ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿੱਚ 27 ਅਕਤੂਬਰ ਤੋਂ ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫੀ ਸ਼ੁਰੂ ਹੋਵੇਗੀ। ਟੂਰਨਾਮੈਂਟ ਲਈ ਭਾਰਤ ਸਮੇਤ ਛੇ ਟੀਮਾਂ ਜਲੰਧਰ ਪਹੁੰਚ ਚੁੱਕੀਆਂ ਹਨ ਅਤੇ ਖਿਡਾਰੀਆਂ ਨੇ ਮੈਚਾਂ ਤੋਂ ਪਹਿਲਾਂ ਅਭਿਆਸ ਸ਼ੁਰੂ ਕਰ ਦਿੱਤਾ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਟੂਰਨਾਮੈਂਟ ਦਾ ਉਦਘਾਟਨ ਕਰਨਗੇ। ਇਸ ਮੌਕੇ ਪੰਜਾਬੀ ਗਾਇਕ ਨਿੰਜਾ ਪੇਸ਼ਕਾਰੀ ਦੇਣਗੇ ਅਤੇ ਡਰੋਨ ਸ਼ੋਅ ਰਾਹੀਂ ਹਾਕੀ ਦੇ ਇਤਿਹਾਸ ਨੂੰ ਦਰਸਾਇਆ ਜਾਵੇਗਾ।
ਹਾਕੀ ਇੰਡੀਆ ਦੇ ਮੀਤ ਪ੍ਰਧਾਨ ਅਤੇ ਹਾਕੀ ਪੰਜਾਬ ਦੇ ਪ੍ਰਧਾਨ ਨਿਤਿਨ ਕੋਹਲੀ ਮੁਤਾਬਕ, ਟੂਰਨਾਮੈਂਟ ਦੇ ਤਿੰਨ ਮੈਚ ਜਲੰਧਰ ਦੇ ਸਟੇਡੀਅਮ ਵਿੱਚ ਖੇਡੇ ਜਾਣਗੇ। ਇਨ੍ਹਾਂ ਵਿੱਚ ਸ਼ਾਮ 7:20 ਵਜੇ ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਮੁਕਾਬਲਾ ਵੀ ਸ਼ਾਮਲ ਹੈ। ਜੇਤੂ ਟੀਮ ਨੂੰ ਦਿੱਤੀ ਜਾਣ ਵਾਲੀ ਟਰਾਫੀ ਐਤਵਾਰ ਸਵੇਰੇ 11 ਵਜੇ ਸਟੇਡੀਅਮ ਪਹੁੰਚੇਗੀ।
ਟੂਰਨਾਮੈਂਟ ਦੇ ਮੱਦੇਨਜ਼ਰ ਸਟੇਡੀਅਮ ਵਿੱਚ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਸਫ਼ਾਈ, ਨਵੇਂ ਗੇਟ ਲਗਾਉਣ ਅਤੇ ਹੋਰ ਬੁਨਿਆਦੀ ਪ੍ਰਬੰਧਾਂ ਦਾ ਕੰਮ ਪੂਰਾ ਹੋ ਚੁੱਕਾ ਹੈ। ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਨੇ ਦੱਸਿਆ ਕਿ ਸਟੇਡੀਅਮ ਦਾ ਕੰਮ ਦੋ ਸਾਲਾਂ ਵਿੱਚ ਪੂਰਾ ਕਰਨ ਦੀ ਯੋਜਨਾ ਸੀ, ਪਰ ਇਸ ਨੂੰ ਚਾਰ ਮਹੀਨਿਆਂ ਵਿੱਚ ਤਿਆਰ ਕਰ ਲਿਆ ਗਿਆ।
ਪੁਲਿਸ ਕਮਿਸ਼ਨਰ ਸਤਿੰਦਰ ਸਿੰਘ ਅਨੁਸਾਰ, ਦਰਸ਼ਕਾਂ ਦੀ ਸਹੂਲਤ ਲਈ ਆਵਾਜਾਈ ਅਤੇ ਪਾਰਕਿੰਗ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਖਿਡਾਰੀਆਂ ਦੀ ਸੁਰੱਖਿਆ ਲਈ ਪੁਲਿਸ ਮੁਲਾਜ਼ਮ ਤਾਇਨਾਤ ਰਹਿਣਗੇ ਅਤੇ ਉਨ੍ਹਾਂ ਦੀ ਆਵਾਜਾਈ ਦੌਰਾਨ ਬੱਸਾਂ ਦੇ ਨਾਲ ਪੁਲਿਸ ਦੀਆਂ ਗੱਡੀਆਂ ਵੀ ਹੋਣਗੀਆਂ।





