ਝੋਨੇ ਦੀ ਖ਼ਰੀਦ ਤੋਂ ਪਹਿਲਾਂ ਅਨਾਜ ਦੀ ਲਿਫਟਿੰਗ ਨੂੰ ਲੈ ਕੇ CM ਮਾਨ ਨੇ ਕੇਂਦਰ ਨੂੰ ਲਿਖਿਆ ਪੱਤਰ, 21 ਲੱਖ MT ਸਟਾਕ ਚੁੱਕਣ ਦੀ ਮੰਗ

03/10/2026 | Public Times Bureau | Panjab

ਪੰਜਾਬ ਵਿੱਚ ਝੋਨੇ ਦੀ ਖ਼ਰੀਦ ਸ਼ੁਰੂ ਹੋਣ ਤੋਂ ਪਹਿਲਾਂ ਅਨਾਜ ਦੀ ਲਿਫਟਿੰਗ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੇਂਦਰ ਸਰਕਾਰ ਕੋਲ ਮਾਮਲਾ ਉਠਾਇਆ ਹੈ। ਮੁੱਖ ਮੰਤਰੀ ਨੇ ਕੇਂਦਰੀ ਖੁਰਾਕ ਤੇ ਜਨਤਕ ਵੰਡ ਮੰਤਰੀ ਪ੍ਰਹਲਾਦ ਜੋਸ਼ੀ ਨੂੰ ਪੱਤਰ ਲਿਖ ਕੇ ਪੰਜਾਬ ਤੋਂ ਤੁਰੰਤ ਚੌਲ ਅਤੇ ਕਣਕ ਦੀ ਲਿਫਟਿੰਗ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਨੇ 10 ਅਕਤੂਬਰ ਤੱਕ 6 ਲੱਖ ਮੀਟ੍ਰਿਕ ਟਨ ਚੌਲ ਅਤੇ ਅਕਤੂਬਰ ਮਹੀਨੇ ਦੌਰਾਨ 15 ਲੱਖ ਮੀਟ੍ਰਿਕ ਟਨ ਕਣਕ ਚੁੱਕਣ ਦੀ ਅਪੀਲ ਕੀਤੀ ਹੈ।

ਮੁੱਖ ਮੰਤਰੀ ਵੱਲੋਂ ਇਸ ਮਾਮਲੇ ਨੂੰ ਲੈ ਕੇ ਕੇਂਦਰ ਨੂੰ ਲਿਖਿਆ ਇਹ ਦੂਜਾ ਪੱਤਰ ਹੈ। ਮਾਨ ਮੁਤਾਬਕ ਰਾਈਸ ਮਿੱਲਾਂ ਅਤੇ ਮੰਡੀਆਂ ਵਿੱਚ ਕਰੀਬ 40 ਲੱਖ ਮੀਟ੍ਰਿਕ ਟਨ ਕਣਕ ਇਸ ਉਮੀਦ ਨਾਲ ਰੱਖੀ ਗਈ ਸੀ ਕਿ ਸਤੰਬਰ ਜਾਂ ਮੱਧ ਅਕਤੂਬਰ ਤੱਕ ਇਸ ਦੀ ਲਿਫਟਿੰਗ ਹੋ ਜਾਵੇਗੀ, ਪਰ ਹੌਲੀ ਲਿਫਟਿੰਗ ਕਾਰਨ ਲਗਭਗ 17 ਲੱਖ ਮੀਟ੍ਰਿਕ ਟਨ ਕਣਕ ਹਾਲੇ ਵੀ ਉੱਥੇ ਪਈ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਝੋਨੇ ਦੀ ਆਮਦ ਹੁਣ ਤੇਜ਼ ਹੋਣੀ ਹੈ ਅਤੇ 10 ਅਕਤੂਬਰ ਦੇ ਆਸ-ਪਾਸ ਮੰਡੀਆਂ ਵਿੱਚ ਆਮਦ ਸਿਖਰ ’ਤੇ ਪਹੁੰਚ ਸਕਦੀ ਹੈ। ਜੇਕਰ ਪਹਿਲਾਂ ਤੋਂ ਪਿਆ ਕਣਕ ਦਾ ਸਟਾਕ ਸਮੇਂ ਸਿਰ ਨਹੀਂ ਚੁੱਕਿਆ ਗਿਆ ਤਾਂ ਮੰਡੀਆਂ ਵਿੱਚ ਝੋਨਾ ਰੱਖਣ ਲਈ ਥਾਂ ਦੀ ਕਮੀ ਪੈਦਾ ਹੋ ਸਕਦੀ ਹੈ। ਇਸ ਤੋਂ ਇਲਾਵਾ ਰਾਈਸ ਮਿੱਲਾਂ ਵਿੱਚ ਵੀ ਨਵੇਂ ਸਟਾਕ ਲਈ ਲੋੜੀਂਦੀ ਜਗ੍ਹਾ ਉਪਲਬਧ ਨਹੀਂ ਰਹੇਗੀ।

ਮਾਨ ਨੇ ਪੱਤਰ ਵਿੱਚ ਦੱਸਿਆ ਕਿ ਸਾਉਣੀ ਸੀਜ਼ਨ 2025-26 ਲਈ ਨਿਰਧਾਰਤ 105.64 ਲੱਖ ਮੀਟ੍ਰਿਕ ਟਨ ਚੌਲਾਂ ਵਿੱਚੋਂ 29 ਸਤੰਬਰ ਤੱਕ 99.50 ਲੱਖ ਮੀਟ੍ਰਿਕ ਟਨ ਚੌਲ ਹੀ ਭਾਰਤੀ ਖੁਰਾਕ ਨਿਗਮ (FCI) ਨੂੰ ਦਿੱਤੇ ਜਾ ਸਕੇ ਹਨ। ਉਨ੍ਹਾਂ ਮੁਤਾਬਕ ਸਾਉਣੀ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਕੇਂਦਰ ਨੂੰ 15 ਲੱਖ ਮੀਟ੍ਰਿਕ ਟਨ ਚੌਲ ਅਤੇ 10 ਤੋਂ 12 ਲੱਖ ਮੀਟ੍ਰਿਕ ਟਨ ਕਣਕ ਦੀ ਲਿਫਟਿੰਗ ਕਰਨ ਦੀ ਅਪੀਲ ਕੀਤੀ ਗਈ ਸੀ, ਪਰ ਇਸ ਵਿੱਚੋਂ ਕਰੀਬ 6 ਲੱਖ ਮੀਟ੍ਰਿਕ ਟਨ ਸਟਾਕ ਹਾਲੇ ਪੈਂਡਿੰਗ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਜੂਨ ਤੋਂ ਸਤੰਬਰ ਤੱਕ ਲਿਫਟਿੰਗ ਦੀ ਰਫ਼ਤਾਰ ਹੌਲੀ ਰਹੀ। 29 ਸਤੰਬਰ ਤੱਕ 8.30 ਲੱਖ ਮੀਟ੍ਰਿਕ ਟਨ ਚੌਲ ਅਤੇ 4.30 ਲੱਖ ਮੀਟ੍ਰਿਕ ਟਨ ਕਣਕ ਦੀ ਹੀ ਲਿਫਟਿੰਗ ਹੋ ਸਕੀ ਹੈ। ਉਨ੍ਹਾਂ ਕਿਹਾ ਕਿ ਮਿੱਲਿੰਗ ਵਿੱਚ ਦੇਰੀ ਕਾਰਨ ਰਾਈਸ ਮਿੱਲ ਮਾਲਕ ਪਹਿਲਾਂ ਹੀ ਚਿੰਤਾ ਵਿੱਚ ਹਨ ਅਤੇ ਜੇਕਰ ਚੌਲਾਂ ਦੀ ਡਿਲੀਵਰੀ ਮੱਧ ਅਕਤੂਬਰ ਤੋਂ ਬਾਅਦ ਤੱਕ ਪੈਂਡਿੰਗ ਰਹੀ ਤਾਂ ਝੋਨੇ ਦੀ ਸਟੋਰੇਜ ਅਤੇ ਮਿਲਿੰਗ ਲਈ ਮਿੱਲਰਾਂ ਨੂੰ ਮੁਸ਼ਕਲ ਆ ਸਕਦੀ ਹੈ।

ਮਾਨ ਨੇ ਕੇਂਦਰੀ ਮੰਤਰੀ ਨੂੰ ਅਪੀਲ ਕੀਤੀ ਕਿ ਭਾਰਤੀ ਖੁਰਾਕ ਨਿਗਮ ਨੂੰ ਤੁਰੰਤ ਲਿਫਟਿੰਗ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ ਜਾਣ। ਉਨ੍ਹਾਂ ਕਿਹਾ ਕਿ ਸਮੇਂ ਸਿਰ ਸਟਾਕ ਨਾ ਚੁੱਕੇ ਜਾਣ ਕਾਰਨ ਜੇ ਮੰਡੀਆਂ ਵਿੱਚ ਥਾਂ ਦੀ ਕਮੀ ਪੈਦਾ ਹੁੰਦੀ ਹੈ ਤਾਂ ਝੋਨੇ ਦੀ ਖ਼ਰੀਦ ਪ੍ਰਭਾਵਿਤ ਹੋ ਸਕਦੀ ਹੈ। ਮੁੱਖ ਮੰਤਰੀ ਨੇ ਕੇਂਦਰ ਤੋਂ ਤੁਰੰਤ ਦਖ਼ਲ ਦੀ ਮੰਗ ਕਰਦਿਆਂ ਕਿਹਾ ਕਿ ਇਸ ਨਾਲ ਪੰਜਾਬ ਵਿੱਚ ਝੋਨੇ ਦੀ ਖ਼ਰੀਦ ਪ੍ਰਕਿਰਿਆ ਸੁਚਾਰੂ ਢੰਗ ਨਾਲ ਚਲਾਉਣ ਵਿੱਚ ਮਦਦ ਮਿਲੇਗੀ।

Cm Mann Writes To The Centre Regarding Grain Lifting Ahead Of Paddy Procurement Demands Lifting Of 21 Lakh Mt Of Stock


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App