ਕੇਰਲ ਦੇ ਅਲਾਪੁਝਾ ਜ਼ਿਲ੍ਹੇ ਵਿੱਚ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਸੜਕ ਹਾਦਸੇ ਵਿੱਚ ਜ਼ਖ਼ਮੀ ਹੋਏ ਇੱਕ ਭਿਖਾਰੀ ਦੀ ਮੌਤ ਤੋਂ ਬਾਅਦ, ਜਦੋਂ ਉਸਦੇ ਸਾਮਾਨ ਦੀ ਜਾਂਚ ਕੀਤੀ ਗਈ ਤਾਂ ਅਧਿਕਾਰੀ ਵੀ ਦੰਗ ਰਹਿ ਗਏ।

ਮਿਲੀ ਜਾਣਕਾਰੀ ਅਨੁਸਾਰ, ਚਾਰੂਮੂਟ ਅਤੇ ਆਸ-ਪਾਸ ਦੇ ਇਲਾਕੇ ਵਿੱਚ ਭੀਖ ਮੰਗਣ ਵਾਲਾ ਵਿਅਕਤੀ ਸੋਮਵਾਰ ਰਾਤ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ। ਸਥਾਨਕ ਲੋਕਾਂ ਵੱਲੋਂ ਉਸਨੂੰ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਸਨੇ ਆਪਣਾ ਨਾਮ ਅਨਿਲ ਕਿਸ਼ੋਰ ਦੱਸਿਆ। ਇਲਾਜ ਤੋਂ ਬਾਅਦ ਉਹ ਬਿਨਾਂ ਕਿਸੇ ਨੂੰ ਦੱਸੇ ਹਸਪਤਾਲ ਤੋਂ ਚਲਾ ਗਿਆ।

ਮੰਗਲਵਾਰ ਸਵੇਰੇ ਅਨਿਲ ਕਿਸ਼ੋਰ ਇੱਕ ਦੁਕਾਨ ਦੇ ਬਾਹਰ ਮ੍ਰਿਤਕ ਮਿਲਿਆ, ਜਿਸ ਤੋਂ ਬਾਅਦ ਪੁਲਿਸ ਨੇ ਉਸਦੀ ਦੇਹ ਪੋਸਟਮਾਰਟਮ ਲਈ ਭੇਜੀ। ਮੌਕੇ ਤੋਂ ਇੱਕ ਕੰਟੇਨਰ ਵੀ ਬਰਾਮਦ ਹੋਇਆ, ਜਿਸਨੂੰ ਪੰਚਾਇਤ ਮੈਂਬਰ ਦੀ ਮੌਜੂਦਗੀ ਵਿੱਚ ਖੋਲ੍ਹਿਆ ਗਿਆ। ਇਸ ਵਿੱਚੋਂ 45 ਲੱਖ ਰੁਪਏ ਤੋਂ ਵੱਧ ਦੀ ਨਕਦੀ, ਬੰਦ ਹੋ ਚੁੱਕੇ 2000 ਰੁਪਏ ਦੇ ਨੋਟ ਅਤੇ ਕੁਝ ਵਿਦੇਸ਼ੀ ਕਰੰਸੀ ਬਰਾਮਦ ਹੋਈ।

ਪੁਲਿਸ ਅਨੁਸਾਰ, ਨਕਦੀ ਪਲਾਸਟਿਕ ਦੇ ਡੱਬਿਆਂ ਵਿੱਚ ਸੰਭਾਲ ਕੇ ਰੱਖੀ ਗਈ ਸੀ। ਸਥਾਨਕ ਲੋਕਾਂ ਨੇ ਦੱਸਿਆ ਕਿ ਕਿਸ਼ੋਰ ਰੋਜ਼ਾਨਾ ਭੀਖ ਮੰਗ ਕੇ ਆਪਣਾ ਗੁਜ਼ਾਰਾ ਕਰਦਾ ਸੀ ਅਤੇ ਕਿਸੇ ਨੂੰ ਵੀ ਉਸਦੇ ਕੋਲ ਇੰਨੀ ਵੱਡੀ ਰਕਮ ਹੋਣ ਦਾ ਅੰਦਾਜ਼ਾ ਨਹੀਂ ਸੀ।

ਪੁਲਿਸ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਮ੍ਰਿਤਕ ਦੇ ਪਰਿਵਾਰ ਵੱਲੋਂ ਕੋਈ ਦਾਅਵੇਦਾਰ ਸਾਹਮਣੇ ਨਹੀਂ ਆਉਂਦਾ, ਤਾਂ ਇਹ ਸਾਰੀ ਨਕਦੀ ਕਾਨੂੰਨੀ ਪ੍ਰਕਿਰਿਆ ਅਨੁਸਾਰ ਅਦਾਲਤ ਨੂੰ ਸੌਂਪ ਦਿੱਤੀ ਜਾਵੇਗੀ।