ਥਾਣਾ ਸਦਰ ਮੋਰਿੰਡਾ ਪੁਲਿਸ ਨੇ ਥਾਰ ਗੱਡੀ ਰਾਹੀਂ ਬਲੈਰੋ ਦਾ ਪਿੱਛਾ ਕਰਨ, ਫਾਇਰਿੰਗ ਕਰਨ ਅਤੇ ਇੱਕ ਵਿਅਕਤੀ ਨੂੰ ਜ਼ਬਰਦਸਤੀ ਨਾਲ ਲਿਜਾਣ ਦੀ ਕੋਸ਼ਿਸ਼ ਕਰਨ ਦੇ ਮਾਮਲੇ ਵਿੱਚ ਮੁੱਖ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਮੁਲਜ਼ਮ ਕੋਲੋਂ ਵਾਰਦਾਤ ਵਿੱਚ ਵਰਤੀ ਗਈ 32 ਬੋਰ ਰਿਵਾਲਵਰ, 6 ਖੋਲ ਅਤੇ ਥਾਰ ਗੱਡੀ ਬਰਾਮਦ ਕੀਤੀ ਹੈ। ਪੁਲਿਸ ਅਨੁਸਾਰ ਵਰਿੰਦਰ ਸਿੰਘ ਉਰਫ਼ ਮਾਵੀ ਵਾਸੀ ਪਿੰਡ ਸਲੇਮਪੁਰ ਦੀ ਸ਼ਿਕਾਇਤ 'ਤੇ 4 ਅਗਸਤ ਨੂੰ ਮਾਮਲਾ ਦਰਜ ਕੀਤਾ ਗਿਆ ਸੀ। ਸ਼ਿਕਾਇਤ ਵਿੱਚ ਦੱਸਿਆ ਗਿਆ ਕਿ ਉਹ ਆਪਣੇ ਸਾਥੀ ਹਰਜਿੰਦਰ ਸਿੰਘ ਉਰਫ਼ ਹੈਪੀ ਨਾਲ ਬਲੈਰੋ ਗੱਡੀ ਰਾਹੀਂ ਵਾਪਸ ਆ ਰਿਹਾ ਸੀ, ਜਦੋਂ ਰਸੂਲਪੁਰ ਗੁਰਦੁਆਰਾ ਸਾਹਿਬ ਨੇੜੇ ਇੱਕ ਥਾਰ ਗੱਡੀ ਨੇ ਉਨ੍ਹਾਂ ਦਾ ਰਸਤਾ ਰੋਕ ਕੇ ਫਾਇਰਿੰਗ ਕੀਤੀ।
ਪੁਲਿਸ ਮੁਤਾਬਕ ਥਾਰ ਸਵਾਰ ਨੇ ਉਨ੍ਹਾਂ ਦਾ ਪਿੱਛਾ ਕਰਦਿਆਂ ਪਿੰਡ ਸਲੇਮਪੁਰ ਤੱਕ ਪਹੁੰਚ ਕੇ ਬਲੈਰੋ ਨੂੰ ਟੱਕਰ ਮਾਰੀ ਅਤੇ ਹਰਜਿੰਦਰ ਸਿੰਘ ਨੂੰ ਹਥਿਆਰ ਦਿਖਾ ਕੇ ਆਪਣੇ ਨਾਲ ਲਿਜਾਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਕਥਿਤ ਤੌਰ 'ਤੇ ਹੋਰ ਫਾਇਰ ਵੀ ਕੀਤੇ ਗਏ। ਮਾਮਲੇ ਵਿੱਚ ਪੁਲਿਸ ਨੇ ਜਸਵੀਰ ਸਿੰਘ ਉਰਫ਼ ਕਾਲਾ ਵਾਸੀ ਪਿੰਡ ਸਮਰੋਲੀ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ ਦੀਆਂ ਧਾਰਾਵਾਂ 109, 126(2), 140(1), 62, 324(4) ਅਤੇ ਆਰਮਜ਼ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਨੇ ਦੱਸਿਆ ਕਿ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ।
Case of firing and attempted abduction in morinda prime accused arrested with a weapon
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)