ਜਲੰਧਰ-ਮੋਗਾ ਕੌਮੀ ਮਾਰਗ ’ਤੇ ਪਿੰਡ ਲੱਧੜਾ ਅੱਡੇ ਨੇੜੇ ਸ਼ੁੱਕਰਵਾਰ ਸ਼ਾਮ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ ਦੋ ਹੋਣਹਾਰ ਕਬੱਡੀ ਖਿਡਾਰੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਉਨ੍ਹਾਂ ਦਾ ਇੱਕ ਹੋਰ ਸਾਥੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਮ੍ਰਿਤਕ ਨੌਜਵਾਨਾਂ ਦੀ ਪਛਾਣ 16 ਸਾਲਾ ਹਰਜੋਤ ਸਿੰਘ ਪੁੱਤਰ ਤੀਰਥ ਸਿੰਘ ਵਾਸੀ ਪਿੰਡ ਪੰਧੇਰ ਅਤੇ 23 ਸਾਲਾ ਗੁਰਦੀਪ ਸਿੰਘ ਉਰਫ਼ ਦੀਪਾ ਪੁੱਤਰ ਅੰਗਰੇਜ਼ ਸਿੰਘ ਵਾਸੀ ਪਿੰਡ ਖਾਨਪੁਰ ਢੱਡਾ ਵਜੋਂ ਹੋਈ ਹੈ। ਜ਼ਖ਼ਮੀ 17 ਸਾਲਾ ਹਰਦੀਪ ਸਿੰਘ ਪੁੱਤਰ ਸਰਬਜੀਤ ਸਿੰਘ ਵਾਸੀ ਪਿੰਡ ਬਿੱਲਾ ਚਾਊ ਨੂੰ ਗੰਭੀਰ ਹਾਲਤ ਵਿੱਚ ਜਲੰਧਰ ਦੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਜਾਣਕਾਰੀ ਅਨੁਸਾਰ ਤਿੰਨੇ ਦੋਸਤ ਮਲਸੀਆਂ ਵੱਲੋਂ ਆਪਣੇ ਪਿੰਡ ਵਾਪਸ ਆ ਰਹੇ ਸਨ। ਜਦੋਂ ਉਹ ਲੱਧੜਾ ਅੱਡੇ ਨੇੜੇ ਪਹੁੰਚੇ ਤਾਂ ਪਰਾਲੀ ਨਾਲ ਲੱਦੀ ਟਰੈਕਟਰ-ਟਰਾਲੀ ਕਥਿਤ ਤੌਰ ’ਤੇ ਅਚਾਨਕ ਹਾਈਵੇਅ ’ਤੇ ਆ ਗਈ। ਇਸ ਦੌਰਾਨ ਪਿੱਛੋਂ ਆ ਰਿਹਾ ਮੋਟਰਸਾਈਕਲ ਟਰਾਲੀ ਨਾਲ ਜਾ ਟਕਰਾਇਆ। ਟੱਕਰ ਇੰਨੀ ਜ਼ਬਰਦਸਤ ਸੀ ਕਿ ਹਰਜੋਤ ਸਿੰਘ ਅਤੇ ਗੁਰਦੀਪ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਹਰਦੀਪ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ। ਮ੍ਰਿਤਕ ਗੁਰਦੀਪ ਸਿੰਘ ਦੇ ਮਾਮਾ ਗੁਰਪਾਲ ਸਿੰਘ ਨੇ ਦੱਸਿਆ ਕਿ ਤਿੰਨੇ ਨੌਜਵਾਨ ਪੱਕੇ ਦੋਸਤ ਸਨ ਅਤੇ ਇਕੱਠੇ ਪੜ੍ਹਾਈ ਕਰਨ ਦੇ ਨਾਲ-ਨਾਲ ਕਬੱਡੀ ਖੇਡਦੇ ਸਨ। ਉਨ੍ਹਾਂ ਦੱਸਿਆ ਕਿ ਗੁਰਦੀਪ ਸਿੰਘ ਦੇ ਵਿਦੇਸ਼ ਜਾਣ ਦੀਆਂ ਸਾਰੀਆਂ ਤਿਆਰੀਆਂ ਪੂਰੀਆਂ ਹੋ ਚੁੱਕੀਆਂ ਸਨ। ਪਰਿਵਾਰ ਅਤੇ ਪਿੰਡ ਵਾਸੀਆਂ ਨੇ ਓਵਰਲੋਡ ਵਾਹਨਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਹਾਦਸੇ ਤੋਂ ਬਾਅਦ ਟਰੈਕਟਰ ਚਾਲਕ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ, ਪਰ ਸਥਾਨਕ ਲੋਕਾਂ ਨੇ ਉਸ ਦਾ ਪਿੱਛਾ ਕਰਕੇ ਉਸ ਨੂੰ ਕਾਬੂ ਕਰ ਲਿਆ ਅਤੇ ਪੁਲਿਸ ਦੇ ਹਵਾਲੇ ਕਰ ਦਿੱਤਾ। ਲੋਕਾਂ ਨੇ ਦੋਸ਼ ਲਗਾਇਆ ਕਿ ਸੜਕਾਂ ’ਤੇ ਚੱਲ ਰਹੇ ਬੇਤਰਤੀਬ ਅਤੇ ਸਮਰੱਥਾ ਤੋਂ ਵੱਧ ਭਾਰ ਵਾਲੇ ਵਾਹਨ ਅਕਸਰ ਹਾਦਸਿਆਂ ਦਾ ਕਾਰਨ ਬਣਦੇ ਹਨ। ਥਾਣਾ ਸਦਰ ਦੇ ਇੰਚਾਰਜ ਪਰਲਵਿੰਦਰ ਸਿੰਘ ਨੇ ਦੱਸਿਆ ਕਿ ਦੋਵੇਂ ਮ੍ਰਿਤਕਾਂ ਦੀਆਂ ਲਾਸ਼ਾਂ ਪੋਸਟਮਾਰਟਮ ਲਈ ਸਿਵਲ ਹਸਪਤਾਲ ਨਕੋਦਰ ਭੇਜ ਦਿੱਤੀਆਂ ਗਈਆਂ ਹਨ। ਪੁਲਿਸ ਵੱਲੋਂ ਮੁਲਜ਼ਮ ਦੀ ਪਛਾਣ ਕਰਕੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ’ਤੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਹਾਦਸੇ ਦੀ ਜਾਣਕਾਰੀ ਮਿਲਣ ’ਤੇ ਵਿਧਾਇਕ ਇੰਦਰਜੀਤ ਕੌਰ ਵੀ ਹਸਪਤਾਲ ਪਹੁੰਚੇ ਅਤੇ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ। ਦੋ ਨੌਜਵਾਨ ਖਿਡਾਰੀਆਂ ਦੀ ਅਚਾਨਕ ਮੌਤ ਕਾਰਨ ਪਿੰਡਾਂ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।
Tractor trolley Loaded With Stubble Causes The Deaths Of Two Kabaddi Players Tragic Accident Near Laddhra Bus Stand Devastates Two Families
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)