੇ ਦਰਦ ਨੂੰ ਆਖ਼ਿਰਕਾਰ ਇੱਕ ਹੱਦ ਤੱਕ ਸੱਚਾਈ ਦੇ ਨੇੜੇ ਲਿਆਉਂਦੀ ਹੈ।
Missing van found from bhakra canal after 26 years bodies of 4 members of the same family recovered from inside
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)