ਪੰਜਾਬ ਦੀਆਂ ਸਮੂਹ ਅਧਿਆਪਕ ਜਥੇਬੰਦੀਆਂ ਦੇ ਆਗੂਆਂ ਨੇ ਸਿੱਖਿਆ ਸਕੱਤਰ ਸੋਨਾਲੀ ਗਿਰੀ ਨਾਲ ਮੀਟਿੰਗ ਕਰਕੇ ਅਧਿਆਪਕਾਂ ਅਤੇ ਸਿੱਖਿਆ ਵਿਭਾਗ ਨਾਲ ਸਬੰਧਤ 17 ਅਹਿਮ ਮੰਗਾਂ ਉਠਾਈਆਂ। ਮੀਟਿੰਗ ਵਿੱਚ ਸਭ ਤੋਂ ਪ੍ਰਮੁੱਖ ਮੁੱਦਾ 4161 ਮਾਸਟਰ ਕਾਡਰ ਭਰਤੀ ਤਹਿਤ ਟਰਮੀਨੇਟ ਕੀਤੇ ਗਏ 253 ਅਧਿਆਪਕਾਂ ਦੀ ਬਹਾਲੀ ਦਾ ਰਿਹਾ। ਵਿਭਾਗ ਨੇ ਦੱਸਿਆ ਕਿ ਇਨ੍ਹਾਂ ਅਧਿਆਪਕਾਂ ਦੀ ਟਰਮੀਨੇਸ਼ਨ ’ਤੇ ਅਗਲੇ ਹੁਕਮਾਂ ਤੱਕ ਰੋਕ ਲਗਾ ਦਿੱਤੀ ਗਈ ਹੈ, ਜਦਕਿ ਅੰਤਿਮ ਫੈਸਲਾ ਪੰਜਾਬ ਸਰਕਾਰ ਵੱਲੋਂ ਲਿਆ ਜਾਵੇਗਾ।
ਮੀਟਿੰਗ ਦੌਰਾਨ ਅਧਿਆਪਕਾਂ ਦੀਆਂ ਪਦਉਨਤੀਆਂ ਵਿੱਚ ਪਾਰਦਰਸ਼ਤਾ, ਸਟੇਸ਼ਨ ਚੋਣ ਅਤੇ ਲੰਬਿਤ ਅਡਜਸਟਮੈਂਟਾਂ ਦਾ ਮੁੱਦਾ ਵੀ ਜ਼ੋਰਦਾਰ ਢੰਗ ਨਾਲ ਉਠਾਇਆ ਗਿਆ। ਸਿੱਖਿਆ ਸਕੱਤਰ ਨੇ ਭਰੋਸਾ ਦਿੱਤਾ ਕਿ ਭਵਿੱਖ ਵਿੱਚ ਪਦਉਨਤੀਆਂ ਸਮੇਂ ਪਾਰਦਰਸ਼ੀ ਢੰਗ ਨਾਲ ਸਟੇਸ਼ਨ ਚੋਣ ਕਰਵਾਈ ਜਾਵੇਗੀ ਅਤੇ ਰਹਿੰਦੀਆਂ ਅਡਜਸਟਮੈਂਟਾਂ ਲਈ ਅਧਿਆਪਕਾਂ ਨੂੰ ਮੁੱਖ ਦਫ਼ਤਰ ਬੁਲਾਇਆ ਜਾਵੇਗਾ। ਇਸ ਤੋਂ ਇਲਾਵਾ ਮਾਸਟਰ ਕਾਡਰ ਦੀਆਂ ਰਹਿੰਦੀਆਂ ਤਰੱਕੀਆਂ, ਸੀਨੀਆਰਤਾ ਸੂਚੀਆਂ ਜਾਰੀ ਕਰਨ ਅਤੇ ਈ.ਟੀ.ਟੀ. ਤੋਂ ਹੈੱਡ ਟੀਚਰ, ਹੈੱਡ ਟੀਚਰ ਤੋਂ ਸੈਂਟਰ ਹੈੱਡ ਟੀਚਰ, ਮਾਸਟਰ ਕਾਡਰ ਤੋਂ ਮੁੱਖ ਅਧਿਆਪਕ ਤੇ ਲੈਕਚਰਾਰ ਅਤੇ ਲੈਕਚਰਾਰ ਤੋਂ ਪ੍ਰਿੰਸੀਪਲ ਦੀਆਂ ਪਦਉਨਤੀਆਂ ਜਲਦ ਕਰਨ ਦੀ ਮੰਗ ਕੀਤੀ ਗਈ। ਵਿਭਾਗ ਵੱਲੋਂ ਲੰਬਿਤ ਤਰੱਕੀਆਂ ਸਬੰਧੀ ਲੋੜੀਂਦੀਆਂ ਹਦਾਇਤਾਂ ਜਾਰੀ ਕਰਨ ਦਾ ਭਰੋਸਾ ਦਿੱਤਾ ਗਿਆ।
ਅਧਿਆਪਕ ਜਥੇਬੰਦੀਆਂ ਨੇ ਕਰੋੜਾਂ ਰੁਪਏ ਦੇ ਬਕਾਇਆ ਬਿੱਲਾਂ ਦੀ ਅਦਾਇਗੀ, ਮਿਡ-ਡੇ-ਮੀਲ ਦੀ ਰਾਸ਼ੀ ਜਾਰੀ ਕਰਨ, ਨੋਸ਼ਨਲ ਸੀਨੀਆਰਤਾ ਅਤੇ ਪੁਰਾਣੀ ਸੇਵਾ ਦੇ ਲਾਭ ਦੇਣ ਵਰਗੇ ਮੁੱਦੇ ਵੀ ਉਠਾਏ। ਇਸ ਤੋਂ ਇਲਾਵਾ ਹੈੱਡ ਟੀਚਰਾਂ ਦੀਆਂ ਖ਼ਤਮ ਕੀਤੀਆਂ 1,904 ਅਸਾਮੀਆਂ ਬਹਾਲ ਕਰਨ ਦੀ ਮੰਗ ’ਤੇ ਕੋਈ ਠੋਸ ਭਰੋਸਾ ਨਹੀਂ ਮਿਲਿਆ। ਮੀਟਿੰਗ ਵਿੱਚ ਉਪ ਸਿੱਖਿਆ ਸਕੱਤਰ ਹਰਪ੍ਰੀਤ ਸਿੰਘ ਸਮੇਤ ਵੱਖ-ਵੱਖ ਅਧਿਆਪਕ ਜਥੇਬੰਦੀਆਂ ਦੇ ਆਗੂ ਮੌਜੂਦ ਰਹੇ। ਆਗੂਆਂ ਨੇ ਸਪੱਸ਼ਟ ਕੀਤਾ ਕਿ ਮੰਗਾਂ ਦੇ ਅਮਲੀ ਰੂਪ ਵਿੱਚ ਲਾਗੂ ਹੋਣ ਤੱਕ ਸੰਘਰਸ਼ ਅਤੇ ਪੈਰਵੀ ਜਾਰੀ ਰਹੇਗੀ।
Stay On Termination Of 253 Teachers Government To Decide On Their Reinstatement
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)