ਪੰਜਾਬ ਪੁਲਿਸ ਨੇ ਇੱਕ ਵੱਡੀ ਕਾਰਵਾਈ ਦੌਰਾਨ ਅੰਤਰਰਾਜੀ ਅਸਲਾ ਤਸਕਰੀ ਗਿਰੋਹ ਦਾ ਪਰਦਾਫਾਸ਼ ਕਰਦਿਆਂ ਚਾਰ ਸਰਗਰਮ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ 15 ਨਾਜਾਇਜ਼ .32 ਬੋਰ ਪਿਸਤੌਲ ਅਤੇ 30 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ। ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹ ਹਥਿਆਰ ਪੰਜਾਬ ਦੇ ਗੈਂਗਸਟਰਾਂ ਅਤੇ ਅਪਰਾਧਿਕ ਅਨਸਰਾਂ ਤੱਕ ਪਹੁੰਚਾਏ ਜਾਣੇ ਸਨ। ਜ਼ਿਲ੍ਹਾ ਪੁਲਿਸ ਮੁਖੀ ਵਰੁਣ ਸ਼ਰਮਾ ਨੇ ਦੱਸਿਆ ਕਿ ਸੀ.ਆਈ.ਏ. ਪਟਿਆਲਾ ਦੇ ਇੰਚਾਰਜ ਪ੍ਰਦੀਪ ਸਿੰਘ ਬਾਜਵਾ ਅਤੇ ਥਾਣਾ ਸਦਰ ਰਾਜਪੁਰਾ ਦੇ ਮੁੱਖ ਅਧਿਕਾਰੀ ਕਿਰਪਾਲ ਸਿੰਘ ਦੀ ਅਗਵਾਈ ਹੇਠ ਪੁਲਿਸ ਟੀਮ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਰਾਜਪੁਰਾ ਦੇ ਨੈਸ਼ਨਲ ਹਾਈਵੇ ਨੇੜੇ ਬਸੰਤਪੁਰਾ ਇਲਾਕੇ ਵਿੱਚ ਕਾਰਵਾਈ ਕਰਦਿਆਂ ਚਾਰਾਂ ਮੁਲਜ਼ਮਾਂ ਨੂੰ ਕਾਬੂ ਕੀਤਾ।
ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਵਿਸ਼ਾਲ (20) ਵਾਸੀ ਗੜ੍ਹਦੀਵਾਲਾ, ਜ਼ਿਲ੍ਹਾ ਹੁਸ਼ਿਆਰਪੁਰ, ਸੁਭਾਸ਼ ਵਾਸੀ ਬਰੇਲੀ (ਉੱਤਰ ਪ੍ਰਦੇਸ਼), ਜਿੰਦਰ ਉਰਫ਼ ਸਾਗਰ (21) ਵਾਸੀ ਪਿੰਡ ਟੱਲਾ, ਜ਼ਿਲ੍ਹਾ ਹੁਸ਼ਿਆਰਪੁਰ ਅਤੇ ਬਾਦਲ ਕੁਮਾਰ (20) ਵਾਸੀ ਭਾਰਗਵ ਕੈਂਪ, ਜ਼ਿਲ੍ਹਾ ਜਲੰਧਰ ਵਜੋਂ ਹੋਈ ਹੈ। ਪੁਲਿਸ ਅਨੁਸਾਰ ਸਾਰੇ ਮੁਲਜ਼ਮ 20 ਤੋਂ 21 ਸਾਲ ਦੀ ਉਮਰ ਦੇ ਹਨ ਅਤੇ ਜਲਦੀ ਪੈਸਾ ਕਮਾਉਣ ਦੀ ਲਾਲਚ ਵਿੱਚ ਹਥਿਆਰਾਂ ਦੀ ਤਸਕਰੀ ਨਾਲ ਜੁੜ ਗਏ ਸਨ। ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਪੁਲਿਸ ਤੋਂ ਬਚਣ ਲਈ ਉਹ ਆਨਲਾਈਨ ਸਮਾਨ ਪਹੁੰਚਾਉਣ ਵਾਲੀਆਂ ਕੰਪਨੀਆਂ ਦੇ ਕਰਮਚਾਰੀਆਂ ਵਰਗੀਆਂ ਵਰਦੀਆਂ ਪਹਿਨ ਕੇ ਬੱਸਾਂ ਅਤੇ ਰੇਲ ਗੱਡੀਆਂ ਰਾਹੀਂ ਸਫ਼ਰ ਕਰਦੇ ਸਨ। ਹਥਿਆਰਾਂ ਨੂੰ ਵੀ ਸਮਾਨ ਦੀਆਂ ਪੁਰਾਣੀਆਂ ਪੇਟੀਆਂ ਅਤੇ ਡਿਲਿਵਰੀ ਪੈਕੇਟਾਂ ਵਿੱਚ ਲੁਕਾ ਕੇ ਲਿਜਾਇਆ ਜਾਂਦਾ ਸੀ, ਤਾਂ ਜੋ ਕਿਸੇ ਨੂੰ ਸ਼ੱਕ ਨਾ ਹੋਵੇ।
ਪੁਲਿਸ ਨੇ ਦੱਸਿਆ ਕਿ ਇਹ ਗਿਰੋਹ ਜੇਲ੍ਹ ਵਿੱਚ ਬੰਦ ਖ਼ਤਰਨਾਕ ਗੈਂਗਸਟਰ ਸੋਨੂੰ ਖੱਤਰੀ ਦੇ ਸਿੱਧੇ ਸੰਪਰਕ ਵਿੱਚ ਸੀ। ਸੋਨੂੰ ਖੱਤਰੀ ਖ਼ਿਲਾਫ਼ ਕਤਲ, ਕਤਲ ਦੀ ਕੋਸ਼ਿਸ਼, ਡਕੈਤੀ, ਅਗਵਾ ਅਤੇ ਲੁੱਟ-ਖੋਹ ਵਰਗੇ ਕਈ ਗੰਭੀਰ ਮਾਮਲੇ ਦਰਜ ਹਨ। ਮੁੱਢਲੀ ਜਾਂਚ ਮੁਤਾਬਕ ਬਰਾਮਦ ਕੀਤੇ ਗਏ ਹਥਿਆਰ ਉਸ ਦੇ ਗਿਰੋਹ ਦੇ ਮੈਂਬਰਾਂ ਤੱਕ ਪਹੁੰਚਾਏ ਜਾਣੇ ਸਨ, ਜਿਨ੍ਹਾਂ ਦੀ ਵਰਤੋਂ ਕਰਕੇ ਪੰਜਾਬ ਵਿੱਚ ਕਿਸੇ ਵੱਡੀ ਅਪਰਾਧਿਕ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਬਣਾਈ ਜਾ ਰਹੀ ਸੀ।ਪੁਲਿਸ ਵੱਲੋਂ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਗਿਰੋਹ ਦੇ ਹੋਰ ਮੈਂਬਰਾਂ, ਹਥਿਆਰਾਂ ਦੇ ਸਰੋਤ ਅਤੇ ਇਸ ਤਸਕਰੀ ਨਾਲ ਜੁੜੇ ਪੂਰੇ ਜਾਲ ਦਾ ਪਰਦਾਫਾਸ਼ ਕੀਤਾ ਜਾ ਸਕੇ।
Major Plot Foiled In Punjab 4 Members Of An Inter state Arms Smuggling Gang Arrested With 15 Illegal Pistols
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)