ਪੰਜਾਬੀ ਫੋਕ ਡਾਂਸ ਐਸੋਸੀਏਸ਼ਨ ਵੱਲੋਂ ਆਸਟ੍ਰੇਲੀਆ ਦੇ ਬ੍ਰਿਸਬੇਨ ਸਥਿਤ ਸਲੀਮੈਨ ਥੀਏਟਰ ਵਿੱਚ ਕਰਵਾਇਆ ਗਿਆ ਤੀਸਰਾ ਗਿੱਧਾ ਕੱਪ ਸ਼ਾਨਦਾਰ ਪੇਸ਼ਕਾਰੀਆਂ ਨਾਲ ਸੰਪੰਨ ਹੋਇਆ। ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਤੋਂ ਪਹੁੰਚੀਆਂ 15 ਟੀਮਾਂ ਨੇ ਪੰਜ ਕੈਟਾਗਰੀਆਂ ਵਿੱਚ ਮੁਕਾਬਲੇ ਵਿੱਚ ਹਿੱਸਾ ਲਿਆ, ਜਦਕਿ ਦੋਵੇਂ ਸੈਸ਼ਨਾਂ ਦੌਰਾਨ 1100 ਤੋਂ ਵੱਧ ਦਰਸ਼ਕਾਂ ਦੀ ਹਾਜ਼ਰੀ ਦਰਜ ਕੀਤੀ ਗਈ। ਸਮਾਗਮ ਵਿੱਚ ਗਾਇਕਾ ਰੁਪਿੰਦਰ ਹਾਂਡਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਆਪਣੀ ਗਾਇਕੀ ਨਾਲ ਦਰਸ਼ਕਾਂ ਦਾ ਮਨ ਮੋਹ ਲਿਆ। ਮੁਕਾਬਲੇ ਲਈ ਡਾ. ਹਰਪ੍ਰੀਤ ਸ਼ੇਰਗਿੱਲ, ਪ੍ਰੋ. ਰਵਿੰਦਰਬੀਰ ਗਿੱਲ, ਜੋਬਨਜੀਤ ਕੌਰ, ਨਵਨੀਤ ਕੌਰ, ਹਰਜੀਤ ਕੌਰ ਅਤੇ ਅਮਨਦੀਪ ਸੰਧੂ ਨੇ ਜੱਜਾਂ ਵਜੋਂ ਭੂਮਿਕਾ ਨਿਭਾਈ।
10 ਸਾਲ ਤੋਂ ਘੱਟ ਉਮਰ ਦੇ ਆਡੀਓ ਵਰਗ ਵਿੱਚ ਪੰਜਾਬੀ ਹੈਰੀਟੇਜਰਜ਼ ਨੇ ਪਹਿਲਾ ਸਥਾਨ ਹਾਸਲ ਕੀਤਾ, ਇਪਸਾ ਪਰੀਆਂ ਰਨਰਅੱਪ ਰਹੀਆਂ ਅਤੇ ਹੁਨਰ ਏ ਰੀਜੈਂਟ ਪਾਰਕ ਨੂੰ ਬੈਸਟ ਕੰਪੀਟੀਟਰ ਐਵਾਰਡ ਮਿਲਿਆ। 16 ਸਾਲ ਤੋਂ ਘੱਟ ਉਮਰ ਦੇ ਆਡੀਓ ਵਰਗ ਵਿੱਚ ਇਪਸਾ ਦੀਆਂ ਮਜ਼ਾਜਣਾਂ ਜੇਤੂ ਰਹੀਆਂ, ਪੰਜਾਬੀ ਹੈਰੀਟੇਜਰਜ਼ ਨੇ ਰਨਰਅੱਪ ਸਥਾਨ ਹਾਸਲ ਕੀਤਾ ਅਤੇ ਮਿਸਜ ਬੀ ਗਿੱਧਾ ਅਕੈਡਮੀ ਮੈਲਬੌਰਨ ਨੂੰ ਬੈਸਟ ਕੰਪੀਟੀਟਰ ਐਵਾਰਡ ਮਿਲਿਆ। 16 ਸਾਲ ਤੋਂ ਉੱਪਰ ਦੇ ਲਾਈਵ ਵਰਗ ਵਿੱਚ ਮਹਿਕ ਪੰਜਾਬ ਦੀ ਟੀਮ ਨੇ ਜੇਤੂ ਸਥਾਨ ਹਾਸਲ ਕੀਤਾ, ਜਦਕਿ ਇਪਸਾ ਦੀਆਂ ਰਕਾਨਾਂ ਅਤੇ ਪੰਜਾਬੀ ਹੈਰੀਟੇਜਰਜ਼ ਸਾਂਝੇ ਤੌਰ ’ਤੇ ਦੂਜੇ ਸਥਾਨ ’ਤੇ ਰਹੀਆਂ। ਇਸੇ ਉਮਰ ਵਰਗ ਦੇ ਆਡੀਓ ਮੁਕਾਬਲੇ ਵਿੱਚ ਪੰਜਾਬੀ ਹੈਰੀਟੇਜਰਜ਼ ਪਹਿਲੇ, ਇਪਸਾ ਰਾਣੀਆਂ ਦੂਜੇ ਅਤੇ ਮਿਸਜ ਬੀ ਗਿੱਧਾ ਅਕੈਡਮੀ ਮੈਲਬੌਰਨ ਬੈਸਟ ਕੰਪੀਟੀਟਰ ਰਹੀ।
ਇਸ ਵਾਰ ਪੰਜਾਬੀ ਫੋਕ ਡਾਂਸ ਐਸੋਸੀਏਸ਼ਨ ਵੱਲੋਂ ਸ਼ੁਰੂ ਕੀਤੇ ਗਏ ਗਿੱਧਾ ਗੌਰਵ ਪੁਰਸਕਾਰ ਨਾਲ ਨਿਊਜ਼ੀਲੈਂਡ ਦੀ ਹਰਜੀਤ ਕੌਰ ਨੂੰ ਸਨਮਾਨਿਤ ਕੀਤਾ ਗਿਆ। ਜੀਵਨ ਭਰ ਦੀਆਂ ਪ੍ਰਾਪਤੀਆਂ ਅਤੇ ਯੋਗਦਾਨ ਲਈ ਪੰਜਾਬ ਗੌਰਵ ਪੁਰਸਕਾਰ ਬ੍ਰਿਸਬੇਨ ਦੀ ਪ੍ਰਮੁੱਖ ਹਸਤੀ ਪਰਮਜੀਤ ਸਰਾਏ ਨੂੰ ਦਿੱਤਾ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਅਮਨ ਸੰਧੂ ਅਤੇ ਰਮਨ ਢੀਂਡਸਾ ਦੇ ਸਵਾਗਤੀ ਬੋਲਾਂ ਨਾਲ ਹੋਈ। ਸੰਸਥਾ ਦੀ ਪ੍ਰਧਾਨ ਸੋਨਾ ਖਹਿਰਾ ਅਤੇ ਹਰਮਨ ਦੁੱਗਲ ਨੇ ਵੀ ਸੰਬੋਧਨ ਕੀਤਾ। ਪ੍ਰੋਗਰਾਮ ਦੇ ਮੱਧ ਭਾਗ ਵਿੱਚ ਅਲਕਾ ਸ਼ਰਮਾ ਅਤੇ ਬੀਰਪਾਲ ਧਾਲੀਵਾਲ ਨੇ ਦਰਸ਼ਕਾਂ ਨਾਲ ਵਿਚਾਰ ਸਾਂਝੇ ਕੀਤੇ।
ਗਿੱਧਾ ਕੱਪ ਨੂੰ ਦੋ ਸੈਸ਼ਨਾਂ ਵਿੱਚ ਕਰਵਾਇਆ ਗਿਆ, ਜਿਸ ਦੇ ਪਹਿਲੇ ਭਾਗ ਵਿੱਚ ਆਡੀਓ ਵਰਗ ਅਤੇ ਦੂਜੇ ਭਾਗ ਵਿੱਚ ਲਾਈਵ ਗਿੱਧੇ ਦੀਆਂ ਟੀਮਾਂ ਨੇ ਪੇਸ਼ਕਾਰੀਆਂ ਦਿੱਤੀਆਂ। ਪ੍ਰਬੰਧਕਾਂ ਮੁਤਾਬਕ ਇਸ ਵਾਰ ਪਿਛਲੇ ਮੁਕਾਬਲਿਆਂ ਦੀਆਂ ਕਮੀਆਂ ਨੂੰ ਦੂਰ ਕਰਦਿਆਂ ਪ੍ਰੋਗਰਾਮ ਨੂੰ ਨਿਰਧਾਰਤ ਸਮੇਂ ਅਨੁਸਾਰ ਸਫਲਤਾਪੂਰਵਕ ਕਰਵਾਇਆ ਗਿਆ। ਇੰਟਰਸਟੇਟ ਅਤੇ ਅੰਤਰਰਾਸ਼ਟਰੀ ਟੀਮਾਂ ਦੀਆਂ ਪੇਸ਼ਕਾਰੀਆਂ ਨੇ ਮੁਕਾਬਲੇ ਨੂੰ ਹੋਰ ਰੌਚਕ ਬਣਾਇਆ। ਅੰਤ ਵਿੱਚ ਸੰਸਥਾ ਦੇ ਸੈਕਟਰੀ ਸਰਬਜੀਤ ਸੋਹੀ ਨੇ ਦਰਸ਼ਕਾਂ, ਮਾਪਿਆਂ, ਸਪਾਂਸਰਾਂ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ। ਇਨਾਮ ਵੰਡ ਸਮਾਰੋਹ ਵਿੱਚ ਨੀਰੂ ਵਿਰਕ, ਅਮਨ ਟਿਵਾਣਾ, ਰੋਮਨ ਬਾਜਵਾ, ਪਿੰਦਰ ਬਾਜਵਾ, ਕੁਮਨ ਸੰਧੂ ਅਤੇ ਮਨਵਿੰਦਰਜੀਤ ਕੌਰ ਸਮੇਤ ਕਈ ਨਾਮਵਰ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ। ਸਮਾਗਮ ਦੀ ਲਾਈਵ ਕਵਰੇਜ ਸੈਵਨ ਸੀਜ ਟੀਵੀ ਵੱਲੋਂ ਕੀਤੀ ਗਈ।
Third Gidha Cup Concludes Successfully In Brisbane 15 Teams Participated
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)