36 ਘੰਟਿਆਂ 'ਚ ਪੁਲਿਸ ਦਾ ਐਕਸ਼ਨ, ਗੋਲੀਬਾਰੀ ਕਰਨ ਵਾਲਾ ਮੁੱਖ ਮੁਲਜ਼ਮ ਜਵਾਬੀ ਕਾਰਵਾਈ 'ਚ ਜ਼ਖ਼ਮੀ

10/07/2026 | Public Times Bureau | Panjab

ਅੰਮ੍ਰਿਤਸਰ ਵਿੱਚ ਘਰ 'ਤੇ ਫਾਇਰਿੰਗ ਦੀ ਵਾਰਦਾਤ ਦੇ ਮਾਮਲੇ ਵਿੱਚ ਪੁਲਿਸ ਨੇ ਸਿਰਫ਼ ਛੱਤੀ ਘੰਟਿਆਂ ਅੰਦਰ ਵੱਡੀ ਸਫ਼ਲਤਾ ਹਾਸਲ ਕਰਦਿਆਂ ਮੁੱਖ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ। ਗ੍ਰਿਫ਼ਤਾਰੀ ਦੌਰਾਨ ਮੁਲਜ਼ਮ ਨੇ ਪੁਲਿਸ ਟੀਮ 'ਤੇ ਗੋਲੀਬਾਰੀ ਕਰ ਦਿੱਤੀ, ਜਿਸ ਤੋਂ ਬਾਅਦ ਆਤਮ-ਰੱਖਿਆ ਵਿੱਚ ਪੁਲਿਸ ਵੱਲੋਂ ਕੀਤੀ ਜਵਾਬੀ ਕਾਰਵਾਈ ਦੌਰਾਨ ਉਸ ਦੀ ਖੱਬੀ ਲੱਤ ਵਿੱਚ ਗੋਲੀ ਲੱਗੀ। ਜ਼ਖ਼ਮੀ ਹਾਲਤ ਵਿੱਚ ਉਸ ਨੂੰ ਤੁਰੰਤ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਦਾ ਇਲਾਜ ਜਾਰੀ ਹੈ। ਡਿਪਟੀ ਸੁਪਰਡੈਂਟ ਪੁਲਿਸ ਬਲਜੀਤ ਸਿੰਘ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਲਵਪ੍ਰੀਤ ਸਿੰਘ ਉਰਫ਼ ਰੂਪੀ, ਪੁੱਤਰ ਮੰਗਲ ਸਿੰਘ, ਵਾਸੀ ਜਿਓਤੀਸਰ ਵਜੋਂ ਹੋਈ ਹੈ। ਪੁਲਿਸ ਨੇ ਉਸ ਦੇ ਕਬਜ਼ੇ ਵਿੱਚੋਂ ਤੀਹ ਬੋਰ ਦੀ ਮੈਗਜ਼ੀਨ ਵਾਲੀ ਪਿਸਤੌਲ, ਤਿੰਨ ਜਿੰਦੇ ਕਾਰਤੂਸ ਅਤੇ ਵਾਰਦਾਤ ਵਿੱਚ ਵਰਤਿਆ ਗਿਆ ਮੋਟਰਸਾਈਕਲ ਵੀ ਬਰਾਮਦ ਕੀਤਾ ਹੈ।

ਪੁਲਿਸ ਅਨੁਸਾਰ ਥਾਣਾ ਜੰਡਿਆਲਾ ਗੁਰੂ ਦੇ ਮੁਖੀ ਹਰਪਾਲ ਸਿੰਘ ਦੀ ਅਗਵਾਈ ਹੇਠ ਟੀਮ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਮੁਲਜ਼ਮ ਜਾਨੀਆਂ ਮੋੜ ਵੱਲ ਆਉਣ ਵਾਲਾ ਹੈ। ਸੂਚਨਾ ਦੇ ਆਧਾਰ 'ਤੇ ਇਲਾਕੇ ਵਿੱਚ ਨਾਕਾਬੰਦੀ ਕੀਤੀ ਗਈ। ਜਦੋਂ ਮੁਲਜ਼ਮ ਮੋਟਰਸਾਈਕਲ 'ਤੇ ਉੱਥੇ ਪਹੁੰਚਿਆ ਤਾਂ ਪੁਲਿਸ ਨੇ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ, ਪਰ ਉਸ ਨੇ ਭੱਜਣ ਦੀ ਕੋਸ਼ਿਸ਼ ਕਰਦਿਆਂ ਪੁਲਿਸ ਟੀਮ 'ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਪੁਲਿਸ ਨੇ ਆਤਮ-ਰੱਖਿਆ ਵਿੱਚ ਜਵਾਬੀ ਕਾਰਵਾਈ ਕੀਤੀ, ਜਿਸ ਦੌਰਾਨ ਮੁਲਜ਼ਮ ਜ਼ਖ਼ਮੀ ਹੋ ਗਿਆ ਅਤੇ ਉਸ ਨੂੰ ਕਾਬੂ ਕਰ ਲਿਆ ਗਿਆ। ਪੁਲਿਸ ਰਿਕਾਰਡ ਮੁਤਾਬਕ ਲਵਪ੍ਰੀਤ ਸਿੰਘ ਉਰਫ਼ ਰੂਪੀ ਖ਼ਿਲਾਫ਼ ਪਹਿਲਾਂ ਹੀ ਨੌਂ ਅਪਰਾਧਿਕ ਮਾਮਲੇ ਦਰਜ ਹਨ। ਹੁਣ ਉਸ ਦੇ ਅਪਰਾਧਿਕ ਪਿਛੋਕੜ ਅਤੇ ਹੋਰ ਗਤੀਵਿਧੀਆਂ ਦੀ ਵੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।

ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਜੰਡਿਆਲਾ ਗੁਰੂ ਦੇ ਸ਼ੇਖੂਪੁਰਾ ਮੁਹੱਲੇ ਵਿੱਚ ਹੋਈ ਫਾਇਰਿੰਗ ਦੇ ਪਿੱਛੇ ਪੁਰਾਣੀ ਰੰਜਿਸ਼ ਕਾਰਨ ਸੀ। ਪੁਲਿਸ ਮੁਤਾਬਕ ਜਿਸ ਘਰ 'ਤੇ ਫਾਇਰਿੰਗ ਕੀਤੀ ਗਈ, ਉਸ ਪਰਿਵਾਰ ਦੇ ਮੈਂਬਰ ਬਲਜੀਤ ਸਿੰਘ ਉਰਫ਼ ਭੁੱਲੀ ਦੀ ਅੱਠ ਜੁਲਾਈ ਨੂੰ ਜ਼ਿਲ੍ਹਾ ਜੇਲ੍ਹ ਅੰਮ੍ਰਿਤਸਰ ਵਿੱਚ ਸਾਜਨ ਉਰਫ਼ ਕਾਨਾ ਨਾਲ ਤਕਰਾਰ ਹੋਈ ਸੀ। ਬਲਜੀਤ ਸਿੰਘ ਇਸ ਵੇਲੇ ਜ਼ਿਲ੍ਹਾ ਜੇਲ੍ਹ ਵਿੱਚ ਬੰਦ ਹੈ। ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਜੇਲ੍ਹ ਅੰਦਰ ਹੋਈ ਇਸ ਤਕਰਾਰ ਦਾ ਬਦਲਾ ਲੈਣ ਲਈ ਸਾਜਨ ਉਰਫ਼ ਕਾਨਾ ਨੇ ਆਪਣੇ ਸਾਥੀਆਂ ਰਾਹੀਂ ਸ਼ੇਖੂਪੁਰਾ ਮੁਹੱਲੇ ਵਿੱਚ ਫਾਇਰਿੰਗ ਕਰਵਾਈ ਸੀ। ਵਾਰਦਾਤ ਤੋਂ ਬਾਅਦ ਪੁਲਿਸ ਨੇ ਮਾਮਲੇ ਵਿੱਚ ਸਬੰਧਤ ਮੁਲਜ਼ਮਾਂ ਨੂੰ ਨਾਮਜ਼ਦ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਸੀ।

ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੁੱਖ ਮੁਲਜ਼ਮ ਦੀ ਗ੍ਰਿਫ਼ਤਾਰੀ ਨਾਲ ਜਾਂਚ ਨੂੰ ਅਹਿਮ ਦਿਸ਼ਾ ਮਿਲੀ ਹੈ। ਹੁਣ ਉਸ ਤੋਂ ਪੁੱਛਗਿੱਛ ਕਰਕੇ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਵਾਰਦਾਤ ਵਿੱਚ ਹੋਰ ਕੌਣ-ਕੌਣ ਸ਼ਾਮਲ ਸੀ, ਨਾਜਾਇਜ਼ ਹਥਿਆਰ ਕਿੱਥੋਂ ਲਿਆਂਦੇ ਗਏ ਅਤੇ ਪੂਰੀ ਸਾਜ਼ਿਸ਼ ਕਿਸ ਤਰ੍ਹਾਂ ਰਚੀ ਗਈ। ਪੁਲਿਸ ਨੇ ਦਾਅਵਾ ਕੀਤਾ ਹੈ ਕਿ ਫਰਾਰ ਬਾਕੀ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਵੀ ਜਲਦੀ ਕਾਬੂ ਕਰ ਲਿਆ ਜਾਵੇਗਾ।

Police Action Within 36 Hours Prime Accused In Shooting Incident Injured In Retaliatory Action


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App