ਚੰਡੀਗੜ੍ਹ ਦੇ ਪੀਜੀਆਈ ਦੇ ਪ੍ਰਾਈਵੇਟ ਗ੍ਰਾਂਟ ਸੈੱਲ ਵਿੱਚ 1.14 ਕਰੋੜ ਰੁਪਏ ਦਾ ਵੱਡਾ ਘੁਟਾਲਾ ਸਾਹਮਣੇ ਆਇਆ ਹੈ। ਜਾਂਚ ਦੌਰਾਨ ਪਤਾ ਲੱਗਾ ਕਿ ਦੁਰਲਭ ਕੁਮਾਰ ਅਤੇ ਉਸ ਦੇ ਸਾਥੀਆਂ ਨੇ ਅੰਮ੍ਰਿਤ ਫਾਰਮੇਸੀ ਤੋਂ ਫਰਜ਼ੀ ਮਰੀਜ਼ਾਂ ਦੇ ਰਿਕਾਰਡ ਰਾਹੀਂ ਮੁਫ਼ਤ ਦਵਾਈਆਂ ਹਾਸਲ ਕਰ ਕੇ ਬਾਜ਼ਾਰ ਵਿੱਚ 10-15% ਛੋਟ ‘ਤੇ ਵੇਚ ਦਿੱਤੀਆਂ। ਇਸ ਘੁਟਾਲੇ ਵਿੱਚ ਡਾਕਟਰਾਂ ਦੀਆਂ ਫਰਜ਼ੀ ਮੋਹਰਾਂ ਅਤੇ ਇੰਡੈਂਟ ਫਾਰਮਾਂ ਦੀ ਵਰਤੋਂ ਕੀਤੀ ਗਈ।
ਮੁਲਜ਼ਮਾਂ ਨੇ ਆਯੁਸ਼ਮਾਨ ਭਾਰਤ ਅਤੇ ਹਿਮਕੇਅਰ ਯੋਜਨਾਵਾਂ ਦਾ ਵੀ ਫਰਜ਼ੀਵਾਰਾ ਕੀਤਾ ਅਤੇ ਗਰੀਬ ਮਰੀਜ਼ਾਂ ਲਈ ਮਿਲਣ ਵਾਲੀ ਰਕਮ ਆਪਣੇ ਖਾਤਿਆਂ ਵਿੱਚ ਟ੍ਰਾਂਸਫਰ ਕਰਵਾਈ। ਮੌਤ ਹੋ ਚੁੱਕੇ ਮਰੀਜ਼ਾਂ ਦੇ ਨਾਮ 'ਤੇ ਵੀ ਫੰਡ ਹਾਸਲ ਕੀਤਾ ਗਿਆ।
ਸੀਬੀਆਈ ਨੇ ਮੁਲਜ਼ਮ ਚੇਤਨ ਗੁਪਤਾ, ਸੁਨੀਲ ਕੁਮਾਰ, ਪ੍ਰਦੀਪ ਸਿੰਘ, ਗਗਨਪ੍ਰੀਤ ਸਿੰਘ, ਧਰਮਚੰਦ ਅਤੇ ਨੇਹਾ ਖ਼ਿਲਾਫ਼ ਜਾਂਚ ਸ਼ੁਰੂ ਕਰ ਦਿੱਤੀ ਹੈ। ਪੀਜੀਆਈ ਪ੍ਰਸ਼ਾਸਨ ਅਤੇ ਸੀਬੀਆਈ ਵੱਲੋਂ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ।





