ਦਾਖਾ ਹਲਕੇ ਤੋਂ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਵੱਲੋਂ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਨਾਲੋਂ ਨਾਤਾ ਤੋੜਨਾ ਪੰਜਾਬ ਦੀ ਪੰਥਕ ਸਿਆਸਤ ਵਿੱਚ ਵੱਡੇ ਬਦਲਾਅ ਦੇ ਸੰਕੇਤ ਵਜੋਂ ਵੇਖਿਆ ਜਾ ਰਿਹਾ ਹੈ। ਇਯਾਲੀ ਨੇ ਪਾਰਟੀ ਦੇ ਸਾਰੇ ਅਹੁੱਦਿਆਂ ਤੋਂ ਅਸਤੀਫ਼ਾ ਦੇ ਕੇ ਇਹ ਸਪਸ਼ਟ ਕਰ ਦਿੱਤਾ ਹੈ ਕਿ ਉਹ ਰਵਾਇਤੀ ਸਿਆਸੀ ਪਾਰਟੀਆਂ ਦੀ ਬਜਾਇ ਪੰਥਕ ਧੁਰੇ ’ਤੇ ਆਪਣਾ ਅਗਲਾ ਸਿਆਸੀ ਰਾਹ ਤੈਅ ਕਰਨਗੇ। ਇਸ ਅਚਾਨਕ ਲਏ ਗਏ ਫ਼ੈਸਲੇ ਨੇ ਨਾ ਸਿਰਫ਼ ਅਕਾਲੀ ਦਲ (ਪੁਨਰ ਸੁਰਜੀਤ) ਦੇ ਅੰਦਰੂਨੀ ਹਾਲਾਤਾਂ ’ਤੇ ਸਵਾਲ ਖੜ੍ਹੇ ਕੀਤੇ ਹਨ, ਸਗੋਂ ਪੰਥਕ ਧੜਿਆਂ ਦੀ ਭਵਿੱਖੀ ਸਿਆਸੀ ਦਿਸ਼ਾ ਬਾਰੇ ਵੀ ਚਰਚਾ ਤੇਜ਼ ਕਰ ਦਿੱਤੀ ਹੈ। ਇਯਾਲੀ ਨੇ ਆਪਣੇ ਬਿਆਨ ਵਿੱਚ ਇਹ ਵੀ ਸਪਸ਼ਟ ਕੀਤਾ ਕਿ ਉਹ ਕਾਂਗਰਸ, ਆਮ ਆਦਮੀ ਪਾਰਟੀ ਜਾਂ ਭਾਜਪਾ ਵਿੱਚ ਸ਼ਾਮਲ ਨਹੀਂ ਹੋਣਗੇ। ਉਨ੍ਹਾਂ ਦੇ ਇਸ ਬਿਆਨ ਨੂੰ ਪੰਥਕ ਵੋਟ ਬੈਂਕ ਨੂੰ ਧਿਆਨ ਵਿੱਚ ਰੱਖ ਕੇ ਲਿਆ ਗਿਆ ਫ਼ੈਸਲਾ ਮੰਨਿਆ ਜਾ ਰਿਹਾ ਹੈ।
ਸਿਆਸੀ ਵਰਗਾਂ ਵਿੱਚ ਇਹ ਚਰਚਾ ਜੋਰਾਂ ’ਤੇ ਹੈ ਕਿ ਮਨਪ੍ਰੀਤ ਇਯਾਲੀ ਦਾ ਝੁਕਾਅ ਹੁਣ ਵਾਰਿਸ ਪੰਜਾਬ ਦੇ ਧੜੇ ਵੱਲ ਹੋ ਸਕਦਾ ਹੈ। ਖ਼ਾਸ ਗੱਲ ਇਹ ਹੈ ਕਿ ਇਯਾਲੀ ਵੱਲੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਅਤੇ ਵਾਰਿਸ ਪੰਜਾਬ ਦੇ ਜਥੇਬੰਦੀਕ ਢਾਂਚੇ ਦਾ ਜ਼ਿਕਰ ਕਰਨਾ ਕਈ ਸਿਆਸੀ ਸੰਕੇਤ ਦੇ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਉਹ ਇਸ ਧੜੇ ਨਾਲ ਮਿਲ ਕੇ ਪੰਥਕ ਸਿਆਸਤ ਨੂੰ ਨਵਾਂ ਰੂਪ ਦੇ ਸਕਦੇ ਹਨ। ਦੂਜੇ ਪਾਸੇ, ਕੁਝ ਸਮਾਂ ਪਹਿਲਾਂ ਹੀ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਵੱਲੋਂ ਅਕਾਲੀ ਦਲ (ਪੁਨਰ ਸੁਰਜੀਤ) ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਜਾਣਾ ਵੀ ਇਸ ਗੱਲ ਦਾ ਇਸ਼ਾਰਾ ਸੀ ਕਿ ਪਾਰਟੀ ਅੰਦਰ ਸਭ ਕੁਝ ਠੀਕ ਨਹੀਂ ਚੱਲ ਰਿਹਾ। ਹੁਣ ਮਨਪ੍ਰੀਤ ਇਯਾਲੀ ਦੇ ਅਸਤੀਫ਼ੇ ਨੇ ਇਸ ਅਸੰਤੋਸ਼ ਨੂੰ ਹੋਰ ਉਜਾਗਰ ਕਰ ਦਿੱਤਾ ਹੈ।
ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਮਨਪ੍ਰੀਤ ਇਯਾਲੀ ਵਾਰਿਸ ਪੰਜਾਬ ਦੇ ਧੜੇ ਨਾਲ ਖੁੱਲ੍ਹ ਕੇ ਸਿਆਸੀ ਸਾਂਝ ਬਣਾਉਂਦੇ ਹਨ ਤਾਂ ਇਸ ਦਾ ਪ੍ਰਭਾਵ ਮਾਝਾ, ਮਾਲਵਾ ਅਤੇ ਦੁਆਬਾ ਖੇਤਰਾਂ ਵਿੱਚ ਵੇਖਣ ਨੂੰ ਮਿਲ ਸਕਦਾ ਹੈ। ਖ਼ਾਸ ਕਰਕੇ ਕੱਟੜ ਪੰਥਕ ਵੋਟਰਾਂ ਦੇ ਨਾਲ-ਨਾਲ ਨਿਰਪੱਖ ਵੋਟਰਾਂ ਨੂੰ ਵੀ ਇੱਕ ਨਵੇਂ ਧੁਰੇ ਹੇਠ ਇਕੱਠਾ ਕਰਨ ਦੀ ਕੋਸ਼ਿਸ਼ ਹੋ ਸਕਦੀ ਹੈ। ਮੌਜੂਦਾ ਸਮੇਂ ਵਿੱਚ ਵਾਰਿਸ ਪੰਜਾਬ ਦਾ ਧੜਾ ਪੰਜਾਬ ਦੀ ਪੰਥਕ ਸਿਆਸਤ ਵਿੱਚ ਇੱਕ ਵੱਖਰੀ ਪਛਾਣ ਬਣਾਉਂਦਾ ਨਜ਼ਰ ਆ ਰਿਹਾ ਹੈ। ਕਈ ਖੇਤਰਾਂ ਵਿੱਚ ਇਹ ਧੜਾ ਸ਼੍ਰੋਮਣੀ ਅਕਾਲੀ ਦਲ ਲਈ ਸਿਆਸੀ ਚੁਣੌਤੀ ਵਜੋਂ ਉਭਰ ਰਿਹਾ ਹੈ। ਅਜਿਹੇ ਵਿੱਚ ਮਨਪ੍ਰੀਤ ਇਯਾਲੀ ਵਰਗੇ ਪ੍ਰਭਾਵਸ਼ਾਲੀ ਚਿਹਰੇ ਦਾ ਇਸ ਪਾਸੇ ਝੁਕਾਅ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਨਵੀਆਂ ਗਠਜੋੜਾਂ ਅਤੇ ਤਬਦੀਲੀਆਂ ਨੂੰ ਜਨਮ ਦੇ ਸਕਦਾ ਹੈ। ਫ਼ਿਲਹਾਲ ਪੰਜਾਬ ਦੀ ਪੰਥਕ ਸਿਆਸਤ ਇੱਕ ਨਵੇਂ ਮੋੜ ’ਤੇ ਖੜ੍ਹੀ ਦਿਸ ਰਹੀ ਹੈ। ਮਨਪ੍ਰੀਤ ਸਿੰਘ ਇਯਾਲੀ ਦੇ ਅਸਤੀਫ਼ੇ ਨੇ ਸਿਰਫ਼ ਇੱਕ ਪਾਰਟੀ ਨਹੀਂ, ਸਗੋਂ ਪੂਰੇ ਪੰਥਕ ਸਿਆਸੀ ਮੰਚ ਵਿੱਚ ਹਲਚਲ ਪੈਦਾ ਕਰ ਦਿੱਤੀ ਹੈ। ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਦੀ ਸਿਆਸਤ ਕਿਹੜਾ ਨਵਾਂ ਰੂਪ ਧਾਰਦੀ ਹੈ।





