ਬਲੂਆਣਾ ਖੇਤਰ ਵਿੱਚ ਕਿੰਨੂ ਦੇ ਬੂਟਿਆਂ ਦੇ ਅਚਾਨਕ ਸੁੱਕਣ ਕਾਰਨ ਬਾਗਬਾਨਾਂ ਦੀ ਚਿੰਤਾ ਵਧ ਗਈ ਹੈ। ਪਿੰਡ ਅਮਰਪੁਰਾ ਦੇ ਬਾਗਬਾਨਾਂ ਨੇ ਦਾਅਵਾ ਕੀਤਾ ਹੈ ਕਿ ਇਸ ਵਾਰ ਕਈ ਬਾਗਾਂ ਵਿੱਚ ਲਗਭਗ 25 ਫੀਸਦੀ ਬੂਟੇ ਪ੍ਰਭਾਵਿਤ ਹੋ ਰਹੇ ਹਨ, ਜਦਕਿ ਪਿਛਲੇ ਸਮੇਂ ਇਹ ਸਮੱਸਿਆ ਕਰੀਬ 5 ਫੀਸਦੀ ਬੂਟਿਆਂ ਤੱਕ ਸੀਮਤ ਰਹੀ ਸੀ।
ਬਾਗਬਾਨਾਂ ਮੁਤਾਬਕ ਬੂਟੇ ਪਹਿਲਾਂ ਤੰਦਰੁਸਤ ਅਤੇ ਫਲਦਾਰ ਸਨ, ਪਰ ਕੁਝ ਹੀ ਦਿਨਾਂ ਵਿੱਚ ਮੁਰਝਾ ਕੇ ਸੁੱਕਣ ਲੱਗ ਪਏ। ਉਨ੍ਹਾਂ ਦਾ ਕਹਿਣਾ ਹੈ ਕਿ ਖੇਤਾਂ ਵਿੱਚ ਸੇਮ ਜਾਂ ਪਾਣੀ ਦਾ ਪੱਧਰ ਉੱਚਾ ਹੋਣ ਦੀ ਸਮੱਸਿਆ ਵੀ ਨਹੀਂ ਹੈ। ਜੇਕਰ ਬਿਮਾਰੀ ਦਾ ਕਾਰਨ ਸਪੱਸ਼ਟ ਨਾ ਹੋਇਆ ਤਾਂ ਇਸ ਨਾਲ ਉਨ੍ਹਾਂ ਨੂੰ ਵੱਡਾ ਆਰਥਿਕ ਨੁਕਸਾਨ ਹੋਣ ਦਾ ਖਦਸ਼ਾ ਹੈ।
ਬਾਗਬਾਨਾਂ ਨੇ ਬਾਗਬਾਨੀ ਵਿਭਾਗ ਤੋਂ ਮੰਗ ਕੀਤੀ ਹੈ ਕਿ ਪ੍ਰਭਾਵਿਤ ਖੇਤਰਾਂ ਦਾ ਮੌਕੇ ’ਤੇ ਨਿਰੀਖਣ ਕਰਵਾ ਕੇ ਬੂਟਿਆਂ ਦੇ ਸੁੱਕਣ ਦਾ ਅਸਲ ਕਾਰਨ ਪਤਾ ਲਗਾਇਆ ਜਾਵੇ ਅਤੇ ਇਲਾਜ ਸਬੰਧੀ ਤੁਰੰਤ ਸਲਾਹ ਜਾਰੀ ਕੀਤੀ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਕਿਸਾਨਾਂ ਨੂੰ ਲੋੜੀਂਦੀਆਂ ਦਵਾਈਆਂ ਅਤੇ ਸਪਰੇਅ ਸਬੰਧੀ ਸਹੀ ਜਾਣਕਾਰੀ ਦਿੱਤੀ ਜਾਵੇ।
ਦੂਜੇ ਪਾਸੇ, ਬਾਗਬਾਨੀ ਅਧਿਕਾਰੀ ਸ਼ਯੋਪਤ ਰਾਏ ਸਹਾਰਨ ਨੇ ਕਿਹਾ ਕਿ ਵਿਭਾਗ ਕੋਲ ਅਜਿਹੀ ਕੋਈ ਸ਼ਿਕਾਇਤ ਪਹਿਲਾਂ ਨਹੀਂ ਪਹੁੰਚੀ। ਉਨ੍ਹਾਂ ਦੱਸਿਆ ਕਿ ਸੇਮ, ਪਾਣੀ ਦਾ ਉੱਚ ਪੱਧਰ ਜਾਂ ਬੂਟਿਆਂ ਦੀ ਉਮਰ ਵੀ ਸੁੱਕਣ ਦਾ ਕਾਰਨ ਹੋ ਸਕਦੀ ਹੈ। ਹਾਲਾਂਕਿ ਮਾਮਲਾ ਧਿਆਨ ਵਿੱਚ ਆਉਣ ਤੋਂ ਬਾਅਦ ਉਨ੍ਹਾਂ ਨੇ ਪ੍ਰਭਾਵਿਤ ਬਾਗਾਂ ਦੀ ਜਾਂਚ ਕਰਵਾ ਕੇ ਕਾਰਨ ਪਤਾ ਲਗਾਉਣ ਅਤੇ ਲੋੜੀਂਦਾ ਹੱਲ ਕਰਨ ਦਾ ਭਰੋਸਾ ਦਿੱਤਾ ਹੈ।
Crisis Facing Kinnow Orchards In Abohar Claim That Up To 25 Of The Plants Are Drying Up
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)