ਪੰਜਾਬ ਦੀ ਸਿਆਸਤ ਵਿੱਚ ਅੱਜ ਉਸ ਵੇਲੇ ਹਲਚਲ ਮਚ ਗਈ ਜਦੋਂ ਜਲੰਧਰ ਸਥਿਤ ਕੇਂਦਰੀ ਜਾਂਚ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਜ਼ੋਨਲ ਦਫ਼ਤਰ ਵਿੱਚ ਦੋ ਵੱਡੇ ਸਿਆਸੀ ਚਿਹਰੇ ਪੁੱਛਗਿੱਛ ਲਈ ਪੇਸ਼ ਹੋਏ। ਫਰੀਦਕੋਟ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਅਤੇ ਜਲੰਧਰ ਸੈਂਟਰਲ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਰਮਨ ਅਰੋੜਾ ਤੋਂ ਵੱਖ-ਵੱਖ ਮਾਮਲਿਆਂ ਵਿੱਚ ਪੁੱਛਗਿੱਛ ਕੀਤੀ ਜਾ ਰਹੀ ਹੈ। ਫਰੀਦਕੋਟ ਦੇ ਸਾਬਕਾ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਉੱਤੇ ਪਹਿਲਾਂ ਹੀ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਅਤੇ ਬੇਹਿਸਾਬ ਖਰਚੇ ਦੇ ਦੋਸ਼ਾਂ ਹੇਠ ਕਾਰਵਾਈ ਕੀਤੀ ਗਈ ਸੀ। ਇਸੇ ਜਾਂਚ ਦੇ ਆਧਾਰ ’ਤੇ ਹੁਣ ਮਨੀ ਲਾਂਡਰਿੰਗ ਰੋਕੂ ਕਾਨੂੰਨ ਤਹਿਤ ਕੇਂਦਰੀ ਜਾਂਚ ਏਜੰਸੀ ਵੱਲੋਂ ਵੀ ਮਾਮਲੇ ਦੀ ਜਾਂਚ ਅੱਗੇ ਵਧਾਈ ਜਾ ਰਹੀ ਹੈ।
ਜਾਂਚ ਨਾਲ ਜੁੜੇ ਸੂਤਰਾਂ ਅਨੁਸਾਰ, ਮਾਮਲੇ ਵਿੱਚ ਕਰੀਬ ਸੱਤ ਕਰੋੜ ਪੰਜਾਹ ਲੱਖ ਰੁਪਏ ਦੇ ਵਾਧੂ ਖਰਚ ਅਤੇ ਲੈਣ-ਦੇਣ ਦੇ ਸ਼ੱਕ ਨੂੰ ਕੇਂਦਰ ਵਿੱਚ ਰੱਖ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਜਾਂਚ ਏਜੰਸੀ ਇਹ ਜਾਣਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਹ ਰਕਮ ਕਿਹੜੇ ਸਰੋਤਾਂ ਤੋਂ ਆਈ ਅਤੇ ਇਸ ਦੀ ਵਰਤੋਂ ਕਿਵੇਂ ਕੀਤੀ ਗਈ। ਸਾਬਕਾ ਵਿਧਾਇਕ ਆਪਣੇ ਨਾਲ ਬੈਂਕ ਖਾਤਿਆਂ ਅਤੇ ਜਾਇਦਾਦ ਨਾਲ ਸਬੰਧਤ ਦਸਤਾਵੇਜ਼ ਲੈ ਕੇ ਪੇਸ਼ ਹੋਏ ਹਨ। ਦੂਜੇ ਪਾਸੇ ਜਲੰਧਰ ਸੈਂਟਰਲ ਹਲਕੇ ਤੋਂ ਸੱਤਾਧਾਰੀ ਪਾਰਟੀ ਦੇ ਵਿਧਾਇਕ ਰਮਨ ਅਰੋੜਾ ਵੀ ਅੱਜ ਜਾਂਚ ਏਜੰਸੀ ਦੇ ਦਫ਼ਤਰ ਵਿੱਚ ਪੇਸ਼ ਹੋਏ। ਉਨ੍ਹਾਂ ਨੂੰ ਕਿਸੇ ਚੱਲ ਰਹੀ ਜਾਂਚ ਦੇ ਸਬੰਧ ਵਿੱਚ ਤਲਬ ਕੀਤਾ ਗਿਆ ਸੀ। ਹਾਲਾਂਕਿ, ਉਨ੍ਹਾਂ ਨਾਲ ਜੁੜੇ ਮਾਮਲੇ ਬਾਰੇ ਅਧਿਕਾਰਕ ਤੌਰ ’ਤੇ ਪੂਰੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਕਿ ਇਹ ਕਿਹੜੇ ਵਿੱਤੀ ਲੈਣ-ਦੇਣ ਜਾਂ ਸੰਸਥਾ ਨਾਲ ਸੰਬੰਧਿਤ ਹੈ।
ਇੱਕੇ ਦਿਨ ਦੋ ਵੱਖ-ਵੱਖ ਰਾਜਨੀਤਿਕ ਪਾਰਟੀਆਂ ਨਾਲ ਜੁੜੇ ਵੱਡੇ ਚਿਹਰਿਆਂ ਦੀ ਪੇਸ਼ੀ ਨੇ ਸਿਆਸੀ ਹਲਕਿਆਂ ਵਿੱਚ ਚਰਚਾ ਤੇਜ਼ ਕਰ ਦਿੱਤੀ ਹੈ। ਜਾਂਚ ਦੌਰਾਨ ਦਫ਼ਤਰ ਦੇ ਬਾਹਰ ਸੁਰੱਖਿਆ ਦੇ ਕੜੇ ਪ੍ਰਬੰਧ ਕੀਤੇ ਗਏ ਹਨ ਅਤੇ ਦੋਵਾਂ ਆਗੂਆਂ ਤੋਂ ਵੱਖ-ਵੱਖ ਕਮਰਿਆਂ ਵਿੱਚ ਪੁੱਛਗਿੱਛ ਜਾਰੀ ਹੈ। ਇਸ ਕਾਰਵਾਈ ਨੇ ਪੰਜਾਬ ਦੀ ਸਿਆਸਤ ਵਿੱਚ ਨਵੀਂ ਚਰਚਾ ਛੇੜ ਦਿੱਤੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਇਸ ਜਾਂਚ ਦੇ ਹੋਰ ਪੱਖ ਸਾਹਮਣੇ ਆਉਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
Two Big Political Faces Appear Before Ed On The Same Day A Transaction Worth Rs 7 5 Crore Has Intensified The Investigation
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)