ਬ੍ਰਿਟੇਨ ਵਿੱਚ ਸਿਮ-ਸਵੈਪਿੰਗ ਰਾਹੀਂ ਚਾਰ ਵਿਅਕਤੀਆਂ ਦੇ ਕ੍ਰਿਪਟੋਕਰੰਸੀ ਖਾਤਿਆਂ ਵਿੱਚੋਂ ਲਗਭਗ 2.56 ਕਰੋੜ ਰੁਪਏ ਦੀ ਰਕਮ ਚੋਰੀ ਕਰਨ ਦੇ ਮਾਮਲੇ ਵਿੱਚ 25 ਸਾਲਾ ਅਜੈ ਸ਼ਿੰਜਿਨ ਉਰਫ਼ ਏਜੇ ਮਾਰਲੇ ਕਰੂਜ਼ ਨੂੰ ਢਾਈ ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਸਿਟੀ ਆਫ਼ ਲੰਡਨ ਪੁਲਿਸ ਮੁਤਾਬਕ, ਮੁਲਜ਼ਮ ਨੇ ਚੋਰੀ ਦੀ ਰਕਮ ਨਾਲ ਦੁਬਈ ਵਿੱਚ ਛੁੱਟੀਆਂ ਮਨਾਈਆਂ, ਕੈਨਰੀ ਵਾਰਫ਼ ਵਿੱਚ ਮਹਿੰਗਾ ਅਪਾਰਟਮੈਂਟ ਕਿਰਾਏ ’ਤੇ ਲਿਆ ਅਤੇ ਸੋਨੇ ਦੀ ਪਰਤ ਵਾਲੇ ਦੰਦਾਂ ਦੇ ਗ੍ਰਿਲਜ਼ ਬਣਵਾਏ।
ਇਹ ਮਾਮਲਾ ਨਵੰਬਰ 2021 ਦਾ ਹੈ, ਜਦੋਂ ਟੈਲੀਕਾਮ ਕੰਪਨੀ ਬੀਟੀ ਦੇ ਸਿਸਟਮ ਵਿੱਚ ਅਣਅਧਿਕਾਰਤ ਗਤੀਵਿਧੀਆਂ ਸਾਹਮਣੇ ਆਈਆਂ। ਜਾਂਚ ਵਿੱਚ ਪਤਾ ਲੱਗਾ ਕਿ ਧੋਖੇ ਨਾਲ ਗਾਹਕਾਂ ਦੇ ਮੋਬਾਈਲ ਨੰਬਰ ਅਜਿਹੇ ਸਿਮ ਕਾਰਡਾਂ ’ਤੇ ਟਰਾਂਸਫਰ ਕੀਤੇ ਗਏ ਸਨ, ਜਿਨ੍ਹਾਂ ’ਤੇ ਅਪਰਾਧੀਆਂ ਦਾ ਕਬਜ਼ਾ ਸੀ। ਇਸ ਤਰ੍ਹਾਂ ਪੀੜਤਾਂ ਦੇ ਨੰਬਰਾਂ ’ਤੇ ਆਉਣ ਵਾਲੇ ਓਟੀਪੀ ਹਾਸਲ ਕਰਕੇ ਉਨ੍ਹਾਂ ਦੇ ਕ੍ਰਿਪਟੋ ਖਾਤਿਆਂ ਤੱਕ ਪਹੁੰਚ ਬਣਾਈ ਗਈ।
2 ਤੋਂ 7 ਨਵੰਬਰ 2021 ਦਰਮਿਆਨ ਚਾਰ ਪੀੜਤਾਂ ਦੇ ਖਾਤਿਆਂ ਵਿੱਚੋਂ ਵੱਡੀ ਰਕਮ ਚੋਰੀ ਕੀਤੀ ਗਈ। ਪੁਲਿਸ ਜਾਂਚ ਵਿੱਚ ਸ਼ਿੰਜਿਨ ਦਾ ਸਬੰਧ ਸਿਮ-ਸਵੈਪਿੰਗ ਲਈ ਵਰਤੇ ਗਏ ਡਿਵਾਈਸਾਂ ਨਾਲ ਸਾਹਮਣੇ ਆਇਆ। ਉਸ ਨੇ 28 ਸਤੰਬਰ ਨੂੰ ਧੋਖਾਧੜੀ ਦੀ ਸਾਜ਼ਿਸ਼ ਅਤੇ ਗੈਰ-ਕਾਨੂੰਨੀ ਢੰਗ ਨਾਲ ਜਾਇਦਾਦ ਟਰਾਂਸਫਰ ਕਰਨ ਦੇ ਦੋਸ਼ ਕਬੂਲ ਕੀਤੇ, ਜਿਸ ਤੋਂ ਬਾਅਦ 8 ਅਕਤੂਬਰ ਨੂੰ ਇਨਰ ਲੰਡਨ ਕ੍ਰਾਊਨ ਕੋਰਟ ਨੇ ਸਜ਼ਾ ਸੁਣਾਈ।
ਪੁਲਿਸ ਅਨੁਸਾਰ, ਮੁਲਜ਼ਮ ਨੂੰ ਪਹਿਲਾਂ 2021 ਵਿੱਚ ਉਸ ਦੇ ਫਲੈਟ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਅਕਤੂਬਰ 2023 ਵਿੱਚ ਦੁਬਈ ਤੋਂ ਵਾਪਸੀ ਦੌਰਾਨ ਹੀਥਰੋ ਹਵਾਈ ਅੱਡੇ ’ਤੇ ਮੁੜ ਹਿਰਾਸਤ ਵਿੱਚ ਲਿਆ ਗਿਆ। ਜਾਂਚ ਅਧਿਕਾਰੀ ਨੇ ਕਿਹਾ ਕਿ ਇਸ ਮਾਮਲੇ ਵਿੱਚ ਤਕਨੀਕ ਦੀ ਦੁਰਵਰਤੋਂ ਕਰਕੇ ਪੀੜਤਾਂ ਨੂੰ ਭਾਰੀ ਵਿੱਤੀ ਨੁਕਸਾਨ ਪਹੁੰਚਾਇਆ ਗਿਆ ਅਤੇ ਅਜਿਹੇ ਸਾਈਬਰ ਅਪਰਾਧਾਂ ਵਿਰੁੱਧ ਕਾਨੂੰਨੀ ਕਾਰਵਾਈ ਜਾਰੀ ਰਹੇਗੀ।





