ਮੋਬਾਈਲ ਖੋਹਣ ਦੇ ਸ਼ੱਕ ਨੇ ਲਿਆ ਕਾਨੂੰਨ ਹੱਥ ਵਿੱਚ, ਦਲਿਤ ਨੌਜਵਾਨਾਂ ਨਾਲ ਅਣਮਨੁੱਖੀ ਸਲੂਕ ਕਰਨ ਵਾਲੇ ਸੱਤ ਕਾਬੂ

11/06/2026 | Public Times Bureau | Panjab

ਪਿੰਡ ਝੋਰੜ ਵਿੱਚ ਮੋਬਾਈਲ ਫ਼ੋਨ ਖੋਹਣ ਦੇ ਸ਼ੱਕ ਹੇਠ ਅਨੁਸੂਚਿਤ ਜਾਤੀ ਨਾਲ ਸਬੰਧਤ ਦੋ ਨੌਜਵਾਨਾਂ ਨੂੰ ਘਰਾਂ ਤੋਂ ਚੁੱਕ ਕੇ ਖੇਤਾਂ ਵਿੱਚ ਬੰਨ੍ਹਣ, ਘੜੀਸਣ ਅਤੇ ਬੇਇੱਜ਼ਤ ਕਰਨ ਦੇ ਮਾਮਲੇ ਵਿੱਚ ਥਾਣਾ ਸਦਰ ਮਲੋਟ ਪੁਲਿਸ ਨੇ ਸੱਤ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮਾਮਲੇ ਵਿੱਚ ਨਾਮਜ਼ਦ ਕੁੱਲ 11 ਮੁਲਜ਼ਮਾਂ ਵਿੱਚੋਂ ਚਾਰ ਅਜੇ ਵੀ ਫ਼ਰਾਰ ਹਨ, ਜਿਨ੍ਹਾਂ ਦੀ ਗ੍ਰਿਫ਼ਤਾਰੀ ਲਈ ਪੁਲਿਸ ਵੱਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਬੁੱਧਵਾਰ ਨੂੰ ਆਯੋਜਿਤ ਪੱਤਰਕਾਰ ਮਿਲਣੀ ਦੌਰਾਨ ਉਪ ਪੁਲਿਸ ਕਪਤਾਨ ਜਸਪਾਲ ਸਿੰਘ ਨੇ ਦੱਸਿਆ ਕਿ 6 ਜੂਨ ਨੂੰ ਨੇਪਾਲੀ ਮੂਲ ਦੇ ਮਜ਼ਦੂਰ ਵਰਿੰਦਰ ਸਾਹਨੀ ਦਾ ਮੋਬਾਈਲ ਫ਼ੋਨ ਖੋਹੇ ਜਾਣ ਦੀ ਘਟਨਾ ਸਾਹਮਣੇ ਆਈ ਸੀ। ਇਸ ਘਟਨਾ ਤੋਂ ਬਾਅਦ ਕੁਝ ਪ੍ਰਵਾਸੀ ਮਜ਼ਦੂਰਾਂ ਅਤੇ ਹੋਰ ਵਿਅਕਤੀਆਂ ਨੇ ਦੋ ਨੌਜਵਾਨਾਂ ਨੂੰ ਉਨ੍ਹਾਂ ਦੇ ਘਰਾਂ ਤੋਂ ਜ਼ਬਰਦਸਤੀ ਚੁੱਕ ਲਿਆ ਅਤੇ ਖੇਤਾਂ ਵਿੱਚ ਲਿਜਾ ਕੇ ਬੰਨ੍ਹ ਦਿੱਤਾ।

ਦੋਸ਼ ਹੈ ਕਿ ਨੌਜਵਾਨਾਂ ਨੂੰ ਅੱਧ-ਨੰਗਾ ਕਰਕੇ ਖੇਤਾਂ ਵਿੱਚ ਘੜੀਸਿਆ ਗਿਆ, ਉਨ੍ਹਾਂ ਨਾਲ ਕੁੱਟਮਾਰ ਕੀਤੀ ਗਈ ਅਤੇ ਬਾਅਦ ਵਿੱਚ ਪਿੰਡ ਦੀਆਂ ਗਲੀਆਂ ਵਿੱਚ ਵੀ ਘੁਮਾਇਆ ਗਿਆ। ਘਟਨਾ ਦੀ ਸੂਚਨਾ ਮਿਲਣ ਉਪਰੰਤ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਦੋਵਾਂ ਨੌਜਵਾਨਾਂ ਨੂੰ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਛੁਡਵਾਇਆ। ਪੁਲਿਸ ਅਨੁਸਾਰ ਇਸ ਮਾਮਲੇ ਵਿੱਚ ਪਹਿਲਾਂ ਵਰਿੰਦਰ ਸਾਹਨੀ ਦੀ ਸ਼ਿਕਾਇਤ ਦੇ ਆਧਾਰ ’ਤੇ ਗੁਰਿੰਦਰ ਸਿੰਘ ਉਰਫ਼ ਬੱਗਾ ਅਤੇ ਸੰਦੀਪ ਸਿੰਘ ਖ਼ਿਲਾਫ਼ ਮੋਬਾਈਲ ਖੋਹਣ ਦਾ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਦੇ ਨਾਲ ਹੀ ਦੋ ਨੌਜਵਾਨਾਂ ਨਾਲ ਕੀਤੇ ਗਏ ਅਣਮਨੁੱਖੀ ਵਿਹਾਰ ਅਤੇ ਕੁੱਟਮਾਰ ਸਬੰਧੀ ਹਰਦੀਪ ਸਿੰਘ, ਅਵਤਾਰ ਸਿੰਘ, ਰਿੰਪਾ ਸਿੰਘ, ਮਨਪ੍ਰੀਤ ਸਿੰਘ ਉਰਫ਼ ਬਿੱਲਾ ਸਮੇਤ 11 ਵਿਅਕਤੀਆਂ ਖ਼ਿਲਾਫ਼ ਵੱਖਰਾ ਮਾਮਲਾ ਦਰਜ ਕੀਤਾ ਗਿਆ।

ਉਪ ਪੁਲਿਸ ਕਪਤਾਨ ਨੇ ਦੱਸਿਆ ਕਿ ਹੁਣ ਤੱਕ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿੱਚ ਰਾਮ ਚੰਦਰ ਸਾਹਨੀ, ਰਮੇਸ਼ ਸਾਹਨੀ, ਹੀਰੇ ਸਾਹਨੀ, ਬਸੰਤ ਸਾਹਨੀ, ਰਾਮ ਬਾਬੂ ਸਾਹਨੀ, ਰਾਮਬਲੀ ਸਾਹਨੀ ਅਤੇ ਵਰਿੰਦਰ ਸਾਹਨੀ ਸ਼ਾਮਲ ਹਨ। ਪੁਲਿਸ ਦਾ ਕਹਿਣਾ ਹੈ ਕਿ ਬਾਕੀ ਚਾਰ ਮੁਲਜ਼ਮਾਂ ਨੂੰ ਵੀ ਜਲਦੀ ਕਾਬੂ ਕਰ ਲਿਆ ਜਾਵੇਗਾ। ਇਸ ਘਟਨਾ ਨੇ ਖੇਤਰ ਵਿੱਚ ਚਰਚਾ ਛੇੜ ਦਿੱਤੀ ਹੈ, ਕਿਉਂਕਿ ਕਿਸੇ ਵੀ ਅਪਰਾਧ ਦੇ ਸ਼ੱਕ ਦੇ ਆਧਾਰ ’ਤੇ ਕਿਸੇ ਵਿਅਕਤੀ ਨੂੰ ਆਪਣੇ ਤੌਰ ’ਤੇ ਸਜ਼ਾ ਦੇਣਾ ਕਾਨੂੰਨ ਦੀ ਉਲੰਘਣਾ ਹੈ। ਪੁਲਿਸ ਨੇ ਭਰੋਸਾ ਦਿਵਾਇਆ ਹੈ ਕਿ ਮਾਮਲੇ ਦੀ ਹਰ ਪੱਖੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਸ਼ੀਆਂ ਖ਼ਿਲਾਫ਼ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

Suspicion Of Snatching Mobile Phone Leads To Law In Hand Seven Arrested For Inhumane Treatment Of Dalit Youth


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App