ਜਗਰਾਉਂ ਦੇ ਇੱਕ ਨਾਮੀ ਨਿੱਜੀ ਸਕੂਲ ਵਿੱਚ ਨਿਸ਼ਾਨੇਬਾਜ਼ੀ ਦੇ ਅਭਿਆਸ ਦੌਰਾਨ ਵਾਪਰੇ ਹਾਦਸੇ ਵਿੱਚ ਗਿਆਰਵੀਂ ਜਮਾਤ ਦਾ ਇੱਕ ਵਿਦਿਆਰਥੀ ਏਅਰਗਨ ਦਾ ਸ਼ਰਾ ਲੱਗਣ ਕਾਰਨ ਜ਼ਖ਼ਮੀ ਹੋ ਗਿਆ। ਘਟਨਾ ਤੋਂ ਬਾਅਦ ਸਕੂਲ ਵਿੱਚ ਹੜਕੰਪ ਮਚ ਗਿਆ ਅਤੇ ਜ਼ਖ਼ਮੀ ਵਿਦਿਆਰਥੀ ਨੂੰ ਤੁਰੰਤ ਇਲਾਜ ਲਈ ਨਿੱਜੀ ਹਸਪਤਾਲ ਪਹੁੰਚਾਇਆ ਗਿਆ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਇਹ ਘਟਨਾ ਜਗਰਾਉਂ ਸਥਿਤ ਯੂਨੀਰਾਈਜ਼ ਸਕੂਲ ਦੀ ਸ਼ੂਟਿੰਗ ਰੇਂਜ ਵਿੱਚ ਉਸ ਸਮੇਂ ਵਾਪਰੀ, ਜਦੋਂ ਟਰੇਨਰ ਦੀ ਨਿਗਰਾਨੀ ਹੇਠ ਗਿਆਰਵੀਂ ਜਮਾਤ ਦੇ ਵਿਦਿਆਰਥੀ ਨਿਸ਼ਾਨੇਬਾਜ਼ੀ ਦਾ ਅਭਿਆਸ ਕਰ ਰਹੇ ਸਨ। ਇਸ ਦੌਰਾਨ ਇੱਕ ਵਿਦਿਆਰਥੀ ਵੱਲੋਂ ਏਅਰਗਨ ਨਾਲ ਲਗਾਤਾਰ ਦੋ ਵਾਰ ਗੋਲੀ ਚਲਾਈ ਗਈ, ਜਿਸ ਤੋਂ ਨਿਕਲੇ ਸ਼ਰੇ ਉੱਥੇ ਖੜ੍ਹੇ ਇੱਕ ਹੋਰ ਵਿਦਿਆਰਥੀ ਦੀ ਲੱਤ ਵਿੱਚ ਦੋ ਥਾਵਾਂ 'ਤੇ ਲੱਗੇ ਅਤੇ ਉਹ ਜ਼ਖ਼ਮੀ ਹੋ ਗਿਆ।
ਘਟਨਾ ਤੋਂ ਤੁਰੰਤ ਬਾਅਦ ਸ਼ੂਟਿੰਗ ਰੇਂਜ ਵਿੱਚ ਮੌਜੂਦ ਵਿਦਿਆਰਥੀਆਂ ਅਤੇ ਸਟਾਫ ਵਿੱਚ ਹਫੜਾ-ਦਫੜੀ ਮਚ ਗਈ। ਸਕੂਲ ਪ੍ਰਬੰਧਕਾਂ ਨੇ ਤੁਰੰਤ ਜ਼ਖ਼ਮੀ ਵਿਦਿਆਰਥੀ ਦੇ ਪਰਿਵਾਰ ਨੂੰ ਸੂਚਿਤ ਕੀਤਾ। ਮਾਪੇ ਸਕੂਲ ਪਹੁੰਚੇ ਅਤੇ ਸਕੂਲ ਸਟਾਫ ਨਾਲ ਮਿਲ ਕੇ ਵਿਦਿਆਰਥੀ ਨੂੰ ਇਲਾਜ ਲਈ ਨਿੱਜੀ ਹਸਪਤਾਲ ਲੈ ਗਏ। ਘਟਨਾ ਦੀ ਸੂਚਨਾ ਮਿਲਣ ਉਪਰੰਤ ਜਗਰਾਉਂ ਦੇ ਉਪ ਪੁਲਿਸ ਕਪਤਾਨ ਅਤੇ ਥਾਣਾ ਸਿਟੀ ਦੇ ਮੁਖੀ ਪੁਲਿਸ ਟੀਮ ਸਮੇਤ ਮੌਕੇ 'ਤੇ ਪਹੁੰਚੇ। ਪੁਲਿਸ ਨੇ ਘਟਨਾ ਵਾਲੀ ਥਾਂ ਦਾ ਜਾਇਜ਼ਾ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚ ਦੌਰਾਨ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਏਅਰਗਨ ਵਿੱਚੋਂ ਸ਼ਰੇ ਕਿਹੜੀਆਂ ਪਰਿਸਥਿਤੀਆਂ ਵਿੱਚ ਨਿਕਲੇ ਅਤੇ ਕੀ ਸੁਰੱਖਿਆ ਨਿਯਮਾਂ ਦੀ ਪਾਲਣਾ ਕੀਤੀ ਜਾ ਰਹੀ ਸੀ। ਸਕੂਲ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਇਹ ਘਟਨਾ ਅਭਿਆਸ ਦੌਰਾਨ ਅਚਾਨਕ ਵਾਪਰੀ ਹੈ ਅਤੇ ਵਿਦਿਆਰਥੀ ਨੂੰ ਤੁਰੰਤ ਡਾਕਟਰੀ ਸਹਾਇਤਾ ਮੁਹੱਈਆ ਕਰਵਾਈ ਗਈ। ਉਨ੍ਹਾਂ ਨੇ ਭਰੋਸਾ ਦਿੱਤਾ ਕਿ ਜਾਂਚ ਵਿੱਚ ਹਰ ਪੱਖੋਂ ਸਹਿਯੋਗ ਕੀਤਾ ਜਾਵੇਗਾ।
Accident During School Shooting Practice Student Injured By Airgun Pellet Police Have Initiated An Investigation
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)