ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ ਵੱਲੋਂ ਚੰਡੀਗੜ੍ਹ ਦੇ ਸਪੋਰਟਸ ਕੰਪਲੈਕਸ, ਸੈਕਟਰ 34 ਵਿਚ ਅੱਜ ਪਹਿਲੇ ਫੈਡਰੇਸ਼ਨ ਗੱਤਕਾ ਕੱਪ ਦੀ ਸ਼ੁਰੂਆਤ ਰਵਾਇਤੀ ਧੂਮ-ਧੜੱਕੇ ਨਾਲ ਹੋਈ ਜਿਸ ਦਾ ਉਦਘਾਟਨ ਗੁਰਦੁਆਰਾ ਨਾਨਕਸਰ ਚੰਡੀਗੜ੍ਹ ਦੇ ਮੁਖੀ ਸੰਤ ਬਾਬਾ ਗੁਰਦੇਵ ਸਿੰਘ ਜੀ ਨੇ ਕੀਤਾ। ਇਸ ਮੌਕੇ ਉਨਾਂ ਨਾਲ ਨੈਸ਼ਨਲ ਗੱਤਕਾ ਐਸੋਸੀਏਸ਼ਨ ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ, ਚੰਡੀਗੜ੍ਹ ਗੱਤਕਾ ਐਸੋਸੀਏਸ਼ਨ ਦੇ ਪ੍ਰਧਾਨ ਹਰਦੀਪ ਸਿੰਘ ਬੁਟਰੇਲਾ ਅਤੇ ਚੰਡੀਗੜ੍ਹ ਉਲੰਪਿਕ ਐਸੋਸੀਏਸ਼ਨ ਦੇ ਜਨਰਲ ਸਕੱਤਰ ਐਨ.ਐਸ. ਠਾਕੁਰ ਵੀ ਸਨ। ਇਸ ਮੌਕੇ ਬਾਬਾ ਗੁਰਦੇਵ ਸਿੰਘ ਨੇ ਬਾਹਰਲੇ ਰਾਜਾਂ ਤੋਂ ਆਏ ਮਹਿਮਾਨ ਖਿਡਾਰੀਆਂ ਨੂੰ ਅਸ਼ੀਰਵਾਦ ਦਿੰਦਿਆਂ ਆਖਿਆ ਕਿ ਕਰੀਬ 600 ਸਾਲ ਪੁਰਾਤਨ ਇਸ ਖੇਡ ਨੂੰ ਰਾਸ਼ਟਰੀ ਪੱਧਰ ਉਤੇ ਮਾਨਤਾ ਦਿਵਾਉਣ ਅਤੇ ਪ੍ਰਫੁੱਲਤ ਕਰਨ ਲਈ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ (ਐਨ.ਜੀ.ਏ.ਆਈ.) ਦੇ ਉਪਰਾਲੇ ਸ਼ਲਾਘਾਯੋਗ ਹਨ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਆਪਣੇ ਵਿਰਸੇ ਨਾਲ ਜੋੜ ਕੇ ਰੱਖਣ ਲਈ ਗੱਤਕਾ ਬਹੁਤ ਸਸਤੀ, ਸੁਖਾਲੀ ਅਤੇ ਸਵੈ-ਰੱਖਿਆ ਦੀ ਪਰਖੀ ਹੋਈ ਖੇਡ ਹੈ। ਇਸ ਕਰਕੇ ਸਮੂੰਹ ਰਾਜ ਸਰਕਾਰਾਂ ਅਤੇ ਵੱਖ-ਵੱਖ ਸੰਸਥਾਵਾਂ ਇਸ ਖੇਡ ਨੂੰ ਪ੍ਰਫੁੱਲਤ ਕਰਨ ਲਈ ਨੈਸ਼ਨਲ ਗੱਤਕਾ ਐਸੋਸੀਏਸ਼ਨ ਦਾ ਸਾਥ ਦੇਣ। ਇਸ ਮੌਕੇ ਨੈਸ਼ਨਲ ਗੱਤਕਾ ਐਸੋਸੀਏਸ਼ਨ ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਨੇ ਐਲਾਨ ਕੀਤਾ ਕਿ 11ਵੀਂ ਨੈਸ਼ਨਲ ਚੈਂਪੀਅਨਸ਼ਿੱਪ ਅਤੇ ਦੂਜੇ ਫੈਡਰੇਸ਼ਨ ਗੱਤਕਾ ਕੱਪ ਵਿੱਚ ਘੱਟੋ-ਘੱਟ 20 ਰਾਜਾਂ ਤੋਂ ਲੜਕੇ ਤੇ ਲੜਕੀਆਂ ਦੀਆਂ ਟੀਮਾਂ ਸ਼ਾਮਲ ਹੋਣਗੀਆਂ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਵੱਡੇ ਟੂਰਨਾਮੈਂਟਾਂ ਲਈ ਖਿਡਾਰੀਆਂ ਦੀਆਂ ਤਿਆਰੀਆਂ ਜਾਰੀ ਰੱਖਣ ਵਾਸਤੇ ਸਤੰਬਰ ਮਹੀਨੇ ਹਰਿਆਣਵੀ ਗੱਤਕਾ ਐਸੋਸੀਏਸ਼ਨ ਦੇ ਸਹਿਯੋਗ ਨਾਲ ਕੁਰੂਕਸ਼ੇਤਰ ਵਿਖੇ ਪਹਿਲੀ ਚੈਂਪੀਅਨਜ਼ ਗੱਤਕਾ ਟਰਾਫ਼ੀ ਦੇ ਰਾਸ਼ਟਰੀ ਪੱਧਰ ਦੇ ਮੁਕਾਬਲੇ ਕਰਵਾਏ ਜਾਣਗੇ। ਇਹ ਜਾਣਕਾਰੀ ਦਿੰਦੇ ਹੋਏ ਚੰਡੀਗੜ੍ਹ ਗੱਤਕਾ ਐਸੋਸੀਏਸ਼ਨ ਦੇ ਜਨਰਲ ਸਕੱਤਰ ਰਾਜਦੀਪ ਸਿੰਘ ਬਾਲੀ ਅਤੇ ਵਿੱਤ ਸਕੱਤਰ ਸਿਮਰਨਜੀਤ ਸਿੰਘ ਨੇ ਦੱਸਿਆ ਕਿ ਇਸ ਦੋ ਰੋਜਾ ਨੈਸ਼ਨਲ ਟੂਰਨਾਮੈਂਟ ਵਿਚ 13 ਰਾਜਾਂ ਤੋਂ ਲੜਕੇ ਅਤੇ ਲੜਕੀਆਂ ਦੀਆਂ ਗੱਤਕਾ ਟੀਮਾਂ ਭਾਗ ਲੈ ਰਹੀਆਂ ਹਨ। ਫੈਡਰੇਸ਼ਨ ਕੱਪ ਦੇ ਉਦਘਾਟਨ ਤੋਂ ਪਹਿਲਾਂ ਸਫਲਤਾ ਲਈ ਅਰਦਾਸ ਕਰਨ ਉਪਰੰਤ ਖਿਡਾਰੀਆਂ ਅਤੇ ਤਕਨੀਕੀ ਆਫੀਸ਼ੀਅਲਾਂ ਵੱਲੋਂ ਟੂਰਨਾਮੈਂਟ ਨੂੰ ਆਦਰਸ਼ਕ ਖੇਡ ਭਾਵਨਾ ਅਤੇ ਪਾਰਦਰਸ਼ੀ ਢੰਗ ਨਾਲ ਖੇਡਣ ਅਤੇ ਖਿਡਾਉਣ ਲਈ ਸਹੁੰ ਵੀ ਚੁੱਕੀ ਗਈ। ਇਸ ਟੂਰਨਾਮੈਂਟ ਦੌਰਾਨ ਉਚੇਚੇ ਤੌਰ ਤੇ ਪੁੱਜੇ ਡਾ. ਸ਼ੁਭਕਰਨ ਸਿੰਘ ਮੁਖੀ ਸਿੱਖ ਵਿਰਾਸਤੀ ਖੇਡ ਵਿਭਾਗ, ਦਸਮੇਸ਼ ਗੁਰਮਤਿ ਵਿਦਿਆਲਾ, ਭਾਈ ਗੁਰਸ਼ਰਨ ਸਿੰਘ ਆਸਟ੍ਰੇਲੀਆ ਗੱਤਕਾ ਕੋਚ ਦੀ ਅਗਵਾਈ ਹੇਠ ਦਸਮੇਸ਼ ਗੁਰਮਤਿ ਵਿਦਿਆਲਾ, ਟਾਰਨੇਟ, ਮੈਲਬੌਰਨ ਦੀਆਂ ਹੋਣਹਾਰ ਗੱਤਕਾ ਖਿਡਾਰਨਾਂ ਸਿਮਰਪ੍ਰੀਤ ਕੌਰ ਅਤੇ ਹਰਨੀਤ ਕੌਰ ਨੇ ਗੱਤਕਾ ਸੋਟੀ ਅਤੇ ਸੋਟੀ-ਫੱਰੀ ਖੇਡ ਵਿਚ ਭਾਗ ਲਿਆ ਅਤੇ ਵਿਰਾਸਤੀ ਸ਼ਸ਼ਤਰ ਕਲਾ ਦੇ ਜੌਹਰ ਵੀ ਦਿਖਾਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਐਨ.ਜੀ.ਏ.ਆਈ. ਦੇ ਮੀਤ ਪ੍ਰਧਾਨ ਸੁਖਚੈਨ ਸਿੰਘ ਕਲਸਾਣੀ, ਜਨਰਲ ਸਕੱਤਰ ਹਰਜਿੰਦਰ ਕੁਮਾਰ, ਸੰਯੁਕਤ ਸਕੱਤਰ ਜਤਿਨ ਕੁਮਾਰ, ਜੋਨਲ ਕੋਆਰਡੀਨੇਟਰ ਜਸਵੰਤ ਸਿੰਘ ਖਾਲਸਾ ਛੱਤੀਸਗੜ੍ਹ, ਹਰਪ੍ਰੀਤ ਸਿੰਘ ਉਤਰਾਖੰਡ, ਗੁਰਮੀਤ ਸਿੰਘ ਰਾਣਾ ਦਿੱਲੀ, ਪਾਂਡੂਰੰਗ ਅੰਮਬੁਰੇ ਮਹਾਰਾਸ਼ਟਰਾ, ਰਵਿੰਦਰ ਸਿੰਘ ਓਪੀ ਜੰਮੂ, ਪਰਮਜੀਤ ਸਿੰਘ ਜੱਬਲਪੁਰ, ਇੰਟਰਨੈਸ਼ਨਲ ਸਿੱਖ ਸ਼ਸ਼ਤਰ ਵਿੱਦਿਆ ਕੌਂਸਲ ਦੇ ਸਕੱਤਰ ਬਲਜੀਤ ਸਿੰਘ, ਜਸਪਾਲ ਸਿੰਘ ਮਲਿਕ, ਇੰਦਰਜੋਧ ਸਿੰਘ ਜ਼ੀਰਕਪੁਰ, ਜ਼ਿਲਾ ਗੱਤਕਾ ਐਸੋਸੀਏਸ਼ਨ ਰੂਪਨਗਰ ਦੀ ਪ੍ਰਧਾਨ ਬੀਬੀ ਮਨਜੀਤ ਕੌਰ, ਹਰਪ੍ਰੀਤ ਸਿੰਘ ਲੌਦੀਮਾਜਰਾ, ਵਰੁਣ ਭਾਰਦਵਾਜ ਆਦਿ ਹਾਜ਼ਰ ਸਨ। ਪਹਿਲੇ ਦਿਨ ਦੇ ਨਤੀਜੇ ਇਸ ਤਰਾਂ ਰਹੇ - ਮਹਿਲਾ ਵਰਗ ਵਿੱਚ ਫੱਰੀ-ਸੋਟੀ ਟੀਮ ਮੁਕਾਬਲਿਆਂ ਵਿੱਚ ਪਹਿਲੇ ਦਿਨ ਹਰਿਆਣਾ ਨੇ ਪਹਿਲੇ ਸੈਮੀਫਾਈਨਲ ਵਿੱਚ ਜੰਮੂ ਨੂੰ ਹਰਾਇਆ ਜਦੋਂਕਿ ਦੂਜੇ ਸੈਮੀਫਾਈਨਲ ਮੁਕਾਬਲੇ ਵਿੱਚ ਦਿੱਲੀ ਨੂੰ ਪੰਜਾਬ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਇਸੇ ਤਰਾਂ ਔਰਤਾਂ ਦੇ ਗੱਤਕਾ ਸੋਟੀ ਵਿਅਕਤੀਗਤ ਮੁਕਾਬਲਿਆਂ ਵਿੱਚ ਹਰਿਆਣਾ ਨੇ ਪੰਜਾਬ ਨੂੰ ਪਹਿਲੇ ਸੈਮੀਫਾਈਨਲ ਵਿੱਚ ਹਰਾਇਆ ਜਦੋਂ ਕਿ ਦੂਜੇ ਸੈਮੀਫਾਈਨਲ ਚ ਮੱਧ ਪ੍ਰਦੇਸ਼ ਨੂੰ ਝਾਰਖੰਡ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ। ਪੁਰਸ਼ ਵਰਗ ਦੇ ਗੱਤਕਾ ਸੋਟੀ ਟੀਮ ਮੁਕਾਬਲਿਆਂ ਵਿੱਚ ਪੰਜਾਬ ਦੀ ਟੀਮ ਨੇ ਪਹਿਲੇ ਸੈਮੀਫਾਈਨਲ ਵਿੱਚ ਛੱਤੀਸਗੜ੍ਹ ਨੂੰ ਹਰਾਇਆ ਹੈ ਜਦਕਿ ਦੂਜੇ ਸੈਮੀਫਾਈਨਲ ਮੁਕਾਬਲੇ ਚ ਚੰਡੀਗੜ੍ਹ ਨੇ ਉਤਰਾਖੰਡ ਨੂੰ ਹਰਾਇਆ।
The 1st Federation Gatka Cup Kicks Off With Traditional Fanfare
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)