ਯੂਨੀਵਰਸਿਟੀ ਦੀ ਮਨਜ਼ੂਰੀ ਤੋਂ ਬਿਨਾਂ ਪ੍ਰੀਖਿਆ ਕਰਵਾਉਣ ਦਾ ਦੋਸ਼, ਮੋਬਾਈਲ ਰਾਹੀਂ ਨਕਲ ਦੀਆਂ ਤਸਵੀਰਾਂ ਨਾਲ ਮਚਿਆ ਹੜਕੰਪ

01/07/2026 | Public Times Bureau | Panjab

ਉੱਚ ਸਿੱਖਿਆ ਪ੍ਰਣਾਲੀ ਨਾਲ ਜੁੜਿਆ ਇੱਕ ਗੰਭੀਰ ਅਤੇ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਪੰਜਾਬੀ ਯੂਨੀਵਰਸਿਟੀ ਨਾਲ ਸੰਬੰਧਤ ਮਾਲੇਰਕੋਟਲਾ ਦੇ ਇੱਕ ਕਾਲਜ ਵੱਲੋਂ ਯੂਨੀਵਰਸਿਟੀ ਦੀ ਅਧਿਕਾਰਤ ਪ੍ਰੀਖਿਆ ਸੂਚੀ ਜਾਂ ਕਿਸੇ ਨਵੇਂ ਹੁਕਮ ਤੋਂ ਬਿਨਾਂ ਹੀ ਐੱਮਏ ਅੰਗਰੇਜ਼ੀ ਦੀ ਪ੍ਰੀਖਿਆ ਮੁੜ ਕਰਵਾਉਣ ਦਾ ਦੋਸ਼ ਲੱਗਿਆ ਹੈ। ਇਸ ਦੌਰਾਨ ਪ੍ਰੀਖਿਆ ਕੇਂਦਰ ਅੰਦਰ ਵਿਦਿਆਰਥੀਆਂ ਵੱਲੋਂ ਮੋਬਾਈਲ ਫੋਨਾਂ ਦੀ ਵਰਤੋਂ ਕਰਕੇ ਸਰੇਆਮ ਨਕਲ ਕਰਨ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ, ਜਿਸ ਤੋਂ ਬਾਅਦ ਯੂਨੀਵਰਸਿਟੀ ਪ੍ਰਸ਼ਾਸਨ ਨੇ ਤੁਰੰਤ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਯੂਨੀਵਰਸਿਟੀ ਦੀ ਅਧਿਕਾਰਤ ਪ੍ਰੀਖਿਆ ਸੂਚੀ ਮੁਤਾਬਕ ਐੱਮਏ ਅੰਗਰੇਜ਼ੀ ਦਾ ਯੋਗਤਾ ਸੰਬੰਧੀ ਪੇਪਰ ੩੦ ਮਈ ੨੦੨੬ ਨੂੰ ਕਰਵਾਇਆ ਗਿਆ ਸੀ। ਯੂਨੀਵਰਸਿਟੀ ਵੱਲੋਂ ਇਸ ਪ੍ਰੀਖਿਆ ਨੂੰ ਨਾ ਤਾਂ ਰੱਦ ਕੀਤਾ ਗਿਆ ਸੀ ਅਤੇ ਨਾ ਹੀ ਦੁਬਾਰਾ ਪ੍ਰੀਖਿਆ ਕਰਵਾਉਣ ਲਈ ਕੋਈ ਨਵੀਂ ਪ੍ਰੀਖਿਆ ਸੂਚੀ ਜਾਂ ਲਿਖਤੀ ਹੁਕਮ ਜਾਰੀ ਕੀਤਾ ਗਿਆ ਸੀ। ਇਸ ਦੇ ਬਾਵਜੂਦ ਦੋਸ਼ ਹੈ ਕਿ ਮਾਲੇਰਕੋਟਲਾ ਦੇ ਸੰਬੰਧਤ ਕਾਲਜ ਵਿੱਚ 30 ਜੂਨ 2026 ਨੂੰ ਇਹੀ ਪੇਪਰ ਮੁੜ ਕਰਵਾਇਆ ਗਿਆ।

ਸਭ ਤੋਂ ਗੰਭੀਰ ਪੱਖ ਇਹ ਸਾਹਮਣੇ ਆਇਆ ਕਿ ਪ੍ਰੀਖਿਆ ਦੌਰਾਨ ਕਈ ਵਿਦਿਆਰਥੀ ਆਪਣੇ ਡੈਸਕਾਂ ਉੱਤੇ ਮੋਬਾਈਲ ਫੋਨ ਖੋਲ੍ਹ ਕੇ ਉਨ੍ਹਾਂ ਦੀ ਮਦਦ ਨਾਲ ਨਕਲ ਕਰਦੇ ਨਜ਼ਰ ਆਏ। ਇਸ ਸਬੰਧੀ ਸਾਹਮਣੇ ਆਈਆਂ ਤਸਵੀਰਾਂ ਨੇ ਪ੍ਰੀਖਿਆ ਪ੍ਰਬੰਧਾਂ ਅਤੇ ਨਿਗਰਾਨੀ ਪ੍ਰਣਾਲੀ ਉੱਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਮਾਮਲੇ ਦੀ ਲਿਖਤੀ ਸ਼ਿਕਾਇਤ ਯੂਨੀਵਰਸਿਟੀ ਅਧਿਕਾਰੀਆਂ ਤੱਕ ਪਹੁੰਚਣ ਉਪਰੰਤ ਪ੍ਰਸ਼ਾਸਨ ਤੁਰੰਤ ਸਰਗਰਮ ਹੋ ਗਿਆ। ਯੂਨੀਵਰਸਿਟੀ ਵੱਲੋਂ ਸੰਬੰਧਤ ਕਾਲਜ ਦੇ ਪ੍ਰਿੰਸੀਪਲ ਅਤੇ ਰਜਿਸਟਰਾਰ ਨੂੰ ਤੁਰੰਤ ਤਲਬ ਕੀਤਾ ਗਿਆ। ਜਾਣਕਾਰੀ ਅਨੁਸਾਰ ਉੱਚ ਅਧਿਕਾਰੀਆਂ ਨੇ ਕਰੀਬ ਤਿੰਨ ਘੰਟਿਆਂ ਤੱਕ ਦੋਵਾਂ ਤੋਂ ਵਿਸਥਾਰ ਨਾਲ ਪੁੱਛਗਿੱਛ ਕੀਤੀ ਤਾਂ ਜੋ ਪੂਰੇ ਮਾਮਲੇ ਦੀ ਸੱਚਾਈ ਸਾਹਮਣੇ ਲਿਆਂਦੀ ਜਾ ਸਕੇ ਅਤੇ ਜ਼ਿੰਮੇਵਾਰ ਵਿਅਕਤੀਆਂ ਦੀ ਪਛਾਣ ਕੀਤੀ ਜਾ ਸਕੇ।

ਯੂਨੀਵਰਸਿਟੀ ਦੇ ਪ੍ਰੀਖਿਆ ਨਿਯੰਤਰਕ ਡਾ. ਮਨੀਸ਼ ਕਪੂਰ ਨੇ ਮਾਮਲੇ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਯੂਨੀਵਰਸਿਟੀ ਨੂੰ ਇਸ ਸਬੰਧੀ ਠੋਸ ਸ਼ਿਕਾਇਤ ਅਤੇ ਮੁੱਢਲੇ ਸਬੂਤ ਪ੍ਰਾਪਤ ਹੋਏ ਹਨ। ਉਨ੍ਹਾਂ ਦੱਸਿਆ ਕਿ ਸ਼ਿਕਾਇਤ ਦੇ ਆਧਾਰ 'ਤੇ ਵਿਸਥਾਰਪੂਰਵਕ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਜਾਂਚ ਦੌਰਾਨ ਜੇਕਰ ਕਿਸੇ ਵੀ ਅਧਿਕਾਰੀ, ਕਰਮਚਾਰੀ ਜਾਂ ਸੰਸਥਾ ਦੀ ਲਾਪਰਵਾਹੀ ਜਾਂ ਨਿਯਮਾਂ ਦੀ ਉਲੰਘਣਾ ਸਾਬਤ ਹੁੰਦੀ ਹੈ ਤਾਂ ਉਸ ਖ਼ਿਲਾਫ਼ ਸਖ਼ਤ ਕਾਨੂੰਨੀ ਅਤੇ ਵਿਭਾਗੀ ਕਾਰਵਾਈ ਕੀਤੀ ਜਾਵੇਗੀ। ਇਸ ਘਟਨਾ ਨੇ ਉੱਚ ਸਿੱਖਿਆ ਸੰਸਥਾਵਾਂ ਵਿੱਚ ਪ੍ਰੀਖਿਆਵਾਂ ਦੀ ਪਾਰਦਰਸ਼ਤਾ, ਨਿਯਮਾਂ ਦੀ ਪਾਲਣਾ ਅਤੇ ਨਕਲ ਰੋਕਣ ਲਈ ਬਣਾਏ ਪ੍ਰਬੰਧਾਂ ਉੱਤੇ ਗੰਭੀਰ ਚਰਚਾ ਛੇੜ ਦਿੱਤੀ ਹੈ। ਹੁਣ ਸਭ ਦੀ ਨਜ਼ਰ ਯੂਨੀਵਰਸਿਟੀ ਦੀ ਜਾਂਚ ਰਿਪੋਰਟ ਅਤੇ ਉਸ ਤੋਂ ਬਾਅਦ ਹੋਣ ਵਾਲੀ ਕਾਰਵਾਈ ਉੱਤੇ ਟਿਕੀ ਹੋਈ ਹੈ।

Accusation of conducting an exam without university approval uproar caused by photos showing cheating via mobile phone


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App