ਫ਼ਰੀਦਕੋਟ ਦੇ ਬੱਸ ਸਟੈਂਡ ਨੇੜੇ ਵਾਪਰੇ ਦਰਦਨਾਕ ਸੜਕ ਹਾਦਸੇ ਵਿੱਚ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਦਸਵੀਂ ਜਮਾਤ ਦੇ ਵਿਦਿਆਰਥੀ ਪ੍ਰਭਕਰਨ ਸਿੰਘ ਦੀ ਅੱਜ ਇਲਾਜ ਦੌਰਾਨ ਮੌਤ ਹੋ ਗਈ। ਇਸ ਦੁਖਦਾਈ ਘਟਨਾ ਨਾਲ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ, ਜਦਕਿ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਜਾਣਕਾਰੀ ਅਨੁਸਾਰ ਮੰਗਲਵਾਰ ਨੂੰ ਪ੍ਰਭਕਰਨ ਸਿੰਘ ਆਪਣੀ ਸਕੂਟੀ ’ਤੇ ਟਿਊਸ਼ਨ ਤੋਂ ਘਰ ਵਾਪਸ ਆ ਰਿਹਾ ਸੀ। ਇਸ ਦੌਰਾਨ ਬੱਸ ਸਟੈਂਡ ਨੇੜੇ ਸੜਕ ਕਿਨਾਰੇ ਖੜ੍ਹੀ ਨਗਰ ਕੌਂਸਲ ਦੀ ਪਾਣੀ ਵਾਲੀ ਟੈਂਕੀ ਦੀ ਟ੍ਰਾਲੀ ਨਾਲ ਉਸ ਦੀ ਸਕੂਟੀ ਦੀ ਹਲਕੀ ਟੱਕਰ ਹੋ ਗਈ। ਟੱਕਰ ਕਾਰਨ ਉਸ ਦਾ ਸੰਤੁਲਨ ਵਿਗੜ ਗਿਆ ਅਤੇ ਉਹ ਸੜਕ ’ਤੇ ਡਿੱਗ ਪਿਆ।
ਚਸ਼ਮਦੀਦਾਂ ਦੇ ਮੁਤਾਬਕ ਜਿਵੇਂ ਹੀ ਵਿਦਿਆਰਥੀ ਸੜਕ ’ਤੇ ਡਿੱਗਿਆ, ਉਸੇ ਸਮੇਂ ਪਿੱਛੋਂ ਆ ਰਹੀ ਪਸ਼ੂਆਂ ਦੇ ਚਾਰੇ ਨਾਲ ਭਰੀ ਟ੍ਰਾਲੀ ਦਾ ਪਿਛਲਾ ਟਾਇਰ ਉਸ ਦੇ ਉੱਪਰੋਂ ਲੰਘ ਗਿਆ। ਇਸ ਹਾਦਸੇ ਵਿੱਚ ਉਸ ਦੀ ਇੱਕ ਲੱਤ ਬੁਰੀ ਤਰ੍ਹਾਂ ਕੁਚਲੀ ਗਈ ਅਤੇ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ।ਹਾਦਸੇ ਤੋਂ ਤੁਰੰਤ ਬਾਅਦ ਮੌਕੇ ’ਤੇ ਮੌਜੂਦ ਲੋਕਾਂ ਅਤੇ ਸੜਕ ਸੁਰੱਖਿਆ ਫੋਰਸ ਦੇ ਕਰਮਚਾਰੀਆਂ ਨੇ ਜ਼ਖ਼ਮੀ ਵਿਦਿਆਰਥੀ ਨੂੰ ਬਚਾਉਣ ਲਈ ਯਤਨ ਕੀਤੇ ਅਤੇ ਉਸ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ, ਫ਼ਰੀਦਕੋਟ ਵਿਖੇ ਦਾਖ਼ਲ ਕਰਵਾਇਆ ਗਿਆ। ਡਾਕਟਰਾਂ ਵੱਲੋਂ ਉਸ ਦੀ ਜਾਨ ਬਚਾਉਣ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਗਈਆਂ, ਪਰ ਕਈ ਦਿਨਾਂ ਤੱਕ ਜ਼ਿੰਦਗੀ ਅਤੇ ਮੌਤ ਨਾਲ ਸੰਘਰਸ਼ ਕਰਨ ਤੋਂ ਬਾਅਦ ਅੱਜ ਉਸ ਨੇ ਦਮ ਤੋੜ ਦਿੱਤਾ।
ਵਿਦਿਆਰਥੀ ਦੀ ਮੌਤ ਤੋਂ ਬਾਅਦ ਸਥਾਨਕ ਲੋਕਾਂ ਵਿੱਚ ਪ੍ਰਸ਼ਾਸਨ ਅਤੇ ਸਿਹਤ ਪ੍ਰਬੰਧਾਂ ਪ੍ਰਤੀ ਨਾਰਾਜ਼ਗੀ ਦੇਖਣ ਨੂੰ ਮਿਲ ਰਹੀ ਹੈ। ਘਟਨਾ ਦੇ ਚਸ਼ਮਦੀਦ ਟੋਨੀ ਗੋਇਲ ਨੇ ਦੋਸ਼ ਲਗਾਇਆ ਕਿ ਹਾਦਸੇ ਦੀ ਸੂਚਨਾ ਦੇਣ ਦੇ ਬਾਵਜੂਦ ਕਰੀਬ ਅੱਧੇ ਘੰਟੇ ਤੱਕ ਕੋਈ ਐਂਬੂਲੈਂਸ ਮੌਕੇ ’ਤੇ ਨਹੀਂ ਪਹੁੰਚੀ, ਜਿਸ ਕਾਰਨ ਜ਼ਖ਼ਮੀ ਨੂੰ ਤੁਰੰਤ ਇਲਾਜ ਮੁਹੱਈਆ ਕਰਵਾਉਣ ਵਿੱਚ ਦੇਰੀ ਹੋਈ। ਇਸ ਮੰਦਭਾਗੀ ਘਟਨਾ ਨੇ ਇੱਕ ਵਾਰ ਫਿਰ ਸੜਕ ਸੁਰੱਖਿਆ ਅਤੇ ਐਮਰਜੈਂਸੀ ਸਿਹਤ ਸੇਵਾਵਾਂ ਦੀ ਕਾਰਗੁਜ਼ਾਰੀ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਹਾਦਸੇ ਦੇ ਸਾਰੇ ਪੱਖਾਂ ਦੀ ਪੜਤਾਲ ਕੀਤੀ ਜਾ ਰਹੀ ਹੈ।
An Accident Took The Life Of A Young Man Returning Home From Tuition A Class 10 Student Died During Treatment
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)