ਪੰਜਾਬੀ ਯੂਨੀਵਰਸਿਟੀ ਨੇ ਆਪਣੇ ਨਾਲ ਸਬੰਧਿਤ ਗ਼ੈਰ-ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਕਾਲਜਾਂ ਲਈ ਐਂਡੋਮੈਂਟ ਫੰਡ ਵਜੋਂ ਰੱਖੀ ਜਾਣ ਵਾਲੀ ਨਿਸ਼ਚਿਤ ਜਮ੍ਹਾਂ ਰਕਮ ਵਿੱਚ ਵੱਡਾ ਵਾਧਾ ਕਰ ਦਿੱਤਾ ਹੈ। ਯੂਨੀਵਰਸਿਟੀ ਦੇ ਕਾਲਜ ਵਿਕਾਸ ਕੌਂਸਲ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਅਨੁਸਾਰ ਨਵੀਆਂ ਸੋਧੀਆਂ ਦਰਾਂ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਈਆਂ ਹਨ, ਜਿਸ ਨਾਲ ਕਾਲਜਾਂ ਨੂੰ ਹੁਣ ਪਹਿਲਾਂ ਨਾਲੋਂ ਕਾਫ਼ੀ ਵੱਧ ਰਕਮ ਨਿਸ਼ਚਿਤ ਜਮ੍ਹਾਂ ਵਜੋਂ ਰੱਖਣੀ ਪਵੇਗੀ। ਮਿਲੀ ਜਾਣਕਾਰੀ ਅਨੁਸਾਰ ਇਹ ਫ਼ੈਸਲਾ 25 ਮਾਰਚ 2026 ਨੂੰ ਹੋਈ ਵਿੱਤ ਕਮੇਟੀ ਦੀ ਮੀਟਿੰਗ ਅਤੇ 27 ਮਾਰਚ 2026 ਨੂੰ ਹੋਈ ਸਿੰਡੀਕੇਟ ਦੀ ਬੈਠਕ ਵਿੱਚ ਲਏ ਗਏ ਫ਼ੈਸਲਿਆਂ ਦੇ ਆਧਾਰ ’ਤੇ ਕੀਤਾ ਗਿਆ ਹੈ। ਇਸ ਸਬੰਧੀ ਵਾਈਸ-ਚਾਂਸਲਰ ਦੇ ਹੁਕਮਾਂ ਤੋਂ ਬਾਅਦ ਸੋਧੀਆਂ ਦਰਾਂ ਨੂੰ ਮਨਜ਼ੂਰੀ ਦਿੱਤੀ ਗਈ।
ਨਵੇਂ ਨਿਯਮਾਂ ਮੁਤਾਬਕ ਆਰਟਸ, ਸਾਇੰਸ, ਕਾਮਰਸ, ਕਾਨੂੰਨ, ਪੇਸ਼ੇਵਰ, ਸਿੱਖਿਆ, ਸਰੀਰਕ ਸਿੱਖਿਆ ਅਤੇ ਬਹੁ-ਵਿਭਾਗੀ ਕਾਲਜਾਂ ਲਈ ਐਂਡੋਮੈਂਟ ਫੰਡ ਦੀ ਰਕਮ 20 ਲੱਖ ਰੁਪਏ ਤੋਂ ਵਧਾ ਕੇ 40 ਲੱਖ ਰੁਪਏ ਕਰ ਦਿੱਤੀ ਗਈ ਹੈ। ਇਸੇ ਤਰ੍ਹਾਂ ਲੜਕੀਆਂ ਦੇ ਵਿਸ਼ੇਸ਼ ਕਾਲਜਾਂ ਲਈ ਇਹ ਰਕਮ 10 ਲੱਖ ਰੁਪਏ ਤੋਂ ਵਧਾ ਕੇ 20 ਲੱਖ ਰੁਪਏ ਨਿਰਧਾਰਤ ਕੀਤੀ ਗਈ ਹੈ। ਯੂਨੀਵਰਸਿਟੀ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਜਿਨ੍ਹਾਂ ਕਾਲਜਾਂ ਦੀਆਂ ਨਿਸ਼ਚਿਤ ਜਮ੍ਹਾਂ ਰਕਮਾਂ ਪਹਿਲਾਂ ਤੋਂ ਚੱਲ ਰਹੀਆਂ ਹਨ, ਉਨ੍ਹਾਂ ਦੇ ਨਵੀਨੀਕਰਨ ਸਮੇਂ ਸੋਧੀਆਂ ਦਰਾਂ ਅਨੁਸਾਰ ਹੀ ਨਵੀਂ ਜਮ੍ਹਾਂ ਰਕਮ ਕਰਵਾਉਣੀ ਲਾਜ਼ਮੀ ਹੋਵੇਗੀ। ਇਸ ਲਈ ਪੁਰਾਣੀਆਂ ਦਰਾਂ ਅਧੀਨ ਜਮ੍ਹਾਂ ਰਕਮਾਂ ਨੂੰ ਜਾਰੀ ਰੱਖਣ ਦੀ ਕੋਈ ਛੋਟ ਨਹੀਂ ਦਿੱਤੀ ਗਈ।
ਇਸ ਦੇ ਨਾਲ ਹੀ ਸਰੀਰਕ ਸਿੱਖਿਆ ਨਾਲ ਸਬੰਧਿਤ ਕਾਲਜਾਂ ਨੂੰ ਇੱਕ ਰਾਹਤ ਵੀ ਦਿੱਤੀ ਗਈ ਹੈ। ਹੁਣ ਉਨ੍ਹਾਂ ਨੂੰ ਵੱਖ-ਵੱਖ ਕੋਰਸਾਂ ਦੇ ਨਾਮ ’ਤੇ ਅਲੱਗ-ਅਲੱਗ ਨਿਸ਼ਚਿਤ ਜਮ੍ਹਾਂ ਰਕਮਾਂ ਬਣਾਉਣ ਦੀ ਲੋੜ ਨਹੀਂ ਹੋਵੇਗੀ, ਜਿਸ ਨਾਲ ਪ੍ਰਬੰਧਕੀ ਕਾਰਵਾਈ ਕੁਝ ਹੱਦ ਤੱਕ ਸਰਲ ਹੋ ਜਾਵੇਗੀ। ਦੂਜੇ ਪਾਸੇ ਯੂਨੀਵਰਸਿਟੀ ਪ੍ਰਸ਼ਾਸਨ ਨੇ ਗ਼ੈਰ-ਸਰਕਾਰੀ ਕਾਲਜਾਂ ਨੂੰ ਅੰਸ਼ਕ ਰਾਹਤ ਦਿੰਦਿਆਂ ਐਲਾਨ ਕੀਤਾ ਹੈ ਕਿ ਐਂਡੋਮੈਂਟ ਫੰਡਾਂ ’ਤੇ ਪ੍ਰਾਪਤ ਹੋਣ ਵਾਲੇ ਵਿਆਜ ਦੇ 50 ਫ਼ੀਸਦੀ ਹਿੱਸੇ ਉੱਤੇ ਲੱਗਣ ਵਾਲੇ ਸੇਵਾ ਸ਼ੁਲਕ ’ਤੇ ਕੋਈ ਵਸਤੂ ਅਤੇ ਸੇਵਾ ਕਰ ਨਹੀਂ ਲਿਆ ਜਾਵੇਗਾ। ਕਾਲਜ ਪ੍ਰਬੰਧਕ ਇਸ ਫ਼ੈਸਲੇ ਨੂੰ ਕੁਝ ਹੱਦ ਤੱਕ ਰਾਹਤ ਦੇਣ ਵਾਲਾ ਕਦਮ ਮੰਨ ਰਹੇ ਹਨ, ਹਾਲਾਂਕਿ ਐਂਡੋਮੈਂਟ ਫੰਡ ਦੀ ਰਕਮ ਵਿੱਚ ਹੋਏ ਦੋਗੁਣੇ ਵਾਧੇ ਕਾਰਨ ਕਈ ਸੰਸਥਾਵਾਂ ਲਈ ਵਾਧੂ ਵਿੱਤੀ ਪ੍ਰਬੰਧ ਕਰਨਾ ਚੁਣੌਤੀਪੂਰਨ ਰਹਿ ਸਕਦਾ ਹੈ।
ਯੂਨੀਵਰਸਿਟੀ ਦੇ ਇਸ ਫ਼ੈਸਲੇ ਨੂੰ ਉੱਚ ਸਿੱਖਿਆ ਸੰਸਥਾਵਾਂ ਦੀ ਵਿੱਤੀ ਮਜ਼ਬੂਤੀ ਅਤੇ ਜਵਾਬਦੇਹੀ ਨੂੰ ਯਕੀਨੀ ਬਣਾਉਣ ਵੱਲ ਇੱਕ ਮਹੱਤਵਪੂਰਨ ਕਦਮ ਵਜੋਂ ਦੇਖਿਆ ਜਾ ਰਿਹਾ ਹੈ, ਜਦਕਿ ਕਾਲਜ ਪ੍ਰਬੰਧਨਾਂ ਲਈ ਇਹ ਨਵੀਆਂ ਵਿੱਤੀ ਜ਼ਿੰਮੇਵਾਰੀਆਂ ਵੀ ਲੈ ਕੇ ਆਇਆ ਹੈ।
New Financial Norms Implemented For Affiliated Colleges Punjabi University Doubles Deposits
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)