ਰਾਜਜੀਤ ਸਿੰਘ ਮਾਮਲਾ: ਡਰੱਗ ਨੈੱਟਵਰਕ ਨਾਲ ਕਥਿਤ ਸਬੰਧਾਂ ਤੋਂ ਜਾਇਦਾਦਾਂ ਦੀ ਜਾਂਚ ਤੱਕ, ਜਾਣੋ ਪੂਰਾ ਮਾਮਲਾ

24/09/2026 | Public Times Bureau | Panjab

ਪੰਜਾਬ ਪੁਲਿਸ ਦੇ ਬਰਖ਼ਾਸਤ ਅਧਿਕਾਰੀ ਰਾਜਜੀਤ ਸਿੰਘ ਵਿਰੁੱਧ ਡਰੱਗ ਤਸਕਰੀ ਨਾਲ ਜੁੜੇ ਨੈੱਟਵਰਕ ਨੂੰ ਕਥਿਤ ਤੌਰ ’ਤੇ ਸੁਰੱਖਿਆ ਦੇਣ ਅਤੇ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ਾਂ ਦੀ ਜਾਂਚ ਕਈ ਸਾਲ ਪੁਰਾਣੀ ਹੈ। ਮਾਮਲੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਨਿਗਰਾਨੀ ਹੇਠ ਵਿਸ਼ੇਸ਼ ਜਾਂਚ ਟੀਮ (SIT) ਵੱਲੋਂ ਰਿਪੋਰਟਾਂ ਤਿਆਰ ਕੀਤੀਆਂ ਗਈਆਂ ਸਨ। ਮਾਮਲੇ ਦਾ ਮੁੱਖ ਸਬੰਧ ਬਰਖ਼ਾਸਤ ਪੁਲਿਸ ਇੰਸਪੈਕਟਰ ਇੰਦਰਜੀਤ ਸਿੰਘ ਨਾਲ ਜੁੜੀ ਜਾਂਚ ਨਾਲ ਹੈ। ਜਨਵਰੀ 2017 ਵਿੱਚ ਸਪੈਸ਼ਲ ਟਾਸਕ ਫੋਰਸ (STF) ਨੇ ਇੰਦਰਜੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਸੀ। ਉਸ ਦੇ ਕਪੂਰਥਲਾ ਸਥਿਤ ਘਰ ਤੋਂ ਕਰੀਬ ਚਾਰ ਕਿਲੋ ਹੈਰੋਇਨ, ਇੱਕ AK-47 ਅਤੇ 16 ਲੱਖ ਰੁਪਏ ਬਰਾਮਦ ਹੋਣ ਦੀ ਜਾਣਕਾਰੀ ਸਾਹਮਣੇ ਆਈ ਸੀ। ਬਾਅਦ ਵਿੱਚ ਉਸ ਨੂੰ ਪੁਲਿਸ ਸੇਵਾ ਤੋਂ ਬਰਖ਼ਾਸਤ ਕਰ ਦਿੱਤਾ ਗਿਆ।

SIT ਦੀ ਰਿਪੋਰਟ ਵਿੱਚ ਰਾਜਜੀਤ ਸਿੰਘ ’ਤੇ ਕਥਿਤ ਤੌਰ ’ਤੇ ਇੰਦਰਜੀਤ ਸਿੰਘ ਨੂੰ ਉਨ੍ਹਾਂ ਜ਼ਿਲ੍ਹਿਆਂ ਵਿੱਚ ਤਾਇਨਾਤ ਕਰਵਾਉਣ ਵਿੱਚ ਭੂਮਿਕਾ ਨਿਭਾਉਣ ਦੇ ਦੋਸ਼ ਲਗਾਏ ਗਏ, ਜਿੱਥੇ ਰਾਜਜੀਤ ਖ਼ੁਦ ਪੁਲਿਸ ਮੁਖੀ ਵਜੋਂ ਤਾਇਨਾਤ ਰਹੇ ਸਨ। ਰਿਪੋਰਟ ਮੁਤਾਬਕ ਤਰਨਤਾਰਨ ਅਤੇ ਹੁਸ਼ਿਆਰਪੁਰ ਵਿੱਚ ਤਾਇਨਾਤੀ ਦੌਰਾਨ ਉਨ੍ਹਾਂ ਨੇ ਇੰਦਰਜੀਤ ਦੀ ਤਾਇਨਾਤੀ ਲਈ ਪੁਲਿਸ ਹੈੱਡਕੁਆਰਟਰ ਨੂੰ ਸਿਫ਼ਾਰਸ਼ਾਂ ਭੇਜੀਆਂ ਸਨ। ਜਾਂਚ ਰਿਪੋਰਟ ਵਿੱਚ ਇਹ ਵੀ ਦਰਜ ਕੀਤਾ ਗਿਆ ਕਿ ਇੰਦਰਜੀਤ ਸਿੰਘ ਵਿਰੁੱਧ ਕਈ FIR ਅਤੇ ਵਿਭਾਗੀ ਜਾਂਚਾਂ ਲੰਬਿਤ ਹੋਣ ਦੇ ਬਾਵਜੂਦ ਉਸ ਨੂੰ ਤਰੱਕੀ ਅਤੇ ਅਹਿਮ ਤਾਇਨਾਤੀਆਂ ਮਿਲਦੀਆਂ ਰਹੀਆਂ। ਉਸ ’ਤੇ ਡਰੱਗ ਮਾਮਲਿਆਂ ਵਿੱਚ ਲੋਕਾਂ ਨੂੰ ਕਥਿਤ ਤੌਰ ’ਤੇ ਫਸਾਉਣ ਅਤੇ ਬਾਅਦ ਵਿੱਚ ਰਾਹਤ ਦੇ ਨਾਂ ’ਤੇ ਪੈਸੇ ਵਸੂਲਣ ਵਰਗੇ ਦੋਸ਼ ਵੀ ਜਾਂਚ ਦਾ ਹਿੱਸਾ ਰਹੇ।

SIT ਨੇ ਰਾਜਜੀਤ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਦੀਆਂ ਜਾਇਦਾਦਾਂ ਦੀ ਵੀ ਜਾਂਚ ਕੀਤੀ। ਰਿਪੋਰਟ ਵਿੱਚ 2013 ਤੋਂ ਬਾਅਦ ਜਾਇਦਾਦਾਂ ਵਿੱਚ ਹੋਏ ਵਾਧੇ ਅਤੇ ਆਮਦਨ ਦੇ ਸਰੋਤਾਂ ਦੀ ਹੋਰ ਜਾਂਚ ਦੀ ਲੋੜ ਦੱਸੀ ਗਈ। ਇਸ ਦੌਰਾਨ ਜ਼ਮੀਨ ਅਤੇ ਹੋਰ ਅਚੱਲ ਜਾਇਦਾਦਾਂ ਦੀ ਖਰੀਦ-ਫ਼ਰੋਖ਼ਤ, ਕਥਿਤ ਨਕਦ ਲੈਣ-ਦੇਣ, ਕਰਜ਼ਿਆਂ ਅਤੇ ਤੋਹਫ਼ਿਆਂ ਦਾ ਵੀ ਜ਼ਿਕਰ ਕੀਤਾ ਗਿਆ। ਇਹ ਮਾਮਲਾ 2017 ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਨਸ਼ਿਆਂ ਨਾਲ ਸਬੰਧਤ ਜਨਹਿਤ ਪਟੀਸ਼ਨ ਦੀ ਸੁਣਵਾਈ ਦੌਰਾਨ ਉਠਿਆ। ਇਸ ਤੋਂ ਬਾਅਦ ਹਾਈ ਕੋਰਟ ਨੇ 1986 ਬੈਚ ਦੇ IPS ਅਧਿਕਾਰੀ ਸਿਧਾਰਥ ਚਟੋਪਾਧਿਆਏ ਦੀ ਅਗਵਾਈ ਹੇਠ SIT ਬਣਾਈ। SIT ਨੇ 2018 ਵਿੱਚ ਰਾਜਜੀਤ ਸਿੰਘ ਨਾਲ ਸਬੰਧਤ ਤਿੰਨ ਵਿਸਥਾਰਪੂਰਵਕ ਰਿਪੋਰਟਾਂ ਹਾਈ ਕੋਰਟ ਵਿੱਚ ਪੇਸ਼ ਕੀਤੀਆਂ, ਜੋ ਲੰਬੇ ਸਮੇਂ ਤੱਕ ਸੀਲਬੰਦ ਰਹੀਆਂ।

ਮਾਰਚ 2023 ਵਿੱਚ ਹਾਈ ਕੋਰਟ ਵੱਲੋਂ ਰਿਪੋਰਟਾਂ ਖੋਲ੍ਹਣ ਅਤੇ ਉਨ੍ਹਾਂ ਦੇ ਆਧਾਰ ’ਤੇ ਕਾਰਵਾਈ ਦੇ ਨਿਰਦੇਸ਼ਾਂ ਤੋਂ ਬਾਅਦ ਤਤਕਾਲੀ ਮੁੱਖ ਮੰਤਰੀ ਭਗਵੰਤ ਮਾਨ ਨੇ ਰਾਜਜੀਤ ਸਿੰਘ ਨੂੰ ਸੇਵਾ ਤੋਂ ਬਰਖ਼ਾਸਤ ਕਰਨ ਅਤੇ ਉਨ੍ਹਾਂ ਦੀਆਂ ਜਾਇਦਾਦਾਂ ਦੀ ਜਾਂਚ ਦੇ ਹੁਕਮ ਦੇਣ ਦਾ ਐਲਾਨ ਕੀਤਾ ਸੀ। ਰਾਜਜੀਤ ਸਿੰਘ ਨਾਲ ਸਬੰਧਤ ਮਾਮਲੇ ਵਿੱਚ SIT ਦੀਆਂ ਰਿਪੋਰਟਾਂ ਵਿੱਚ ਦਰਜ ਦੋਸ਼ ਅਤੇ ਨਿਰੀਖਣ ਜਾਂਚ ਦਾ ਹਿੱਸਾ ਹਨ; ਇਨ੍ਹਾਂ ’ਤੇ ਅੰਤਿਮ ਕਾਨੂੰਨੀ ਨਤੀਜਾ ਅਦਾਲਤੀ ਕਾਰਵਾਈ ਅਤੇ ਹੋਰ ਜਾਂਚ ਦੇ ਆਧਾਰ ’ਤੇ ਨਿਰਭਰ ਕਰੇਗਾ।

Rajjit Singh Case From Alleged Links To A Drug Network To The Investigation Into Assets know The Full Story


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App