ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਯੂ.ਪੀ.ਆਈ. (UPI) ਟ੍ਰਾਂਜੈਕਸ਼ਨਾਂ ਲਈ ਕੇਂਦਰ ਸਰਕਾਰ ਵੱਲੋਂ ਲਿਆਂਦੇ ਨਵੇਂ ਮਰਚੈਂਟ ਡਿਸਕਾਊਂਟ ਰੇਟ (MDR) ਫਰੇਮਵਰਕ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਤਿੱਖਾ ਹਮਲਾ ਕੀਤਾ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਕੇਂਦਰ ਸਰਕਾਰ ਨੇ ਅਮਰੀਕਾ ਦੇ ਦਬਾਅ ਹੇਠ ਝੁਕ ਕੇ ਇਹ ਫੈਸਲਾ ਲਿਆ ਹੈ। ਪ੍ਰਧਾਨ ਮੰਤਰੀ ਮੋਦੀ ਨੂੰ ਹਿੰਮਤ ਦਿਖਾਉਣ ਦੀ ਅਪੀਲ ਕਰਦਿਆਂ ਰਾਹੁਲ ਗਾਂਧੀ ਨੇ UPI 'ਤੇ ਲਗਾਏ ਨਵੇਂ ਚਾਰਜ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਹੈ।
ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਜਾਰੀ ਇੱਕ ਵੀਡੀਓ ਸੰਦੇਸ਼ ਵਿੱਚ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਮੋਦੀ ਦੀ ਤੁਲਨਾ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨਾਲ ਕੀਤੀ। ਉਨ੍ਹਾਂ ਇੰਦਰਾ ਗਾਂਧੀ ਦੇ ਇੱਕ ਪੁਰਾਣੇ ਬਿਆਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਸੀ ਕਿ ਉਹ ਖੱਬੇ ਪੱਖ ਵੱਲ ਹਨ ਜਾਂ ਸੱਜੇ, ਤਾਂ ਉਨ੍ਹਾਂ ਦਾ ਜਵਾਬ ਸੀ ਕਿ ਉਹ ਕਿਸੇ ਪਾਸੇ ਨਹੀਂ ਝੁਕਦੇ ਸਗੋਂ ਸਿੱਧੇ ਖੜ੍ਹੇ ਰਹਿੰਦੇ ਹਨ। ਇਸ ਦੇ ਉਲਟ, ਰਾਹੁਲ ਗਾਂਧੀ ਨੇ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਮੋਦੀ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਾਹਮਣੇ ਪੂਰੀ ਤਰ੍ਹਾਂ ਸਮਝੌਤਾ ਕਰ ਲਿਆ ਹੈ ਅਤੇ UPI 'ਤੇ ਟੈਕਸ ਲਗਾ ਕੇ ਦੇਸ਼ ਦੇ ਹਰ ਨਾਗਰਿਕ 'ਤੇ ਵਾਧੂ ਬੋਝ ਪਾਉਂਦਿਆਂ ਅਮਰੀਕਾ ਨੂੰ ਵੱਡਾ ਵਿੱਤੀ ਲਾਭ ਪਹੁੰਚਾਇਆ ਹੈ।
ਦੂਜੇ ਪਾਸੇ, ਕਾਂਗਰਸ ਪਾਰਟੀ ਨੇ ਵੀ ਇਸ ਨਵੇਂ ਫਰੇਮਵਰਕ ਦੀ ਕਰੜੀ ਆਲੋਚਨਾ ਕੀਤੀ ਹੈ। ਕਾਂਗਰਸ ਨੇ ਨਵੇਂ MDR ਨੂੰ ‘ਮੋਦੀ ਟੈਕਸ’ ਦਾ ਨਾਂ ਦਿੰਦਿਆਂ ਦੋਸ਼ ਲਗਾਇਆ ਕਿ ਇਹ ਨੀਤੀ ਅਮਰੀਕੀ ਦਬਾਅ ਦਾ ਨਤੀਜਾ ਹੈ। ਪਾਰਟੀ ਦੇ ਜਨਰਲ ਸਕੱਤਰ ਅਤੇ ਸੰਚਾਰ ਵਿਭਾਗ ਦੇ ਇੰਚਾਰਜ ਜੈਰਾਮ ਰਮੇਸ਼ ਨੇ ਇਸ ਨੀਤੀ ਨੂੰ ਸਰਕਾਰ ਦੇ ‘FAST (ਪਹਿਲਾਂ ਐਲਾਨ, ਬਾਅਦ 'ਚ ਵਿਚਾਰ)’ ਰਵੱਈਏ ਦੀ ਇੱਕ ਹੋਰ ਉਦਾਹਰਨ ਕਰਾਰ ਦਿੱਤਾ ਹੈ।





