ਪੰਜਾਬ ਦੇ ਜ਼ਿਲ੍ਹੇ ਧੁੰਦ ਦੀ ਮਾਰ ਝੱਲ ਰਹੇ ਹਨ। ਬਹੁਤ ਸਾਰੇ ਹਿੱਸੇ ਧੁੰਦ ਦੀ ਚਾਦਰ 'ਚ ਲਿਪਟੇ ਹਨ ਜਿਸ ਕਾਰਨ ਵਿਜ਼ੀਬਿਲਟੀ ਘੱਟ ਰਹੀ ਹੈ। ਸੰਘਣੀ ਧੁੰਦ ਹਾਦਸਿਆਂ ਦਾ ਕਾਰਨ ਬਣ ਰਹੀ ਹੈ। ਇਸ ਦੇ ਨਾਲ ਹੀ ਅੱਜ ਵੀ ਪੰਜਾਬ ਦੇ ਤਰਨਤਾਰਨ 'ਚ ਧੁੰਦ ਕਾਰਨ ਭਿਆਨਕ ਸੜਕ ਹਾਦਸਾ ਵਾਪਰਿਆ, ਜਿਸ 'ਚ 35 ਲੋਕ ਜ਼ਖਮੀ ਹੋ ਗਏ। ਬੁੱਧਵਾਰ ਸਵੇਰੇ 9:30 ਵਜੇ ਨਿਊ ਦੀਪ ਬੱਸ 'ਚ ਬਠਿੰਡਾ ਜਾ ਰਹੇ ਲੋਕ ਹਾਦਸੇ ਦਾ ਸ਼ਿਕਾਰ ਹੋ ਗਏ। ਦਰਅਸਲ, ਧੁੰਦ ਦੌਰਾਨ ਜੰਮੂ ਕਸ਼ਮੀਰ ਰਾਜਸਥਾਨ ਨੈਸ਼ਨਲ ਹਾਈਵੇਅ 'ਤੇ ਸਥਿਤ ਪਿੰਡ ਠੱਠੀਆਂ ਮਹਾਨਤਾ ਕੋਲ ਇੱਕ ਟਰੱਕ ਸੜਕ ਕਿਨਾਰੇ ਰੁਕ ਗਿਆ। ਇਸੇ ਦੌਰਾਨ ਨਿਊ ਦੀਪ ਬੱਸ ਟਰਾਂਸਪੋਰਟ ਕੰਪਨੀ ਦੀ ਇਕ ਬੱਸ ਅੰਮ੍ਰਿਤਸਰ ਤੋਂ ਬਠਿੰਡਾ ਜਾ ਰਹੀ ਸੀ।
ਬੱਸ 'ਚ ਕਰੀਬ 40 ਲੋਕ ਸਵਾਰ ਸਨ। ਧੁੰਦ ਕਾਰਨ ਬੱਸ ਚਾਲਕ ਸੜਕ ਕਿਨਾਰੇ ਖੜ੍ਹੇ ਟਰੱਕ ਨੂੰ ਨਹੀਂ ਦੇਖ ਸਕਿਆ, ਜਿਸ ਕਾਰਨ ਬੱਸ ਟਰੱਕ ਦੇ ਪਿਛਲੇ ਹਿੱਸੇ ਨਾਲ ਟਕਰਾ ਗਈ। ਇਸ ਹਾਦਸੇ 'ਚ 35 ਲੋਕ ਜ਼ਖਮੀ ਹੋਏ ਹਨ। ਇਨ੍ਹਾਂ ਵਿੱਚ ਪੰਜਾਬ ਪੁਲਿਸ ਦੀਆਂ ਮਹਿਲਾ ਕਾਂਸਟੇਬਲ ਤੇ ਸਿਹਤ ਵਿਭਾਗ ਨਾਲ ਸਬੰਧਤ ਕੁਝ ਮੁਲਾਜ਼ਮ ਸ਼ਾਮਲ ਹਨ। ਸਿਹਤ ਵਿਭਾਗ ਦੇ ਕਰਮਚਾਰੀ ਅੰਮ੍ਰਿਤਸਰ ਤੋਂ ਜੀਰਾ ਡਿਊਟੀ 'ਤੇ ਜਾ ਰਹੇ ਸਨ। ਹਾਦਸੇ ਦਾ ਪਤਾ ਲੱਗਦੇ ਹੀ ਨੈਸ਼ਨਲ ਹਾਈਵੇਅ ਦੀ ਐਂਬੂਲੈਂਸ ਮੌਕੇ 'ਤੇ ਪਹੁੰਚ ਗਈ। ਇਸ ਤੋਂ ਬਾਅਦ ਐਂਬੂਲੈਂਸ ਗੱਡੀਆਂ ਦਾ ਕਾਫਲਾ ਪਹੁੰਚਿਆ ਤੇ ਜ਼ਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਸਿਵਲ ਹਸਪਤਾਲ ਦੀ ਐਸਐਮਓ ਡਾ. ਨੀਰਜ ਲਤਾ ਨੇ ਦੱਸਿਆ ਕਿ ਚਾਰ ਜ਼ਖ਼ਮੀਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਅਤੇ ਉਨ੍ਹਾਂ ਨੂੰ ਅੰਮ੍ਰਿਤਸਰ ਰੈਫ਼ਰ ਕੀਤਾ ਜਾ ਰਿਹਾ ਹੈ।
ਹਾਦਸੇ ਦਾ ਪਤਾ ਲੱਗਦਿਆਂ ਹੀ ਸਿਵਲ ਸਰਜਨ ਡਾ. ਦਲਜੀਤ ਸਿੰਘ ਨੇ ਹਸਪਤਾਲ 'ਚ ਡਾਕਟਰ ਦੀ ਤਾਇਨਾਤੀ ਕੀਤੀ ਹੈ। ਉਨ੍ਹਾਂ ਐਮਰਜੈਂਸੀ ਵਾਰਡ 'ਚ ਡਿਊਟੀ ਲਈ ਡਾਕਟਰਾਂ ਨੂੰ ਬੁਲਾਇਆ ਜਿਸ ਤੋਂ ਬਾਅਦ ਸਾਰੇ ਜ਼ਖਮੀਆਂ ਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ। ਥਾਣਾ ਸਰਹਾਲੀ ਦੇ ਇੰਚਾਰਜ ਇੰਸਪੈਕਟਰ ਕਮਲਜੀਤ ਰਾਏ ਦਾ ਕਹਿਣਾ ਹੈ ਕਿ ਹਾਦਸੇ ਵਾਲੀ ਥਾਂ 'ਤੇ ਪਹੁੰਚ ਕੇ ਟਰੱਕ ਨੂੰ ਕਬਜ਼ੇ 'ਚ ਲੈ ਲਿਆ ਗਿਆ ਹੈ।





